ਚੰਡੀਗੜ੍ਹ, 17 ਮਈ 2019: ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਵੋਟਾਂ ਪਾਉਣ ਦੀ ਅਪੀਲ ਕਰਨ ਦੀ ਖਿੱਲੀ ਉਡਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਿਹੜਾ ਵਿਅਕਤੀ ਆਪਣੇ ਬਾਪ ਦਾ ਸਤਿਕਾਰ ਨਹੀਂ ਕਰ ਸਕਦਾ, ਉਸ ਤੋਂ ਇਹ ਆਸ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਕਿ ਉਹ ਆਪਣੇ ਹਲਕੇ ਦੇ ਲੋਕਾਂ ਵੱਲ ਧਿਆਨ ਦੇਵੇਗਾ। ਢੀਂਡਸਾ ਨੇ ਪਾਰਟੀ ਨੂੰ ਪਰਿਵਾਰ ਤੋਂ ਉਪਰ ਰੱਖਿਆ ਸੀ।
ਪਰਿਵਾਰ ਲਈ ਸਤਿਕਾਰ ਅਤੇ ਪਿਆਰ ਲਈ ਕੋਈ ਵੀ ਥਾਂ ਨਾ ਹੋਣ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਸੱਭਿਆਚਾਰ ਅਤੇ ਰਵਾਇਤਾਂ ਦਾ ਮਖੌਲ ਉਡਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਪਾਰਟੀ ਨੇ ਹੋਰਾਂ ਦੇ ਉਪਰ ਨਿੱਜਵਾਦ ਨੂੰ ਥੋਪਿਆ ਹੈ ਅਤੇ ਇਹ ਕਦੀ ਵੀ ਲੋਕਾਂ ਦਾ ਦਿਲ ਨਹੀਂ ਜਿੱਤ ਸਕਦੇ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਬਾਦਲਾਂ ਨੇ ਹਮੇਸ਼ਾ ਹੀ ਲੋਕਾਂ ਤੋਂ ਉਪਰ ਆਪਣੇ ਹਿੱਤਾਂ ਨੂੰ ਰੱਖਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਨਾਰਾਜ਼ ਅਤੇ ਪੀੜਤ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ। ਢੀਂਡਸਾ ਹੀ ਨਹੀਂ ਸਮੁੱਚੇ ਬਾਦਲ ਕੁਨਬੇ ਅਤੇ ਅਕਾਲੀ ਲੀਡਰਸ਼ਿਪ ਦੀ ਸਪੱਸ਼ਟ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਪਿਆਰ ਕਰਨ ਵਾਲੇ ਅਤੇ ਨਫ਼ਰਤ ਤੋਂ ਪਾਰ ਲੰਘਣ ਵਾਲੇ ਲੋਕ ਹਨ ਅਤੇ ਅਸਲ ਵਿੱਚ ਬਾਦਲਾਂ ਨੇ ਆਪਣੇ ਖੁਦ ਦੇ ਸੰਕਟ ਨੂੰ ਮਹਿਸੂਸ ਨਹੀਂ ਕੀਤਾ।
ਬਾਦਲ ਨੇ ਵੋਟਰਾਂ ਨੂੰ ਅਕਾਲੀ ਉਮੀਦਵਾਰ ਢੀਂਡਸਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਇਸ ਨੇ ਆਪਣੇ ਪਿਤਾ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਸਲਾਹ ਦੇ ਉਲਟ ਜਾ ਕੇ ਚੋਣ ਲੜਣ ਦਾ ਫੈਸਲਾ ਕਰਕੇ ਪਰਿਵਾਰ ਨਾਲੋਂ ਵੱਧ ਪਾਰਟੀ ਨੂੰ ਤਰਜੀਹ ਦਿੱਤੀ। ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੱਤਭੇਦ ਹਨ।
ਪਰਮਿੰਦਰ ਢੀਂਡਸਾ ਵੱਲੋਂ ਆਪਣੇ ਪਿਤਾ ਤੇ ਪਰਿਵਾਰ ਨਾਲ ਕੀਤੀ ਬੇਵਫਾਈ ਅਤੇ ਨਿਰਾਦਰ ਨੂੰ ਤੂਲ ਦੇ ਕੇ ਬਾਦਲ ਨੇ ਇਹ ਸਿੱਧ ਕਰ ਦਿੱਤਾ ਕਿ ਅਕਾਲੀਆਂ ਨੂੰ ਪਰਿਵਾਰਕ ਕਦਰਾਂ-ਕੀਮਤਾਂ ਦੀ ਕੋਈ ਪ੍ਰਵਾਹ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਕੀ ਬਾਦਲ ਸੱਚਮੁੱਚ ਉਸ ਇਨਸਾਨ ਤੋਂ ਪਾਰਟੀ ਪ੍ਰਤੀ ਇਮਾਨਦਾਰ ਹੋਣ ਦੀ ਕੋਈ ਆਸ ਰੱਖਦਾ ਹੈ ਜੋ ਆਪਣੇ ਪਰਿਵਾਰ ਦਾ ਸਕਾ ਨਹੀਂ ਹੋ ਸਕਿਆ।'' ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਸੋਚ ਤੇ ਸਮਝ ਕਦਰਾਂ-ਕੀਮਤਾਂ ਨਾਲ ਕੋਈ ਮੇਲ ਨਹੀਂ ਖਾਂਦੀ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ 'ਤੇਰਾ ਤੇਰਾ' 'ਤੇ ਕੇਂਦਰਤ ਸੀ ਜਦਕਿ ਅਕਾਲੀਆਂ ਦੀ ਵਿਚਾਰਧਾਰਾ 'ਮੇਰਾ, ਮੇਰਾ' 'ਤੇ ਕੇਂਦਰਤ ਹੈ। ਉਨ੍ਹਾਂ ਕਿਹਾ ਕਿ ਕੀ ਲੋਕ ਇਹ ਚਾਹੁੰਦੇ ਹਨ ਕਿ ਉਹ ਪਹਿਲੇ ਸਿੱਖ ਗੁਰੂ ਸਾਹਿਬ ਜੀ ਦੇ ਸੰਦੇਸ਼ ਦੇ ਉਲਟ ਜਾ ਕੇ ਸੂਬੇ ਵਿਚ ਅਕਾਲੀਆਂ ਦੇ ਇਸ ਸੱਭਿਆਚਾਰ ਨੂੰ ਪ੍ਰਫੁੱਲਤ ਹੋਣ ਦਿੱਤਾ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਦੇ ਇਸੇ ਵਿਸ਼ਵਾਸ ਦਾ ਖਾਮਿਆਜ਼ਾ ਪਿਛਲੇ 10 ਸਾਲਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਿਆ। ਉਨ੍ਹਾਂ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਰਾਰੀ ਹਾਰ ਤੋਂ ਬਾਅਦ ਵੀ ਅਕਾਲੀ ਅਜੇ ਵੀ ਇਸੇ ਵਿਚਾਰਧਾਰਾ 'ਤੇ ਪਹਿਰਾ ਦੇਈ ਜਾ ਰਹੇ ਹਨ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇਨ੍ਹਾਂ ਨੇ ਬੀਤੇ ਤੋਂ ਕੋਈ ਸਬਕ ਨਹੀਂ ਸਿੱਖਿਆ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਬਾਦਲ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਅਤੇ ਇੱਥੋਂ ਦੇ ਲੋਕਾਂ ਜੋ ਆਪਣੇ ਪਰਿਵਾਰ ਦਾ ਇੱਕ ਸੰਸਥਾ ਦੇ ਤੌਰ 'ਤੇ ਸਤਿਕਾਰ ਕਰਦੇ ਹਨ, ਦੇ ਰੌਂ ਨੂੰ ਸਮਝਣ ਤੋਂ ਪੂਰੀ ਤਰ੍ਹਾਂ ਅਣਜਾਣ ਹਨ। ਉਨ੍ਹਾਂ ਕਿਹਾ ਕਿ ਲੋਕਾਂ ਅੱਗੇ ਇੱਕ ਤਾਂ ਉਹ ਪਾਰਟੀ ਹੈ ਜਿਸ ਦਾ ਕੋਈ ਸਿਧਾਂਤ ਨਹੀਂ ਅਤੇ ਦੂਜੇ ਪਾਸੇ ਉਹ ਜੋ ਵਫਾਦਾਰੀ, ਸੰਜੀਦਗੀ ਅਤੇ ਰਿਸ਼ਤਿਆਂ ਦੀਆਂ ਭਾਰਤੀ ਕਦਰਾਂ-ਕੀਮਤਾਂ ਨੂੰ ਪ੍ਰਣਾਈ ਹੋਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੱਕ ਪਾਰਟੀ ਜਾਂ ਉਮੀਦਵਾਰ ਜੋ ਸਿਰਫ ਆਪਣੇ ਹਿੱਤਾਂ ਦੀ ਪ੍ਰਵਾਹ ਕਰੇ ਅਤੇ ਸੌੜੀਆਂ ਸਿਆਸੀ ਇੱਛਾਵਾਂ ਪਾਲਦਾ ਹੋਵੇ, ਉਹ ਕਦੇ ਵੀ ਲੋਕਾਂ ਦੀ ਭਲਾਈ ਬਾਰੇ ਸੋਚ ਨਹੀਂ ਸਕਦਾ ਅਤੇ ਇਹੀ ਹਾਲ ਬਾਦਲਾਂ ਨੇ ਪਿਛਲੇ ਇੱਕ ਦਹਾਕੇ ਦੇ ਸਮੇਂ ਦੌਰਾਨ ਸੂਬੇ ਦੇ ਲੋਕਾਂ ਦਾ ਕੀਤਾ।