ਬਲਾਚੌਰ, 15 ਮਈ, 2019 : ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ’ਚ ਮਤਦਾਨ ਲਈ ਲਾਏ ਗਏ ਪੋਲਿੰਗ ਸਟਾਫ਼ ਨੂੰ ਈ ਵੀ ਐਮ ਅਤੇ ਵੀ ਵੀ ਪੀ ਏ ਟੀ ਨੂੰ ਚਲਾਉਣ ਦੀ ਸਿਖਲਾਈ ਦੇਣ ਲਈ ਅੱਜ ਜ਼ਿਲ੍ਹੇ ਭਰ ’ਚ ਲਾਈਆਂ ਗਈਆਂ ਵਧੀਕ ਟ੍ਰੇਨਿੰਗਾਂ ਦਾ ਖੁਦ ਜਾਇਜ਼ਾ ਲਿਆ ਅਤੇ ਪੋਲਿੰਗ ਸਟਾਫ਼ ਨੂੰ ਨਿਰਵਿਘਨ ਮਤਦਾਨ ਕਰਵਾਉਣ ਦੇ ਗੁਰ ਦੱਸੇ।
ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ਼ ਦੀਆਂ ਇਹ ਟ੍ਰੇਨਿੰਗਾਂ ਮਤਦਾਨ ਵਾਲੇ ਦਿਨ ਲਈ ਬੜੀ ਅਹਿਮੀਅਤ ਰੱਖਦੀਆਂ ਹਨ ਅਤੇ ਜਿਸ ਵੀ ਪੋਲਿੰਗ ਪਾਰਟੀ ਦੇ ਪ੍ਰੀਜ਼ਾਇਡਿੰਗ ਅਫ਼ਸਰ ਅਤੇ ਸਹਾਇਕ ਪ੍ਰੀਜ਼ਾਇਡਿੰਗ ਅਫ਼ਸਰ ਆਪਣੀ ਇਨ੍ਹਾਂ ਮਸ਼ੀਨਾਂ ਨੂੰ ਹੈਂਡਲ ਕਰਨ ਦੀ ਸਿਖਲਾਈ ’ਚ ਨਿਪੁੰਨ ਹੋਣਗੇ, ਉਹ ਮਤਦਾਨ ਨੂੰ ਪੂਰਣ ਨਿਰਵਿਘਨਤਾ ਨਾਲ ਮੁਕੰਮਲ ਕਰਨ ’ਚ ਸਫ਼ਲ ਰਹਿਣਗੇ।
ਸ੍ਰੀ ਬਬਲਾਨੀ ਨੇ ਆਖਿਆ ਕਿ ਕੋਈ ਵੀ ਚੋਣ ਅਮਲ ਨਿਰਵਿਘਨ ਅਤੇ ਸ਼ਾਂਤੀਪੂਰਣ ਮਤਦਾਨ ਦੇ ਸਿਰ ’ਤੇ ਸਫ਼ਲ ਮੰਨਿਆ ਜਾਂਦਾ ਹੈ ਅਤੇ ਇਸ ਦੀ ਸ਼ੁਰੂਆਤ ਮਤਦਾਨ ਵਾਲੇ ਦਿਨ ‘ਮੋਕ ਪੋਲ’ ਤੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਬੂਥ ’ਤੇ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਦੀ ਹਾਜ਼ਰੀ ’ਚ ਘੱਟ ਤੋਂ ਘੱਟ 50 ਵੋਟਾਂ ਜ਼ਰੂਰ ਪਾਈਆਂ ਜਾਣ, ਜਿਨ੍ਹਾਂ ’ਚੋਂ ਹਰੇਕ ਉਮੀਦਵਾਰ ਨੂੰ ਇੱਕ ਵੋਟ ਜ਼ਰੂਰ ਪਾਈ ਜਾਵੇ। ਉਸ ਤੋਂ ਬਾਅਦ ਇਸ ‘ਮੋਕ ਪੋਲ’ ਦਾ ਮੌਕੇ ’ਤੇ ਹੀ ਪੋਲਿੰਗ ਏਜੰਟਾਂ ਨੂੰ ਨਤੀਜਾ ਦਿਖਾ ਕੇ ਮਸ਼ੀਨਾਂ ਨੂੰ ਰੀਸੈਟ ਕਰਕੇ ਫ਼ਾਈਨਲ ਪੋਲ ਲਈ ਉਨ੍ਹਾਂ ਦੇ ਸਾਹਮਣੇ ਤਿਆਰ ਕਰ ਲਿਆ ਜਾਵੇ। ਉਨ੍ਹਾਂ ਕਿਹਾ ਅਜੋਕੇ ਸਮੇਂ ’ਚ ਈ ਵੀ ਐਮਜ਼ ਦੀ ਪਾਰਦਰਸ਼ਤਾ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਿਸ ਲਈ ਇਨ੍ਹਾਂ ਨਾਲ 7 ਸਕਿੰਟ ਲਈ ਆਪਣੇ ਮਨਪਸੰਦ ਉਮੀਦਵਾਰ ਨੂੰ ਪਾਈ ਵੋਟ ਦੇਖਣ ਲਈ ਵੀ ਵੀ ਪੀ ਏ ਟੀ ਵੀ ਜੋੜੇ ਗਏ ਹਨ।
ਜ਼ਿਲ੍ਹਾ ਮਾਸਟਰ ਟ੍ਰੇਨਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਇਸ ਮੌਕੇ ਦੱਸਿਆ ਕਿ ਪ੍ਰੀਜ਼ਾਇਡਿੰਗ ਅਫ਼ਸਰ ਅਤੇ ਸਹਾਇਕ ਪ੍ਰੀਜ਼ਾਇਡਿੰਗ ਅਫ਼ਸਰ ਰਜਿਸਟਰ 17 ਸੀ ਦੇ ਮਤਦਾਨ ਭਰੇ ਜਾਣ ਵਾਲੇ ਪਾਰਟ-ਏ ਨੂੰ ਭਰਨਾ ਯਕੀਨੀ ਬਣਾਉਣ ਅਤੇ ਮਤਦਾਤਾ ਬਾਰੇ ਰਜਿਸਟਰ ’ਚ ਜਾਣਕਾਰੀ ਭਰਨ ਤੇ ਉਸ ਦੇ ਦਸਤਖ਼ਤ ਲੈਣ ਬਾਅਦ ਕੰਟਰੋਲ ਯੂਨਿਟ ’ਤੇ ਮਤਦਾਨ ਦੀ ਆਗਿਆ ਦੇਣ ਵਾਲੇ ਬਟਨ ‘ਬੈਲੇਟ’ ਨੂੰ ਜ਼ਰੂਰ ਦੱਬਣ। ਉਨ੍ਹਾਂ ਦੱਸਿਆ ਕਿ ਕੰਟਰੋਲ ਯੂਨਿਟ ’ਤੇ ਲੱਗੇ ‘ਟੋਟਲ’ ਬਟਨ ਨੂੰ ਹਰ ਦੋ ਘੰਟੇ ਬਾਅਦ ਦਬਾਅ ਕੇ ਰਜਿਸਟਰ ’ਚ ਹੋਈ ਕੁੱਲ ਐਂਟਰੀ ਅਤੇ ਮਸ਼ੀਨ ’ਤੇ ਹੋਏ ਕੁੱਲ ਮਤਦਾਨ ਨੂੰ ਜ਼ਰੂਰ ਮਿਲਾ ਲਿਆ ਜਾਵੇ।
ਇਸ ਤੋਂ ਇਲਾਵਾ ਪ੍ਰੀਜ਼ਾਇਡਿੰਗ ਅਫ਼ਸਰਾਂ ਲਈ ਬਣਾਈ ਗਈ ਮੋਬਾਇਲ ਐਪ ਨੂੰ ਈ ਵੀ ਐਮਜ਼ ਦੀ ਪ੍ਰਾਪਤੀ ਸਮੇਂ ਤੋਂ ਹੀ ਕਾਰਜਸ਼ੀਲ ਕਰ ਲਿਆ ਜਾਵੇ ਤਾਂ ਜੋ ਹਰੇਕ ਜਾਣਕਾਰੀ ਚੋਣ ਕਮਿਸ਼ਨ ਤੱਕ ਪੁੱਜਦੀ ਰਹੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਸਟਾਫ਼ ਨੂੰ ਲਿਜਾਣ ਤੇ ਲਿਆਉਣ ਵਾਲੇ ਵਾਹਨਾਂ ਅਤੇ ਚੋਣ ਅਮਲ ਦੌਰਾਨ ਡਿਊਟੀ ’ਤੇ ਤਾਇਨਾਤ ਰਹਿਣ ਵਾਲੇ ਸੈਕਟਰ ਮੈਜਿਸਟ੍ਰੇਟਾਂ ਦੇ ਵਾਹਨਾਂ ’ਤੇ ਜੀ ਪੀ ਐਸ ਟ੍ਰੈਕਰ ਵੀ ਫਿੱਟ ਕਰਵਾਏ ਗਏ ਹਨ ਤਾਂ ਜੋ ਚੋਣ ਸਮੱਗਰੀ ਰਵਾਨਾ ਹੋਣ ਤੋਂ ਵਾਪਸੀ ਤੱਕ ਦੀ ‘ਮੂਵਮੈਂਟ’ ’ਤੇ ਨਜ਼ਰ ਰੱਖੀ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਐਸ ਡੀ ਐਮ ਬਲਾਚੌਰ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਟਾਫ਼ ਨੂੰ ਕਲਾਸਰੂਮ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ’ਚ ਛੋਟੇ-ਛੋਟੇ ਗਰੁੱਪ ਬਣਾਏ ਗਏ ਹਨ। ਇਸ ਨਾਲ ਉਨ੍ਹਾਂ ਨੂੰ ਸਿਖਲਾਈ ਬੇਹਤਰ ਢੰਗ ਨਾਲ ਲੈਣ ’ਚ ਮੱਦਦ ਮਿਲ ਰਹੀ ਹੈ। ਇਸ ਮੌਕੇ ਕਾਨੂੰਗੋ (ਚੋਣਾਂ) ਦੀਪਕ ਕੁਮਾਰ ਵੀ ਮੌਜੂਦ ਸੀ।