ਲੋਕੇਸ਼ ਰਿਸ਼ੀ
ਗੁਰਦਾਸਪੁਰ, 16 ਮਈ 2019- ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਪੰਥ ਦੇ ਨਾਂ ਉੱਤੇ ਵੋਟਾਂ ਲੈ ਕੇ ਪੰਜ ਵਾਰੀ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਦੱਸਣ ਕਿ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਰਕਾਰੀ ਰਿਹਾਇਸ਼ ਉੱਤੇ ਤਲਬ ਕਰ ਕੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਕਿਉਂ ਦੁਆਈ ਸੀ।
ਬਾਜਵਾ ਨੇ ਇਸ ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਘਾੜਕੀਆਂ, ਤੇਜਾ ਖ਼ੁਰਦ, ਛਿੱਛਰੇ ਵਾਲ ਅਤੇ ਰਾਮਪੁਰ ਵਿਚ ਪਾਰਟੀ ਏ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਹੋਈਆਂ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ। ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਡੇਰਾ ਮੁਖੀ ਨੂੰ ਦੁਆਈ ਮੁਆਫ਼ੀ ਨਾਲ ਜੁੜੀਆਂ ਹਨ, ਜਿਹੜੀ ਸਿੱਖ ਸੰਗਤ ਦੇ ਦਬਾਅ ਹੇਠ ਆ ਕੇ ਥੋੜ੍ਹੇ ਦਿਨਾਂ ਬਾਅਦ ਹੀ ਵਾਪਸ ਲੈਣੀ ਪੈ ਗਈ ਸੀ। ਉਨ੍ਹਾਂ ਕਿਹਾ ਕਿ ਮੁਆਫ਼ੀ ਦੇਣ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਅਤੇ ਉਸ ਦੇ ਦੂਜੇ ਸਾਥੀਆਂ ਨੂੰ ਬਾਦਲ ਦੀ ਸਰਕਾਰੀ ਰਿਹਾਇਸ਼ ਉੱਤੇ ਤਲਬ ਕਰਨ ਦੇ ਦਸਤਾਵੇਜ਼ੀ ਸਬੂਤ ਮੌਜੂਦ ਹਨ। ਜੋ ਆਪਣੇ ਆਪ ਵਿਚ ਪੰਥਕ ਮਰਿਆਦਾ ਅਤੇ ਰਵਾਇਤਾਂ ਦੀ ਘੋਰ ਉਲੰਘਣਾ ਹੈ। ਬਾਜਵਾ ਨੇ ਕਿਹਾ ਕਿ ਬਾਦਲ ਨੇ ਫ਼ਖ਼ਰ-ਏ-ਕੌਮ ਦਾ ਖ਼ਿਤਾਬ ਹਾਸਲ ਕੀਤਾ ਹੋਇਆ ਹੈ। ਇਸ ਲਈ ਉਨ੍ਹਾਂ ਨੂੰ ਇਸ ਸਾਰੇ ਮਾਮਲੇ ਸਬੰਧੀ ਸਚਾਈ ਸਿੱਖ ਸੰਗਤ ਦੇ ਸਾਹਮਣੇ ਰੱਖਣੀ ਚਾਹੀਦੀ ਹੈ। ਉਹਦਾ ਕਿਹਾ ਕਿ ਬਾਦਲ ਨੇ ਵੋਟਾਂ ਖ਼ਾਤਰ ਡੇਰਾ ਮੁਖੀ ਨੂੰ ਮੁਆਫ਼ੀ ਦੁਆਉਣ ਦੇ ਚੱਕਰ ਵਿਚ ਸਿੱਖ ਪੰਥ ਦੇ ਸਰਬ ਉੱਚ ਅਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਕਾਰ ਨੂੰ ਵੱਡੀ ਢਾਹ ਲਾਈ ਹੈ।
ਪੰਚਾਇਤ ਮੰਤਰੀ ਨੇ ਕਿਹਾ ਕਿ ਬੇਅਦਬੀ ਅਤੇ ਉਸ ਤੋਂ ਬਾਅਦ ਪੁਲੀਸ ਗੋਲੀ ਨਾਲ ਦੋ ਸਿੱਖ ਨੌਜਵਾਨਾਂ ਦਾ ਮਾਰੇ ਜਾਣ ਦੀਆਂ ਘਟਨਾਵਾਂ ਦੇ ਕੇਂਦਰ ਵਿਚ ਡੇਰਾ ਮੁਖੀ ਨੂੰ ਦੁਆਈ ਗਈ ਮੁਆਫ਼ੀ ਹੈ ਕਿਉਂਕਿ ਪੁਲੀਸ ਤਫ਼ਤੀਸ਼ ਅਨੁਸਾਰ ਬੇਅਦਬੀ ਦੀਆਂ ਘਟਨਾਵਾਂ ਦੇ ਸਾਰੇ ਫੜੇ ਗਏ ਦੋਸ਼ੀ ਇਸ ਡੇਰੇ ਦੇ ਹੀ ਪੈਰੋਕਾਰ ਹਨ। ਉਨ੍ਹਾਂ ਕਿਹਾ ਕਿ ਇਹ ਮੁਆਫ਼ੀ ਵੀ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣ ਤੋਂ ਬਾਅਦ ਦਿਵਾਈ ਗਈ ਸੀ। ਬਾਜਵਾ ਨੇ ਪੁੱਛਿਆ ਕਿ ਬਾਦਲ ਇਹ ਵੀ ਦੱਸਣ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣ ਦੀ ਘਟਨਾ ਤੋਂ ਬਾਅਦ ਉਸ ਪਿੰਡ ਕਿਉਂ ਨਹੀਂ ਗਏ। ਜਦੋਂ ਕਿ ਪੂਰੇ ਸਿੱਖ ਇਤਿਹਾਸ ਵਿਚ ਬੀੜ ਚੋਰੀ ਹੋਣ ਦੀ ਘਟਨਾ ਪਹਿਲੀ ਵਾਰੀ ਵਾਪਰੀ ਸੀ। ਉਨ੍ਹਾਂ ਕਿਹਾ ਕਿ ਸ਼੍ਰੀ ਬਾਦਲ ਬੇਅਦਬੀ ਅਤੇ ਗੋਲੀ ਕਾਂਡ ਵਾਲੀਆਂ ਥਾਵਾਂ ਉੱਤੇ ਵੀ ਨਹੀਂ ਗਏ। ਜਿਸ ਤੋਂ ਸਪਸ਼ਟ ਹੈ ਕਿ ਇਹ ਸਾਰੀਆਂ ਘਟਨਾਵਾਂ ਦੀ ਘਟਨਾ ਤੋਂ ਬਾਅਦ ਵੀ ਇੱਕੋ ਸ਼ੜਯੰਤਰ ਦਾ ਹਿੱਸਾ ਸਨ। ਜੋ ਬਾਦਲ ਪਰਿਵਾਰ ਨੇ ਆਪਣੀ ਕੁਰਸੀ ਬਚਾਉਣ ਲਈ ਰਚਿਆ ਸੀ।
ਬਾਜਵਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤਾ ਗਿਆ ਫ਼ਖਰ-ਏ-ਕੌਮ ਦਾ ਖ਼ਿਤਾਬ ਵਾਪਸ ਕਰ ਦੇਣਾ ਚਾਹੀਦਾ ਹੈ। ਕਿਉਂਕਿ ਉਹ ਇਸ ਦੀ ਸ਼ਾਨ ਕਾਇਮ ਰੱਖਣ ਵਿਚ ਬੁਰੀ ਤਰਾਂ ਫ਼ੇਲ੍ਹ ਹੋਏ ਹਨ।
ਪੰਚਾਇਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬਾਦਲ ਪਰਿਵਾਰ ਨੂੰ ਬਚਾਅ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਬਾਦਲ ਅਤੇ ਮੋਦੀ ਦੋਹੇਂ ਹੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਵੋਟਾਂ ਲੈਂਦੇ ਆਏ ਹਨ ਪਰ ਇਸ ਵਾਰ ਉਨ੍ਹਾਂ ਦੀ ਦਾਲ ਨਹੀਂ ਗਲ਼ੇਗੀ।