- ਹੁਸ਼ਿਆਰਪੁਰ ’ਚ ਅੱਜ 118 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ
- ਜ਼ਿਲ੍ਹੇ ’ਚ ਨਗਰ ਨਿਗਮ, ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਕੁੱਲ 829 ਨਾਮਜ਼ਦਗੀਆਂ ਦਾਖਲ
ਹੁਸ਼ਿਆਰਪੁਰ, 3 ਫਰਵਰੀ 2021 - ਜ਼ਿਲ੍ਹੇ ਅੰਦਰ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਨਾਮਜ਼ਦਗੀਆਂ ਭਰਨ ਦੇ ਅੰਤਮ ਦਿਨ ਕੁੱਲ 291 ਉਮੀਦਵਾਰਾਂ ਨੇ ਵੱਖੋ-ਵੱਖ ਪਾਰਟੀਆਂ ਵਲੋਂ ਅਤੇ ਆਜ਼ਾਦ ਉਮੀਦਵਾਰਾਂ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਅੱਜ ਭਰੇ ਗਏ ਕੁੱਲ 118 ਨਾਮਜ਼ਦਗੀ ਪੱਤਰਾਂ ਵਿੱਚੋਂ 26 ਨਾਮਜਦਗੀਆਂ ਵਾਰਡ ਨੰਬਰ 1 ਤੋਂ 10 ਲਈ ਭਰੀਆਂ ਗਈਆਂ। ਇਸੇ ਤਰ੍ਹਾਂ ਵਾਰਡ ਨੰਬਰ 11 ਤੋਂ 20 ਅਤੇ 21 ਤੋਂ 30 ਲਈ ਕ੍ਰਮਵਾਰ 19-19, ਵਾਰਡ ਨੰਬਰ 31 ਤੋਂ 40 ਲਈ 34 ਅਤੇ ਵਾਰਡ ਨੰਬਰ 41 ਤੋਂ 50 ਤੱਕ ਲਈ 20 ਨਾਮਜਦਗੀ ਪੱਤਰ ਭਰੇ ਗਏ। ਇਸੇ ਤਰ੍ਹਾਂ ਨਗਰ ਕੌਂਸਲ ਹਰਿਆਣਾ ਦੀਆਂ ਚੋਣਾਂ ਲਈ 20, ਗੜ੍ਹਦੀਵਾਲਾ ਲਈ 43, ਟਾਂਡਾ ਲਈ 29, ਦਸੂਹਾ ਲਈ 10 ਅਤੇ ਮੁਕੇਰੀਆਂ ਲਈ 13 ਨਾਮਜਦਗੀ ਪੱਤਰ ਦਾਖਲ ਹੋਏ।
ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਮਾਹਿਲਪੁਰ ਦੀਆਂ ਚੋਣਾਂ ਲਈ 2, ਨਗਰ ਕੌਂਸਲ ਗੜ੍ਹਸ਼ੰਕਰ ਲਈ 36, ਨਗਰ ਪੰਚਾਇਤ ਤਲਵਾੜਾ ਲਈ 7 ਅਤੇ ਨਗਰ ਕੌਂਸਲ ਸ਼ਾਮਚੁਰਾਸੀ ਲਈ 13 ਉਮੀਦਵਾਰਾਂ ਨੇ ਅੱਜ ਨਾਮਜਦਗੀ ਪੱਤਰ ਦਾਖਲ ਕੀਤੇ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦੱਸਿਆ ਕਿ ਕੱਲ੍ਹ 4 ਫਰਵਰੀ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਅਤੇ 5 ਫਰਵਰੀ ਨੂੰ ਨਾਮਜਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ 14 ਫਰਵਰੀ ਨੂੰ ਵੋਟਾਂ ਪੈਣਗੀਆਂ ਜਿਨ੍ਹਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਨਾਮਜਦਗੀਆਂ ਦਾਖਲ ਕਰਨ ਦੇ ਪਹਿਲੇ ਦਿਨ 30 ਜਨਵਰੀ ਨੂੰ ਇਕ, 1 ਫਰਵਰੀ ਨੂੰ ਕੁੱਲ 105, 2 ਫਰਵਰੀ ਨੂੰ 432 ਅਤੇ ਅੱਜ 291 ਨਾਮਜ਼ਦਗੀ ਪੱਤਰ ਦਾਖਲ ਹੋਣ ਨਾਲ ਇਹ ਗਿਣਤੀ 829 ਹੋ ਗਈ ਹੈ।