ਸੜਕ ਉਪਰ ਧਰਨਾ ਮਾਰ ਕੇ ਰੋਕੀ ਆਵਾਜਾਈ ਵਾਲੇ ਸਥਾਨ ਤੇ ਬੈਠੇ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂ
ਜਗਦੀਸ਼ ਥਿੰਦ
ਜਲਾਲਾਬਾਦ 02 ਫ਼ਰਵਰੀ , ਜਲਾਲਾਬਾਦ ਵਿਖੇ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਕਾਂਗਰਸੀ ਅਤੇ ਅਕਾਲੀ ਦਲ ਬਾਦਲ ਦੇ ਵਰਕਰਾਂ ਅਤੇ ਆਗੂਆਂ ਦਰਮਿਆਨ ਹੋਈ ਤਿੱਖੀ ਝੜਪ ਦੌਰਾਨ ਚੱਲੀ ਗੋਲੀ ਤੋਂ ਬਾਅਦ ਪੁਲਿਸ ਕੋਲੋਂ ਬਣਦੀ ਕਾਰਵਾਈ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਵੱਲੋਂ ਦਿੱਤਾ ਜਾ ਰਿਹਾ ਧਰਨਾ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਚੁੱਕ ਲਿਆ ਗਿਆ ਹੈ ।
ਫਿਰੋਜ਼ਪੁਰ - ਫ਼ਾਜ਼ਿਲਕਾ ਸੜਕ ਉੱਪਰ ਵਸੇ ਸ਼ਹਿਰ ਜਲਾਲਾਬਾਦ ਦੇ ਸ਼ਹੀਦ ਊਧਮ ਸਿੰਘ ਚੌਕ ਵਿੱਚ ਲਗਾਏ ਧਰਨੇ ਵਿੱਚ ਸੁਖਬੀਰ ਸਿੰਘ ਬਾਦਲ , ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਸਮੇਤ ਹੋਰਨਾਂ ਆਗੂਆਂ ਅਤੇ ਵਰਕਰਾਂ ਨੂੰ ਲੈ ਕੇ ਸੜਕ ਉਪਰ ਧਰਨਾ ਦਿੱਤਾ ਜਾ ਰਿਹਾ ਸੀ ।
ਪੁਲੀਸ ਥਾਣਾ ਸਿਟੀ ਜਲਾਲਾਬਾਦ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਨੰਬਰ 30 ਵਿੱਚ ਆਈ ਪੀ ਸੀ ਦੀ ਧਾਰਾ 307 ,323 ,148 ,149 ,427 , ਆਰਮਜ਼ ਐਕਟ 25 , 27 ਲਗਾ ਕੇ ਕਾਰਵਾਈ ਕੀਤੀ ਗਈ ਹੈ ।
ਸ਼ਿਕਾਇਤਕਰਤਾ ਸਤਿੰਦਰਜੀਤ ਸਿੰਘ ਮੰਟਾ ਪੁੱਤਰ ਗੁਰਮੇਜ ਸਿੰਘ ਵਾਸੀ ਰੋਡ਼ਾਂਵਾਲੀ ਨੇ ਬਿਆਨ ਕੀਤਾ ਹੈ ਕਿ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਮ ਪੀ ਦੇ ਨਾਲ ਮਿਉਂਸਪਲ ਕਮੇਟੀ ਜਲਾਲਾਬਾਦ ਦੀਆਂ ਚੋਣਾਂ ਲਈ ਉਮੀਦਵਾਰਾਂ ਦੇ ਕਾਗਜ਼ ਨਾਮਜ਼ਦਗੀ ਦਾਖ਼ਲ ਕਰਾਉਣ ਆਏ ਸੀ ।
ਜਦੋਂ ਅਸੀਂ ਤਹਿਸੀਲ ਅਹਾਤੇ ਵਿੱਚ ਆਏ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਹਲਕਾ ਜਲਾਲਾਬਾਦ ਦੇ ਐੱਮ ਐੱਲ ਏ ਰਮਿੰਦਰ ਆਵਲਾ ਅਤੇ ਉਸ ਦਾ ਪੁੱਤਰ ਜਤਿਨ ਆਵਲਾ ਅਤੇ 50 -60 ਅਣਪਛਾਤੇ ਵਿਅਕਤੀਆਂ ਨੇ ਉੱਥੇ ਪਹੁੰਚਦੇ ਹੀ ਸਾਡੇ ਤੋਂ ਅਟੈਕ ਕਰ ਦਿੱਤਾ ।
ਸਾਡੇ ਉੱਪਰ ਇੱਟਾਂ , ਪੱਥਰ , ਡਾਂਗਾਂ ਅਤੇ ਜਤਿਨ ਆਵਲਾ ਨੇ ਅਸਲੇ ਨਾਲ ਸਿੱਧੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ।
ਰਮਿੰਦਰ ਆਵਲਾ ਲਲਕਾਰੇ ਮਾਰ ਕੇ ਕਹਿੰਦਾ , ਕਿਸੇ ਨੂੰ ਅੱਜ ਛੱਡਣਾ ਨਹੀਂ ।
ਸਤਿੰਦਰਜੀਤ ਲਿਖਵਾਉਂਦੇ ਹਨ ਕਿ ਇਨ੍ਹਾਂ ਨੇ ਸਾਡੇ ਕਈ ਵਰਕਰ ਫੱਟੜ ਕਰ ਦਿੱਤੇ ਅਤੇ ਗੱਡੀਆਂ ਭੰਨ ਦਿੱਤੀਆਂ ।
ਜਤਿਨ ਆਵਲਾ ਨੇ ਸਿੱਧੇ ਫਾਇਰ ਕਰਕੇ ਸਾਡੇ ਕਈ ਵਰਕਰ ਫੱਟੜ ਕਰ ਦਿੱਤੇ । ਫਿਰ ਆਵਲਾ ਕਹਿੰਦਾ ਦਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ,
ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਵਰਦੇਵ ਸਿੰਘ ਨੋਨੀ ਮਾਨ ਵੀ ਅੱਜ ਬਚ ਕੇ ਨਾ ਜਾਵੇ ।
ਅਸੀਂ ਗੱਡੀਆਂ ਦੇ ਓਹਲੇ ਹੋ ਕੇ ਆਪਣੀ ਜਾਨ ਬਚਾਈ ।
ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ।
ਸ਼ਿਕਾਇਤਕਰਤਾ ਦੇ ਬਿਆਨਾਂ ਉਪਰ ਪੁਲੀਸ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਈ ਹੈ ।