ਚੋਣ ਅਮਲੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਹਦਾਇਤਾਂ ਦਿੰਦੇ ਪ੍ਰਸ਼ਾਸਨ ਦੇ ਅਧਿਕਾਰੀ। ਚੋਣਾਂ ਦਾ ਸਮਾਨ ਪ੍ਰਾਪਤ ਕਰਨ ਤੋਂ ਬਾਅਦ ਬੈਠੀਆਂ ਪੋਲਿੰਗ ਪਾਰਟੀਆਂ
ਭਿੱਖੀਵਿੰਡ 17 ਮਈ 2019 (ਜਗਮੀਤ ਸਿੰਘ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਤੇ ਕਸਬਿਆਂ ਵਿਚ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਬਣਾਈਆਂ ਗਈਆਂ 231 ਪੋਲਿੰਗ ਪਾਰਟੀਆਂ ਦੇ 950 ਦੇ ਕਰੀਬ ਚੋਣ ਅਮਲੇ ਦੇ ਮੈਂਬਰ ਤੇ ਸੁਰੱਖਿਆ ਲਈ ਤੈਨਾਤ ਕੀਤੇ ਗਏ ਪੰਜਾਬ ਪੁਲਿਸ, ਕੇਰਲਾ ਪੁਲਿਸ ਤੇ ਆਰ.ਪੀ.ਐਫ ਦੀ ਮੁਲਾਜ਼ਮ ਈ.ਵੀ.ਐਮ ਮਸ਼ੀਨਾਂ ਆਦਿ ਸਮਾਨ ਸਮੇਤ ਬੱਸਾਂ ਰਾਹੀਂ ਪੋਲਿੰਗ ਸਟੇਸ਼ਨ ਲਈ ਰਵਾਨਾ ਹੋ ਗਏ। ਰਵਾਨਾ ਹੋਣ ਤੋਂ ਪਹਿਲਾਂ ਸਰਕਾਰੀ ਬਹੁ-ਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਬਣਾਏ ਗਏ ਚੋਣ ਦਫ਼ਤਰ ਵਿਖੇ ਆਰ.ੳ ਕਮ ਡੀ.ਡੀ.ਪੀ.ੳ ਦਵਿੰਦਰ ਕੁਮਾਰ ਵੱਲੋਂ ਚੋਣ ਅਮਲੇ ਨੂੰ
ਈ.ਵੀ.ਐਮ ਮਸ਼ੀਨਾਂ ਆਦਿ ਸਮਾਨ ਦੇਣ ਮੌਕੇ ਚੋਣ ਕਮਿਸ਼ਨ ਪੰਜਾਬ ਤੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਆਖਿਆ ਗਿਆ। ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਪਹੁੰਚੇਂ ਐੱਸ.ਪੀ ਹਰਜੀਤ ਸਿੰਘ ਨੇ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ ਸੁਲੱਖਣ ਸਿੰਘ ਮਾਨ ਦੀ ਹਾਜ਼ਰੀ ਵਿਚ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਚੋਣਾਂ ਦੌਰਾਨ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਤੇ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ। ਇਸ ਮੌਕੇ ਬੀ.ਡੀ.ਪੀ.ੳ ਪਿਆਰ ਸਿੰਘ ਖ਼ਾਲਸਾ, ਬੀ.ਡੀ.ਪੀ.ੳ ਲਾਲ ਸਿੰਘ, ਐੱਸ.ਐੱਚ.ੳ ਰਣਜੀਤ ਸਿੰਘ ਧਾਲੀਵਾਲ, ਐੱਸ.ਐੱਚ.ੳ ਬਲਵਿੰਦਰ ਸਿੰਘ ਸਮੇਤ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਤੇ ਮੁਲਾਜ਼ਮ ਹਾਜ਼ਰ ਸਨ। ਦੱਸਣਯੋਗ ਹੈ ਕਿ ਚੋਣ ਅਮਲੇ ਲਈ ਲੰਗਰ-ਪਾਣੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਗੁਰਦੁਆਰਾ ਬਾਬਾ ਦੀਪ ਸਿੰਘ ਪਹੁ ਵਿੰਡ ਤੋਂ ਪਹੁੰਚੇਂ ਲੰਗਰ ਨਾਲ ਮੁਲਾਜ਼ਮਾਂ ਦੇ ਢਿੱਡ ਨੂੰ ਕੁਝ ਰਾਹਤ ਤਾਂ ਮਿਲੀ, ਪਰ ਚਾਹ-ਪਕੌੜਿਆਂ ਦੇ ਲੰਗਰ ਦੇ ਦਰਸ਼ਨ 1 ਵਜੇ ਦੇ ਦਰਮਿਆਨ ਹੋਣ ਕਾਰਨ ਮੁਲਾਜ਼ਮ ਤਰਸਦੇ ਰਹੇ।