ਪਟਿਆਲਾ, 16 ਮਈ 2019(ਜੀ ਐਸ ਪੰਨੂ) ਲੋਕ ਸਭਾ ਦੀਆਂ 19 ਮਈ ਨੂੰ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਆਰ.ਪੀ.ਐਕਟ 1951 ਦੀ ਧਾਰਾ 126 ਤਹਿਤ ਜਾਰੀ ਕੀਤੇ ਹੁਕਮਾਂ ਤਹਿਤ ਪਟਿਆਲਾ ਜ਼ਿਲ੍ਹੇ ਤੋਂ ਬਾਹਰਲੇ ਵਿਅਕਤੀਆਂ ਨੂੰ 17 ਮਈ ਤੱਕ ਜ਼ਿਲ੍ਹਾ ਛੱਡਣ ਦੇ ਆਦੇਸ਼ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮ ਅਨੁਸਾਰ ਪਟਿਆਲਾ ਜ਼ਿਲ੍ਹੇ ਤੋਂ ਬਾਹਰਲੇ ਵਿਅਕਤੀ ਜਿਹਨਾਂ ਦਾ ਚੋਣ ਡਿਊਟੀ ਨਾਲ ਸਬੰਧ ਨਹੀਂ ਅਤੇ ਜੋ ਇਸ ਜ਼ਿਲ੍ਹੇ ਦੇ ਵਸਨੀਕ ਨਹੀਂ ਹਨ ਨੂੰ 17 ਮਈ 2019 ਤੱਕ ਪਟਿਆਲਾ ਜ਼ਿਲ੍ਹੇ ਤੋਂ ਬਾਹਰ ਜਾਣਾ ਹੋਵੇਗਾ। ਇਹ ਹੁਕਮ 24 ਮਈ ਤੱਕ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮ ਅਨੁਸਾਰ 17 ਮਈ ਨੂੰ ਸ਼ਾਮ 6 ਵਜੇ ਤੋਂ ਬਾਅਦ ਚੋਣ ਪ੍ਰਚਾਰ ਬੰਦ ਹੋਣ ਕਾਰਨ ਲੋਕ ਸਭਾ ਹਲਕਾ ਪਟਿਆਲਾ ਵਿੱਚ ਕੋਈ ਸਿਆਸੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਿਸੇ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਦੇ ਬਾਹਰੀ ਸਮਰਥਕਾਂ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਰਹਿਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਆਜ਼ਾਦ 'ਤੇ ਨਿਰਪੱਖ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਹਨਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਹਦਾਇਤ ਕੀਤੀ ਹੈ ਕਿ ਧਰਮਸ਼ਾਲਾਵਾਂ/ਕਮਿਊਨਿਟੀ ਹਾਲਾਂ/ਹੋਟਲਾਂ ਆਦਿ ਦੀ ਜਾਂਚ ਕਰਕੇ ਬਾਹਰੀ ਵਿਅਕਤੀਆਂ ਸਬੰਧੀ ਪੜਤਾਲ ਕੀਤੀ ਜਾਵੇ। ਉਹਨਾਂ ਗੈਸਟ ਹਾਊਸ ਸਮੇਤ ਹੋਰ ਥਾਵਾਂ 'ਤੇ ਰਹਿਣ ਵਾਲੇ ਲੋਕਾਂ ਤੋਂ ਇਲਾਵਾ ਲੋਕ ਸਭਾ ਹਲਕੇ ਦੀਆਂ ਹੱਦਾਂ ਅਤੇ ਬਾਹਰਲੇ ਪਾਸਿਓ ਆਉਣ ਵਾਲੇ ਵਾਹਨਾਂ ਦੀ ਜਾਂਚ ਮੁਹਿੰਮ ਨੂੰ ਵੀ ਤੇਜ਼ ਕਰਨ ਦੇ ਆਦੇਸ਼ ਦਿੱਤੇ ਹਨ। ਉਹਨਾਂ ਇਹ ਵੀ ਆਦੇਸ਼ ਦਿੱਤੇ ਹਨ ਕਿ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਭਾਵ 17 ਅਪ੍ਰੈਲ ਸ਼ਾਮ 6 ਵਜੇ ਤੋਂ ਬਾਅਦ ਹਲਕੇ ਵਿੱਚ ਸਿਰਫ ਉਹੀ ਵਿਅਕਤੀ ਰਹਿ ਸਕਦਾ ਹੈ ਜਿਸ ਦੀ ਕਿ ਇਸ ਹਲਕੇ ਵਿੱਚ ਵੋਟ ਬਣੀ ਹੋਈ ਹੈ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਧਾਰਾ 144 ਵੀ ਲਾਗੂ ਹੈ ਇਸ ਲਈ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਚੋਣਾਂ ਦੌਰਾਨ ਜ਼ਿਲ੍ਹੇ ਵਿੱਚ ਰਹਿਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।