ਨਵੀਂ ਦਿੱਲੀ , 17 ਮਈ , 2019 : ਚੋਣ ਪ੍ਰਚਾਰ ਦੀਆਂ ਆਖ਼ਰੀ ਘੜੀਆਂ 'ਚ ਬੀ ਜੇ ਪੀ ਪ੍ਰਧਾਨ ਅਮਿਤ ਸ਼ਾਹ ਨਾਲ ਮਿਲ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਪਹਿਲੀ ਵਾਰ ਕਿਸੇ ਮੀਡੀਆ ਮੀਡੀਆ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਬੀ ਜੇ ਪੀ ਮੁੜ ਬਹੁਗਿਣਤੀ ਹਾਸਲ ਕਰੇਗੀ ਪਰ ਉਨ੍ਹਾਂ ਮੀਡੀਆ ਕਰਮੀਆਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ . ਜਿੰਨੇ ਵੀ ਸਵਾਲ ਪੱਤਰਕਾਰਾਂ ਵੱਲੋਂ ਕੀਤੇ ਗਏ , ਉਨ੍ਹਾਂ ਦੇ ਜਵਾਬ ਅਮਿਤ ਸ਼ਾਹ ਨੇ ਹੀ ਦਿੱਤੇ. ਦਿਲਚਸਪ ਗੱਲ ਇਹ ਹੈ ਕਿ ਸਵਾਲ -ਜਵਾਬ ਦੌਰਾਨ ਪ੍ਰਧਾਨ ਮੰਤਰੀ ਚੁੱਪ-ਚਾਪ ਮੀਡੀਆ ਕਰਮੀਆਂ ਵੱਲ ਟਿਕਟਿਕੀ ਲਾਕੇ ਦੇਖਦੇ ਰਹੇ . ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ ਇਹ ਸੰਕੇਤ ਦੇ ਰਹੇ ਸਨ ਜਿਵੇਂ ਉਹ ਤਣਾਅ ਭਰੇ ਰੌਂ ਵਿਚ ਬੈਠੇ ਹੋਣ .
ਮੋਦੀ ਨੇ ਕਿਹਾ ਕਿ ਸੱਤ ਪੜਾਵਾਂ 'ਚ ਹੋਣ ਵਾਲੀਆਂ ਸਾਰੀਆਂ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਕੀਤਾ ਗਿਆ ਚੋਣ ਪ੍ਰਚਾਰ ਸਫਲ ਰਿਹਾ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਅਸੀਂ ਦੁਬਾਰਾ ਸਪਸ਼ਟ ਬਹੁਮਤ ਹਾਸਿਲ ਕਰਾਂਗੇ ਅਤੇ ਸਰਕਾਰ ਬਣਾਵਾਂਗੇ। ਮੋਦੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਪਾਰਟੀ ਦੂਜੀ ਵਾਰ ਸਪਸ਼ਟ ਬਹੁਮਤ ਹਾਸਿਲ ਕਰੇਗੀ।
ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ 300 ਤੋਂ ਜ਼ਿਆਦਾ ਸੀਟਾਂ ਜਿੱਤੇਗੀ ਅਤੇ ਸਪਸ਼ਟ ਬਹੁਮਤ ਹਾਸਿਲ ਕਰੇਗੀ।