ਸੂਬੇ ਵਿਚ ਹੂੰਝਾਫੇਰ ਜਿੱਤ ਦਾ ਭਰੋਸਾ- ਪਟਿਆਲਾ ਸੀਟ ਇਕ ਲੱਖ ਤੋਂ ਵੱਧ ਵੋਟਾਂ ਨਾਲ ਜਿੱਤਣ ਦਾ ਦਾਅਵਾ
ਚੰਡੀਗੜ੍ਹ/ਪਟਿਆਲਾ , 19 ਮਈ 2019: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਸਿੱਧੂ ਵਲੋਂ ਉਨ੍ਹਾਂ ਤੇ ਪਾਰਟੀ ਦੀ ਲੀਡਰਸ਼ਿਪ ਵਿਰੁੱਧ ਬੇਵਕਤੀ ਬਿਆਨਬਾਜ਼ੀ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੀ ਹੈ ।
ਅੱਜ ਇੱਥੇ ਪਟਿਆਲਾ ਲੋਕ ਸਭਾ ਹਲਕੇ ਦੀ ਚੋਣ ਲਈ ਵੋਟ ਪਾਉਣ ਵਾਸਤੇ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ‘ਜੇਕਰ ਉਹ ਸੱਚੇ ਕਾਂਗਰਸੀ ਹਨ ਤਾਂ ਉਨ੍ਹਾਂ ਨੂੰ ਆਪਣੇ ਗਿਲੇ-ਸ਼ਿਕਵੇ ਦਾ ਪ੍ਰਗਟਾਵਾ ਕਰਨ ਲਈ ਢੁੱਕਵੇਂ ਸਮੇਂ ਦੀ ਚੋਣ ਕਰਨੀ ਚਾਹੀਦੀ ਸੀ ਨਾ ਕਿ ਪੰਜਾਬ ਵਿਚ ਵੋਟਾਂ ਪੈਣ ਤੋਂ ਤੁਰੰਤ ਪਹਿਲਾਂ’।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਚੋਣ ਲੜ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨਾ ਕੇਵਲ ਪਟਿਆਲਾ ਸਗੋਂ ਸੂਬੇ ਦੀਅਾਂ ਸਾਰੀਅਾਂ 13 ਸੀਟਾਂ ’ਤੇ ਹੂੰਝਾਫੇਰ ਜਿੱਤ ਪ੍ਰਾਪਤ ਕਰੇਗੀ।
ਆਪਣੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਹਾਲ ਹੀ ਵਿਚ ਦਿੱਤੇ ਗਏ ਵਿਵਾਦਤ ਤੇ ਬਾਗੀਆਨਾ ਬਿਆਨਾਂ ਜਿਸ ਵਿਚ ਉਨ੍ਹਾਂ ਆਪਣੀ ਪਤਨੀ ਨਵਜੋਤ ਕੌਰ ਨੂੰ ਟਿਕਟ ਨਾ ਦਿੱਤੇ ਜਾਣ ਲਈ ਮੁੱਖ ਮੰਤਰੀ ਨੂੰ ਜਿੰਮੇਵਾਰ ਦੱਸਿਆ ਸੀ, ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਆਪਣੀ ਗੈਰ ਜਿੰਮੇਵਾਰਾਨਾ ਬਿਆਨਬਾਜੀ ਨਾਲ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਚੋਣ ਕੇਵਲ ਉਨਾਂ ਦੀ ਚੋਣ ਨਹੀਂ ਸਗੋਂ ਸਾਰੀ ਕਾਂਗਰਸ ਪਾਰਟੀ ਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਵਿਰੁੱਧ ਕਿਸੇ ਵੀ ਕਾਰਵਾਈ ਦਾ ਫੈਸਲਾ ਪਾਰਟੀ ਹਾਈਕਮਾਂਡ ਨੇ ਕਰਨਾ ਹੈ ਇਕ ਪਾਰਟੀ ਦੇ ਤੌਰ ’ਤੇ ਕਾਂਗਰਸ ਵਿਚ ਅਨੁਸ਼ਾਸ਼ਨਹੀਣਤਾ ਬਿਲਕੁਲ ਬਰਦਾਸ਼ਤ ਨਹੀਂ । ਉਨਾਂ ਕਿਹਾ ਕਿ ਉਨਾਂ ਦਾ ਸਿੱਧੂ ਨਾਲ ਕੋਈ ਜਾਤੀ ਵਖਰੇਵਾਂ ਨਹੀਂ , ਜਿਸਨੂੰ ਉਹ ਉਸਦੇ ਬਚਪਨ ਤੋਂ ਜਾਣਦੇ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ‘ਸ਼ਾਇਦ ਉਹ ਬਹੁਤ ਮਹੱਤਵਅਕਾਂਸ਼ਸ਼ੀ ਹਨ ਅਤੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ’।
ਉਨਾਂ ਕਾਂਗਰਸ ਪਾਰਟੀ ਵਲੋਂ ਸਾਰੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਰੇ ਹਲਕਿਆਂ ਤੋਂ ਬਹੁਤ ਹਾਂ ਪੱਖੀ ਰਿਪੋਰਟਾਂ ਪ੍ਰਾਪਤ ਹੋ ਰਹੀਆਂ ਹਨ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ ਖੁਸ਼ੀ ਵਜੋਂ ਲੱਡੂ ਵੰਡੇ ਜਾ ਰਹੇ ਹਨ, ਜਿਸ ਤੋਂ ਉਨ੍ਹਾਂ ਦੇ ਵਿਸ਼ਵਾਸ਼ ਦਾ ਅੰਦਾਜਾ ਲਗਦਾ ਹੈ, ਜਦਕਿ ਇਸਦੇ ਉਲਟ ਆਪਣੀ ਸਪੱਸ਼ਟ ਹਾਰ ਨੂੰ ਦੇਖਦਿਆਂ ਹਰਸਿਮਰਤ ਸਮੇਤ ਸਾਰੀ ਅਕਾਲੀ ਲੀਡਰਸ਼ਿਪ ਨਿਰਾਸ਼ਾ ਦੇ ਆਲਮ ਵਿਚ ਹੈ।
ਪਟਿਆਲਾ ਲੋਕ ਸਭਾ ਹਲਕੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਇਕ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਭਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਯੂ.ਪੀ.ਏ. 3 ਵਲੋਂ ਅਗਲੀ ਸਰਕਾਰ ਬਣਾਈ ਜਾਵੇਗੀ।
ਪੰਜਾਬ ਵਿਚ ਚੋਣਾਂ ਦੌਰਾਨ ਮੁੱਖ ਮੁੱਦਿਆਂ ਬਾਰੇ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਭ ਤੋਂ ਵੱਡਾ ਮਸਲਾ ਸੀ, ਜਿਸ ਨੇ ਹਰ ਸਿੱਖ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਸੀ। ਇਸ ਤੋਂ ਇਲਾਵਾ ਦਿਹਾਤੀ ਖੇਤਰਾਂ ਵਿਚ ਕਣਕ ਦੀ ਖਰੀਦ ਅਤੇ ਸ਼ਹਿਰੀ ਖੇਤਰਾਂ ਵਿਚ ਨੋਟਬੰਦੀ ਤੇ ਜੀ.ਐਸ.ਟੀ. ਵਰਗੇ ਮੁੱਦੇ ਮਹੱਤਵਪੂਰਨ ਸਨ।