ਦੇਵਾ ਨੰਦ ਸ਼ਰਮਾ
ਫ਼ਰੀਦਕੋਟ, 19 ਮਈ 2019: ਰਜ ਚੜ੍ਹਦਿਆਂ ਹੀ ਵੋਟਰਾਂ ਵੱਲੋਂ ਆਪਣੇ ਸਬੰਧਿਤ ਪੋਲਿੰਗ ਬੂਥਾਂ ਤੇ ਲੰਮੀਆਂ ਕਤਾਰਾਂ ਰਾਹੀਂ ਮਿਲੇ ਵੋਟ ਦੇ ਅਧਿਕਾਰ ਨੂੰ ਵਰਤਦਿਆਂ ਵੋਟਾਂ ਪਾਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਬ੍ਰਿੰਜਿਦਰਾ ਕਾਲਜ ਫ਼ਰੀਦਕੋਟ ਸਮੇਤ ਜ਼ਿਲ੍ਹੇ ਵਿਚ 9 ਮਾਡਲ ਪੋਲਿੰਗ ਬੂਥ ਤੇ 3 ਵੂਮੈਨ ਪੋਲਿੰਗ ਬੂਥ ਬਣਾਏ ਗਏ ਜੋ ਕਿ ਵਿਸ਼ੇਸ਼ ਖਿੱਚ ਦਾ ਕਾਰਨ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਦੁਪਹਿਰ 2 ਵਜੇ ਤੱਕ ਪੰਜਾਬ ਦੇ ਸਭਿਆਚਾਰਕ ਗਿੱਧਾ ਅਤੇ ਭੰਗੜੇ ਰਾਹੀਂ ਵੋਟ ਪਾਉਣ ਆਉਣ ਵਾਲੀਆਂ ਮਹਿਲਾਵਾਂ ਦਾ ਨਾਂ ਸਗੋਂ ਮਨੋਰੰਜਨ ਕੀਤਾ, ਬਲਕਿ ਉਨ੍ਹਾਂ ਦੇ ਨਾਲ ਆਏ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਕਰੈੱਚ ਸੈਂਟਰ ਬਣਾਇਆ ਗਿਆ। ਇਸ ਤੋਂ ਇਲਾਵਾ ਲੋਕਤੰਤਰ ਦੀ ਦੀਵਾਰ ਅਤੇ ਰੰਗੋਲੀ ਆਦਿ ਵੀ ਬਣਾਈਆਂ ਗਈਆਂ। ਇਹਨਾਂ ਬੂਥਾਂ ਤੇ ਠੰਡਾ ਪਾਣੀ ਆਦਿ ਦਾ ਵੀ ਬੰਦੋਬਸਤ ਕੀਤਾ ਗਿਆ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ. ਗੁਰਜੀਤ ਸਿੰਘ, ਐਸ.ਡੀ.ਐਮ ਫ਼ਰੀਦਕੋਟ ਸ. ਪਰਮਦੀਪ ਸਿੰਘ ਨੇ ਦੱਸਿਆ ਕਿ ਆਂਗਣਵਾੜੀ ਵਰਕਰਜ਼ ਵੱਲੋਂ ਬਣਾਏ ਇਸ ਸਪੈਸ਼ਲ ਬੂਥ ਤੇ ਬੱਚਿਆਂ ਲਈ ਖਿਡੌਣਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ ਅਤੇ ਬੱਚਿਆਂ ਦੀ ਦੇਖਭਾਲ ਵੀ ਕੀਤੀ ਗਈ ਹੈ ਤਾਂਕਿ ਵੋਟ ਦਾ ਭੁਗਤਾਣ ਕਰਨ ਵਾਲੀ ਮਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਖ਼ੁਸ਼ੀ ਭਰੇ ਲਹਿਜ਼ੇ ਨਾਲ ਦੱਸਿਆ ਕਿ ਬੂਥ ਤੇ ਲੋਕਾਂ ਦਾ ਉਤਸ਼ਾਹ ਦੇਖਣ ਨੂੰ ਵੀ ਮਿਲਿਆਂ। ਉਨ੍ਹਾਂ ਦੱਸਿਆ ਕਿ ਪੰਜਾਬ ਚੋਣ ਕਮਿਸ਼ਨ ਦੇ ਆਈਕਾਨ ਸ਼੍ਰੀ ਗੁਰਦਾਸ ਮਾਨ ਦੀ ਤਸਵੀਰ ਨਾਲ ਵੋਟਰਾਂ ਨੇ ਸੈਲਫ਼ੀਆਂ ਕੀਤੀਆਂ ਅਤੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨੂੰ ਪੋਸਟ ਕੀਤੀਆਂ ਤਾਂਕਿ ਉਹ ਵੀ ਆਪਣਾ ਕੀਮਤੀ ਵੋਟ ਦਾ ਭੁਗਤਾਨ ਕਰਨ ਅਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵੀ ਮਾਡਲ ਪੋਲਿੰਗ ਬੂਥ ਵਜੋਂ ਬਣਾਇਆ ਗਿਆ। ਜਿੱਥੇ ਵਿਆਹ ਵਰਗਾ ਮਾਹੌਲ ਜਾਪਿਆ ਅਤੇ ਮਹਾਂਉਤਸਵ ਦਾ ਰੰਗ ਪੂਰੀ ਤਰ੍ਹਾਂ ਦੇਖਣ ਨੂੰ ਮਿਲਿਆ। ਬਣਾਏ ਗਏ ਮਾਡਲ ਪੋਲ ਬੂਥ ਵਿਚ ਤਹਿਸੀਲਦਾਰ ਮੈਡਮ ਲਵਪ੍ਰੀਤ ਕੌਰ, ਨਾਇਬ ਤਹਿਸੀਲਦਾਰ ਅਤੇ ਜ਼ਿਲ੍ਹਾ ਗਾਈਡੈਂਸ ਕਾਂਉਂਸਲਰ ਸ੍ਰੀ ਜਸਬੀਰ ਜੱਸੀ ਨੇ ਆਪਣਾ ਪੂਰਣ ਯੋਗਦਾਨ ਪਾਇਆ।