ਪੰਜ ਤੋਂ ਵੱਧ ਟਰੱਕ ਸ਼ਰਾਬ ਦੇ ਸ਼ੈਲਰ ਵਿੱਚ ਸਨ ਤੇ ਸਾਨੂੰ 8 ਘੰਟੇ ਸ਼ੈਲਰ ਦੇ ਅੰਦਰ ਨਹੀਂ ਵੜਨ ਦਿੱਤਾ
ਸਾਡੇ ਨਾਲ ਕੀਤਾ ਗਿਆ ਕ੍ਰਿਮੀਨਲਾਂ ਵਰਗਾ ਵਿਵਹਾਰ
ਪਟਿਆਲਾ, 18 ਮਈ 2019 : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਪÎਟਿਆਲਾ ਤੋਂ ਹਾਰੀ ਹੋਈ ਕਾਂਗਰਸ ਹੁਣ ਟਰੱਕਾਂ ਦੇ ਟਰੱਕ ਸ਼ਰਾਬ ਅਤੇ ਹੋਰ ਨਸੇ ਵੰਡ ਕੇ ਲੋਕਾਂ ਨੂੰ ਭਰਮਾਉਣ ਲੱਗੀ ਹੋਈ ਹੈ ਪਰ ਕਾਂਗਰਸ ਦੇ ਅਜਿਹੇ ਔਛੇ ਹਥਕੰਡੇ ਕਿਸੇ ਵੀ ਕੰਮ ਨਹੀਂ ਆਉਣਗੇ । ਸ. ਰੱਖੜਾ ਅੱਜ ਇੱਥੇ ਇੱਕ ਭਰਵੀਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਸਾਨੂੰ ਸਾਢੇ ਰਾਤੀ 9 ਵਜੇ ਦੇ ਕਰੀਬ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਫਤਿਹਪੁਰ ਪਿੰਡ ਦੇ ਇੱਕ ਸ਼ੈਲਰ ਵਿਚ 5-6 ਟਰੱਕ ਸ਼ਰਾਬ ਦੇ ਉਤਰ ਚੁੱਕੇ ਹਨ ਅਤੇ ਹੋਰ ਬਹੁਤ ਸਾਰੇ ਨਸ਼ੇ ਵੀ ਹਨ, ਜਿਸਤੋਂ ਬਾਅਦ ਉਨ੍ਹਾਂ ਨੇ ਸਾਰੇ ਕੰਮ ਛੱਡ ਕੇ ਸ਼ੈਲਰ ਦੇ ਬਾਹਰ ਡੇਰੇ ਜਾ ਲਾਏ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਆਖਿਆ ਕਿ ਇਸਤੋਂ ਬਾਅਦ ਉੱਥੇਪ ੁੱਜੇ ਪੁਲਿਸ ਅਫਸਰਾਂ ਨੇ ਸ਼ੈਲਰ ਦਾ ਗੇਟ ਖੋਲਕੇ ਅੰਦਰ ਸ਼ਰਾਬ ਜਬਤ ਕਰਨ ਦੀ ਥਾਂ ਸਾਨੂੰ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਇੱਥੇ 144 ਲੱਗੀ ਹੋਈ ਹੈ। ਉਨ੍ਹਾਂ ਆਖਿਆ ਕਿ ਇਸਤੋਂ ਬਾਅਦ ਜਦੋਂ ਸਾਡੇ ਵਰਕਰ ਉੱਥੇ ਪੁੱਜਣੇ ਸ਼ੁਰੂ ਹੋ ਗਏ ਤਾਂ ਤਹਿਸੀਲਦਾਰ, ਡੀਐਸਪੀ ਪੁੱਜੇ ਜਿਨ੍ਹਾਂ ਨੇ ਸਾਨੂੰ ਸ਼ੈਲਰ ਅੰਦਰ ਵੜਣ ਦੀ ਇਜਾਜਤ ਨਹੀਂ ਦਿੱਤੀ ਤੇ ਸਾਡੇ ਨਾਲ ਕ੍ਰਿਮੀਨਲਾਂ ਵਰਗਾ ਵਿਵਹਾਰ ਕੀਤਾ ਗਿਆ।
ਉਨ੍ਹਾਂ ਆਖਿਆ ਕਿ ਅਸੀਂ ਅਕਾਲੀ ਵਰਕਰਾਂ ਸਮੇਤ ਸ਼ੈਲਰ ਦੇ ਬਾਹਰ ਧਰਨਾ ਠੋਕ ਦਿੱਤਾ ਅਤੇ ਇਹ ਧਰਨਾ ਸਾਰੀ ਰਾਤ ਚੱਲਦਾ ਰਿਹਾ। ਆਖਿਆ ਮਾਹੌਲ ਬੇਕਾਬੂ ਹੁੰਦਾ ਦੇਖ ਸਾਨੂੰ ਕੁੱਝ ਬੰਦਿਆਂ ਨੂੰ ਲੈ ਕੇ ਅੱਜ ਸਵੇਰੇ ਸ਼ੈਲਰ ਵਿੱਚ ਲਿਜਾਇਆ ਗਿਆ, ਜਿੱਥੇ ਦੇਖਿਆ ਗਿਆ ਕਿ ਚਾਰੇ ਪਾਸੇ ਸ਼ਰਾਬ ਹੀ ਸ਼ਰਾਬ ਨਜ਼ਰ ਆ ਰਹੀ ਹੈ। ਉਨ੍ਹਾਂ ਆਖਿਆ ਕਿ ਰਾਤੀ ਸਾਢੇ 9 ਵਜੇ ਤੋਂ ਲੈ ਕੇ ਸਾਢੇ 5 ਵਜੇ ਤੱਕ 8 ਘੰਟਿਆਂ ਵਿੱਚ ਸਾਨੂੰ ਬਾਹਰ ਰੋਕ ਕੇ ਸ਼ੈਲਰ ਦੇ ਦੂਜੇ ਪਾਸਿਓ ਲੋਕਤੰਤਰ ਦਾ ਘਾਣ ਕਰਕੇ ਵੱਡੇ ਪੱਧਰ 'ਤੇ ਕਾਂਗਰਸੀ ਵਰਕਰਾਂ ਅਤੇ ਪੁਲਿਸ ਨੇ ਮਿਲਕੇ ਇੱਥੋਂ ਸ਼ਰਾਬ ਕੱਢੀ ਪਰ ਇਸਦੇ ਬਾਵਜੂਦ ਵੀ ਦੋ ਟਰੱਕਾਂ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਸ਼ੈਲਰ ਦੇ ਵਿੱਚ ਪਈਆਂ ਸਨ ਅਤੇ ਇਹ ਬੋਤਲਾਂ ਵੱਖ-ਵੱਖ ਥਾਵਾਂ 'ਤੇ ਖਿਲਰੀਆਂ ਪਈਆਂ ਸਨ। ਇੱਥੋਂ ਤੱਕ ਕਿ ਨੇੜੇ ਜਾਂਦੇ ਸੂਏ ਵਿੱਚ ਵੀ ਸ਼ਰਾਬ ਦੀਆਂ ਬੋਤਲਾਂ ਨਜ਼ਰ ਆ ਰਹੀਆਂ ਸਨ।
ਰੱਖੜਾ ਨੇ ਆਖਿਆ ਕਿ ਪੁਲਿਸ ਦੇ ਪ੍ਰਸ਼ਾਸ਼ਨ ਤੇ ਅਧਿਕਾਰੀ ਕਾਂਗਰਸ ਦੇ ਵਰਕਰ ਬਣਕੇ ਕੰਮ ਕਰਦੇ ਰਹੇ ਤੇ ਇਨ੍ਹਾਂ ਅਧਿਕਾਰੀਆਂ ਨੂੰ ਮੋਤੀ ਮਹਿਲ ਤੋਂ ਇਨ੍ਹਾ ਦਬਾਅ ਸੀ ਕਿ ਇਹ ਕੁੱਝ ਵੀ ਬੋਲਣ ਨੂੰ ਅਤੇ ਕੋਈ ਵੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਸਨ। ਰੱਖੜਾ ਨੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਪੂਰੀ ਤਰ੍ਹਾਂ ਪਟਿਆਲਾ ਵਿਖੇ ਆਪਣੀ ਪਤਨੀ ਦੀ ਹੁੰਦੀ ਹਾਰ ਨੂੰ ਦੇਖ ਕੇ ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ ਦਾ ਦਰਿਆ ਵੰਡ ਰਹੇ ਹਨ ਤੇ ਦੂਜੇ ਪਾਸੇ ਗੁਟਕੇ ਚੱਕ ਕੇ ਸੌਂਹਾਂ ਖਾਂਦੇ ਹਨ ਕਿ ਉਹ ਨਸ਼ੇ ਨੂੰ ਚਾਰ ਹਫਤਿਆਂ ਵਿੱਚ ਖਤਮ ਕਰ ਦੇਣਗੇ । ਪਰ ਕਾਂਗਰਸ ਇਹ ਸਮਝ ਲਵੇ ਕਿ ਪਟਿਆਲਾ ਦੇ ਲੋਕ ਪ੍ਰਨੀਤ ਕੌਰ ਦੀ ਜਮਾਨਤ ਵੀ ਜ਼ਬਤ ਕਰ ਦੇਣਗੇ। ਇਸ ਮੌਕੇ ਸਤਵੀਰ ਸਿੰਘ ਖੱਟੜਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਜਿਲ੍ਹਾ ਭਾਜਪਾ ਪ੍ਰਧਾਨ ਹਰਿੰਦਰ ਕੋਹਲੀ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਇੰਦਰ ਮੋਹਨ ਸਿੰਘ ਬਜਾਜ ਸਾਬਕਾ ਚੇਅਰਮੈਨ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਆਦਿ ਹਾਜਰ ਸਨ।
ਕੈਪਸ਼ਨ: ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਪ੍ਰੈਸ ਕਾਨਫਰੰਸ ਦੌਰਾਨ ਦਿਖਾਈ ਦੇ ਰਹੇ ਹਨ।
ਡੱਬੀ
ਜਿੰਮੇਵਾਰ ਅਫਸਰਾਂ ਖਿਲਾਫ ਹਾਈਕੋਰਟ ਜਾਣ ਦਾ ਐਲਾਨ
ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਇਸ ਸ਼ਰਾਬ ਨੂੰ ਫੜਨਾ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਡਿਊਟੀ ਸੀ ਪਰ ਇਹ ਅਧਿਕਾਰੀ ਕਾਂਗਰਸ ਨਾਲ ਮਿਲੇ ਹੋਏ ਹਨ ਤੇ ਜੇਕਰ ਸ਼ੈਲਰ ਮਾਲਿਕ 'ਤੇ ਇਸ ਕਾਂਡ ਦੇ ਜਿੰਮੇਵਾਰ ਅਫਸਰਾਂ ਖਿਲਾਫ ਕੇਸ ਦਰਜ ਨਾ ਹੋਇਆ ਤਾਂ ਅਕਾਲੀ ਦਲ ਹਾਈਕੋਰਟ ਜਾਵੇਗਾ। ਉਨ੍ਹਾਂ ਆਖਿਆ ਕਿ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਵੀ ਸਵੇਰੇ ਡੀਸੀ ਅਤੇ ਐਸਐਸਪੀ ਨੇ ਮੌਕੇ 'ਤੇ ਆ ਕੇ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਕਾਰਵਾਈ ਕਰਨਗੇ।