ਰਾਜਾਸਾਂਸੀ , 18 ਮਈ 2019 (ਮਨਪ੍ਰੀਤ ਸਿੰਘ ਜੱਸੀ): ਪੰਜਾਬ ਸੂਬੇ ਵਿਚ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸੁਰੱਖਿਆ ਫੋਰਸਾਂ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ। ਅਧਿਕਾਰੀਆਂ ਵੱਲੋਂ ਹਵਾਈ ਅੱਡੇ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦਿਆਂ ਹਵਾਈ ਅੱਡੇ ਦੇ ਅੰਦਰ ਹਰ ਆਉਣ ਤੇ ਜਾਣ ਵਾਲੀਆਂ ਕਾਰਾਂ ਗੱਡੀਆਂ ਦੀ ਪੰਜਾਬ ਪੁਲਿਸ ਤੇ ਸੀ.ਆਈ.ਐੱਸ.ਐਫ ਫੋਰਸ ਵੱਲੋਂ ਸਾਂਝੇ ਤੌਰ ਤੇ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਹਵਾਈ ਅੱਡੇ ਤੇ ਤਾਇਨਾਤ ਸੁਰੱਖਿਆ ਫੋਰਸ ਸੀ.ਆਈ.ਐੱਸ.ਐੱਨ. ਦੇ ਕਮਾਡੈਂਟ ਧਰਮਵੀਰ ਯਾਦਵ ਤੇ ਡਿਪਟੀ ਕਮਾਡੈਂਟ ਅਮਨਦੀਪ ਸਿਰਸਵਾ ਨੇ ਦੱਸਿਆ ਕਿ ਹਵਾਈ ਅੱਡੇ ਦੀ ਸੁਰੱਖਿਆ 'ਚ ਹੋਰ ਵਾਧਾ ਕਰਦਿਆਂ ਕਾਰ ਪਾਰਕਿੰਗ, ਸਿਟੀ ਸਾਈਡ, ਯਾਤਰੀ ਹਾਲ ਦੇ ਅੰਦਰ ਪ੍ਰਵੇਸ ਕਰਨ ਵਾਲੇ ਅਤੇ ਬਾਹਰ ਨਿਕਲਣ ਵਾਲੇ ਗੇਟਾਂ ਅਤੇ ਯਾਤਰੀ ਹਾਲ ਦੇ ਸਾਹਮਣੇ ਹੋਰ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਯਾਤਰੀ ਹਾਲ ਦੇ ਅੰਦਰ ਪ੍ਰਵੇਸ ਕਰਨ ਲਈ 75 ਰੁਪਏ ਵਾਲੀ ਟਿਕਟ ਵੀ ਬੀਤੇ ਕਈ ਦਿਨਾਂ ਤੋਂ ਬੰਦ ਕੀਤੀ ਹੋਈ ਹੈ।
ਜ਼ਿਲ੍ਹਾ ਪੁਲਿਸ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਥਾਣਾ ਹਵਾਈ ਅੱਡਾ ਦੇ ਮੁਖੀ ਇੰਸਪੈਕਟਰ ਪ੍ਰਭਜੋਤ ਸਿੰਘ ਤੇ ਸੀ.ਆਈ.ਡੀ ਇੰਚਾਰਜ ਰਮਨਦੀਪ ਸਿੰਘ ਖਹਿਰਾ ਤੇ ਇੰਟੈਲੀਜੈਂਸ ਇੰਚਾਰਜ ਪ੍ਰਕਾਸ਼ ਸਿੰਘ ਵੱਲੋਂ ਹਵਾਈ ਅੱਡੇ ਤੇ ਪ੍ਰਵੇਸ਼ ਕਰਨ ਵਾਲੇ ਰਸਤਿਆਂ 'ਤੇ ਪੁਲਿਸ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਸੀ.ਆਈ.ਐੱਸ.ਐਫ, ਪੰਜਾਬ ਪੁਲਿਸ, ਸੀ ਆਈ.ਡੀ ਇੰਟੈਲੀਜੈਂਸ ਵੱਲੋਂ ਹਵਾਈ ਅੱਡੇ ਅੰਦਰ ਪ੍ਰਵੇਸ਼ ਕਰਨ ਵਾਲੀਆਂ ਗੱਡੀਆਂ ਦੀ ਖੋਜੀ ਕੁੱਤਿਆਂ ਸਮੇਤ ਈ.ਵੀ.ਡੀ ਮਸ਼ੀਨ ਰਾਹੀਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰੇ।