ਅਸ਼ੋਕ ਵਰਮਾ
ਬਠਿੰਡਾ ,11 ਮਈ 2020: ਕਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਲੱਗੇ ਕਰਫਿਊ ਕਾਰਨ ਸਭ ਵਪਾਰ ਠੱਪ ਹੋ ਕੇ ਰਹਿ ਗਏ ਹਨ ਅਤੇ ਇਸ ਦੀ ਸਭ ਤੋਂ ਵੱਡੀ ਮਾਰ ਹੋਟਲ ਅਤੇ ਰਿਜ਼ੋਰਟ ਮਾਲਕਾਂ ਅਤੇ ਇਸ ਕਿੱਤੇ ਨਾਲ ਜੁੜੇ ਲੱਖਾਂ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ ਜਿਨਾਂ ਦੀ ਕਿਸੇ ਵੀ ਸਰਕਾਰ ਨੇ ਕੋਈ ਸਾਰ ਨਹੀਂ ਲਈ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਪਾਰ ਟਰੇਡ ਐਂਡ ਇੰਡਸਟਰੀ ਵਿੰਗ ਦੇ ਸੂਬਾ ਵਾਈਸ ਅਨਿਲ ਠਾਕੁਰ ਨੇ ਕਰਦਿਆਂ ਦੱਸਿਆ ਕਿ ਹੁਣ ਚੌਥਾ ਲੌਕਡਾਊਨ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨਾਲ ਹੋਟਲ ਅਤੇ ਰਿਜ਼ੋਰਟ ਦਾ ਧੰਦਾ ਨਵੰਬਰ ਤੱਕ ਨਾ ਚੱਲਣ ਦੀ ਆਸ ਬੱਝ ਗਈ ਹੈ,। ਉਨਾਂ ਦੱਸਿਆ ਕਿ ਇਸ ਕੰਮ ਨਾਲ ਜੁੜੇ ਵੱਖ ਵੱਖ ਵਰਗਾਂ ਫੁੱਲਾਂ ਤੇ ਡੈਕੋਰੇਸ਼ਨ , ਡੀਜੇ ਸਾਊਂਡ,ਹਲਵਾਈ , ਟੈਂਟ, ਕੈਟਰਿੰਗ , ਵੇਟਰ, ਕੁੱਕ, ਆਰਕੈਸਟਰਾ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਰਗੇ ਅਨੇਕਾਂ ਵਪਾਰੀ ਤੇ ਮੁਲਾਜ਼ਮ ਬੇਰੁਜ਼ਗਾਰ ਹੋ ਕੇ ਸੜਕਾਂ ਤੇ ਆ ਚੁੱਕੇ ਹਨ।
ਉਨਾਂ ਦੱਸਿਆ ਕਿ ਇੱਕ ਅਨੁਮਾਨ ਅਨੁਸਾਰ ਸੂਬੇ ਭਰ ਦੇ 5000 ਹੋਟਲ ਅਤੇ 3500 ਦੇ ਕਰੀਬ ਰਿਜ਼ੋਰਟ ਤੇ ਕਰੋੜਾਂ ਰੁਪਏ ਦੀ ਮਾਰ ਪਈ ਹੈ। ਅਨਿਲ ਠਾਕੁਰ ਨੇ ਦੱਸਿਆ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਜਾਨੇ ਨੂੰ ਭਰਨ ਵਿੱਚ ਹੋਟਲ ਅਤੇ ਰਿਜ਼ੋਰਟ ਮਾਲਕਾਂ ਦਾ ਅਹਿਮ ਯੋਗਦਾਨ ਹੈ ਕਿਉਂਕਿ ਵੱਖ ਵੱਖ ਟੈਕਸਾਂ ਦੇ ਨਾਂ ਨਾਲ ਬਿਜਲੀ ਬਿੱਲ ਪ੍ਰਾਪਰਟੀ ਟੈਕਸ ਸੀਵਰੇਜ ਬਿੱਲ ਸਣੇ ਅਨੇਕਾਂ ਅਦਾਇਗੀਆਂ ਕੀਤੀਆ ਜਾਂਦੀਆਂ ਹਨ। ਉਨਾਂ ਦੱਸਿਆ ਕਿ ਇਸ ਨਾਲ ਅਰਥ ਵਿਵਸਥਾ ਚੱਲਦੀ ਹੈ ਪਰ ਹੈਰਾਨਗੀ ਦੀ ਗੱਲ ਹੈ ਕਿ ਦੋ ਮਹੀਨੇ ਬੀਤਣ ਦੇ ਬਾਵਜੂਦ ਵੀ ਨਾ ਹੀ ਕੇਂਦਰ ਸਰਕਾਰ ਅਤੇ ਨਾ ਹੀ ਸੂਬਾ ਸਰਕਾਰ ਵੱਲੋਂ ਇਸ ਕਿੱਤੇ ਨਾਲ ਜੁੜੇ ਲੋਕਾਂ ਦੀ ਸਾਰ ਲਈ ਗਈ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ । ਅਨਿਲ ਠਾਕੁਰ ਨੇ ਮੰਗ ਕੀਤੀ ਕਿ ਸਮੂਹ ਹੋਟਲ ਅਤੇ ਰਿਜੋਰਟਾਂ ਦੇ ਸਾਰੇ ਟੈਕਸ ਮੁਆਫ ਕੀਤੇ ਜਾਣ, ਬਿਜਲੀ ਬਿੱਲ ਸਣੇ ਹੋਰ ਵਿਭਾਗਾਂ ਨੂੰ ਜਾਂਦੇ ਬਿੱਲਾਂ ਦੀ ਅਦਾਇਗੀ ਤੇ ਤੁਰੰਤ ਰੋਕ ਲਾਈ ਜਾਵੇ ਤਾਂ ਜੋ ਇਨਾਂ ਹੋਟਲਾਂ ਅਤੇ ਰਿਜੋਰਟ ਮਾਲਕਾਂ ਨੂੰ ਕੁਝ ਰਾਹਤ ਮਿਲ ਸਕੇ ਅਤੇ ਉਹ ਦੁਬਾਰਾ ਆਪਣਾ ਵਪਾਰ ਸ਼ੁਰੂ ਕਰਨ ਦੇ ਸਮਰੱਥ ਹੋਣ।