ਬਲਵਿੰਦਰ ਸਿੰਘ ਧਾਲੀਵਾਲ/ਰਾਜਵੀਰ ਸਿੰਘ
ਸੁਲਤਾਨਪੁਰ ਲੋਧੀ 7 ਫਰਵਰੀ 2021 - ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਜੋ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ।ਦੇ ਸੰਬੰਧ ਵਿੱਚ ਨਗਰ ਕੌਸਲ ਸੁਲਤਾਨਪੁਰ ਲੋਧੀ ਦੀਆਂ ਚੋਣਾਂ ਦੇ ਮੈਦਾਨ ਚ ਨਿੱਤਰੇ ਸਮੂਹ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਤੋਂ ਜਾਣੂ ਕਰਵਾਉਣ ਲਈ ਰਿਟਰਨਿੰਗ ਅਫਸਰ ਜਸਬੀਰ ਸਿੰਘ ਖਿੰਡਾਂ ਵੱਲੋਂ ਉਮੀਦਵਾਰਾਂ ਦੇ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ ਗਈ। ਇਹ ਮੀਟਿੰਗ ਸੁਲਤਾਨਪੁਰ ਲੋਧੀ ਦੇ ਬੀ.ਡੀ.ਪੀ.ਓ ਦਫ਼ਤਰ ਵਿਖੇ ਸੰਪੰਨ ਹੋਈ।
ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੈਰ ਹਾਜ਼ਰ ਰਹੇ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਲਤਾਨਪੁਰ ਲੋਧੀ ਦੇ ਰਿਟਰਨਿੰਗ ਅਫਸਰ ਜਸਬੀਰ ਸਿੰਘ ਖਿੰਡਾ ਨੇ ਦੱਸਿਆ ਕਿ ਚੋਣਾਂ ਵਿਚ ਖੜ੍ਹੇ ਉਮੀਦਵਾਰਾਂ ਨੂੰ ਚੋਣਾਂ ਸਬੰਧੀ ਹਦਾਇਤਾਂ ਅਤੇ ਨਿਯਮਾਂ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾ ਦਿੱਤਾ ਗਿਆ ਹੈ। ਤਾਂ ਜੋ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਈਆਂ ਜਾਣ। ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਚੋਣ ਮੈਦਾਨ ਵਿੱਚ ਨਿੱਤਰੇ ਸਾਰੇ ਉਮੀਦਵਾਰਾਂ ਨੇ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਦਾ ਵਾਅਦਾ ਕੀਤਾ।