ਲੁਧਿਆਣਾ, 17 ਮਈ 2019 - ਲੋਕ ਸਭਾ ਚੋਣਾਂ 2019 ਲਈ 19 ਮਈ 2019 ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਪ੍ਰਚਾਰ ਲਈ ਤੈਅ ਸਮਾਂ ਸੀਮਾ ਮਿਤੀ 17 ਮਈ 2019 ਸ਼ਾਮ 6 ਵਜੇ ਸਮਾਪਤ ਹੋਣ ਉਪਰੰਤ ਆਦਰਸ਼ ਚੋਣ ਜ਼ਾਬਤੇ ਅਧੀਨ ਪਾਬੰਦੀਆਂ ਲਾਗੂ ਹੋ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਚੋਣ ਪ੍ਰਚਾਰ ਲਈ ਤੈਅ ਸੀਮਾ ਜੋ ਕਿ ਲੋਕ ਪ੍ਰਤੀਨਿੱਧਤਾ ਐਕਟ 1951 ਦੀ ਧਾਰਾ 126 ਅਨੁਸਾਰ ਤੈਅ ਕੀਤੀ ਗਈ ਹੈ। ਇਸ ਅਨੁਸਾਰ ਵੋਟਾਂ ਪੈਣ ਦਾ ਕਾਰਜ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਕੀਤਾ ਜਾਣਾ ਹੈ ਅਤੇ ਇਹ ਸਮਾਂ ਸੁਰੂ ਹੁੰਦੇ ਸਾਰ ਚੋਣ ਪ੍ਰਚਾਰ ਲਈ ਹਲਕੇ ਵਿੱਚ ਵੋਟਰ ਵਜੋਂ ਰਜਿਸਟਰ ਨਾ ਹੋਣ ਦੇ ਬਾਵਜੂਦ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਆਏ ਹੋਏ ਰਾਜਨੀਤਕ ਆਗੂਆਂ/ਪਾਰਟੀ ਵਰਕਰਾਂ/ਕਪੇਨ ਵਰਕਰਾਂ ਨੂੰ ਹਲਕੇ ਵਿਚੋਂ ਬਾਹਰ ਜਾਣਾ ਪਵੇਗਾ ਅਤੇ ਜ਼ਿਲ੍ਹਾ ਚੋਣ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਇਹ ਯਕੀਨੀ ਬਣਾਵੇਗਾ ਕਿ ਪ੍ਰਚਾਰ ਲਈ ਤੈਅ ਸਮਾਂ ਸਮਾਪਤ ਹੁੰਦੇ ਸਾਰ ਹਲਕੇ ਵਿਚ ਸਿਰਫ ਰਜਿਸਟਰ ਵੋਟਰ ਹੀ ਹੋਣ ਉਸ ਤੋਂ ਇਲਾਵਾ ਬਾਹਰੀ ਵਿਅਕਤੀ ਨਾ ਹੋਵੇ ਪ੍ਰੰਤੂ ਜਿਸ ਹਲਕੇ ਲੋਕ ਸਭਾ/ਵਿਧਾਨ ਸਭਾ ਹਲਕੇ ਵਿੱਚ ਵੋਟਾਂ ਪੈ ਰਹੀਆਂ ਹਨ ਉਸ ਹਲਕੇ ਦੇ ਚੁਣੇ ਹੋਏ ਐਮ.ਪੀ. ਜਾਂ ਐਮ.ਐਲ.ਏ ਜੇਕਰ ਉਸ ਹਲਕੇ ਦਾ ਵੋਟਰ ਨਾ ਵੀ ਹੋਵੇ ਤਾਂ ਵੀ ਉਸ ਨੂੰ ਹਲਕੇ ਵਿੱਚੋਂ ਬਾਹਰ ਜਾਣ ਲਈ ਨਹੀਂ ਕਿਹਾ ਜਾ ਸਕਦਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਦੇ ਪਾਲਣਾ ਲਈ ਚੋਣ ਅਮਲ ਵਿੱਚ ਲੱਗਿਆ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਅਧੀਨ ਆਉਂਦੇ ਖੇਤਰ ਵਿੱਚ ਸਥਿਤ ਕਮਿਊਨਟੀ ਸੈਂਂਟਰ/ਧਰਮਸ਼ਾਲਾ/ਲੌਜ/ਗੈਸਟ ਹਾਊਸ ਅਤੇ ਹੋਰ ਇਸ ਤਰ੍ਹਾਂ ਦੀ ਥਾਵਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਇਨ੍ਹਾਂ ਥਾਵਾਂ ਵਿੱਚ ਠਹਿਰਨ ਵਾਲਿਆਂ ਦੀ ਸੂਚੀ 'ਤੇ ਨਿਗਾਹ ਰੱਖੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਦੇ ਸ਼ਨਾਖਤੀ ਪੱਤਰ ਵੀ ਦੇਖੇ ਜਾਣ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਇਸ ਗੱਲ ਨੂੰ ਯਕੀਨੀ ਬਣਾਵੇਗਾ ਜਿਨ੍ਹਾਂ ਰਾਜਨੀਤਿਕ ਆਗੂਆਂ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਉਹ ਚੋਣ ਪ੍ਰਚਾਰ ਲਈ ਤੈਅ ਸਮਾਂ ਸੀਮਾ ਸਮਾਪਤ ਹੋਣ ਤੋਂ ਬਾਅਦ ਵੋਟਾਂ ਵਾਲੇ ਦਿਨ ਵੋਟਾਂ ਪੈਣ ਦੇ ਨਿਸ਼ਚਿਤ ਸਮੇਂ ਤੱਕ ਜਿਸ ਹਲਕੇ ਵਿੱਚ ਉਨ੍ਹਾਂ ਦੀ ਵੋਟ ਬਣੀ ਹੈ, ਉਥੇ ਹੀ ਰਹਿਣਗੇ। ਇਹ ਹੁਕਮ ਚੋਣ ਲੜ ਰਹੇ ਉਮੀਦਵਾਰਾਂ 'ਤੇ ਲਾਗੂ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਚੋਣ ਲੜ ਰਹੀਆਂ ਪਾਰਟੀਆਂ ਦੇ ਰਾਜ ਇਕਾਈ ਦੇ ਇੰਚਾਰਜ 'ਤੇ ਇਹ ਹੁਕਮ ਲਾਗੂ ਨਹੀਂ ਹੋਣਗੇ ਪ੍ਰੰਤੂ ਉਹ ਇਸ ਸਮੇਂ ਦੌਰਾਨ ਪਾਰਟੀ ਦੇ ਰਾਜ ਮੁੱਖ ਦਫ਼ਤਰ ਅਤੇ ਆਪਣੇ ਰਿਹਾਇਸ਼ੀ ਸਥਾਨ ਜਿਸ ਬਾਰੇ ਕਿ ਉਸ ਵੱਲੋਂ ਜ਼ਿਲ੍ਹਾਂ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਹੋਵੇ ਦਰਮਿਆਨ ਹੀ ਆਉਣ ਜਾਣ ਦੀ ਪ੍ਰਵਾਨਗੀ ਹੋਵੇਗੀ।
ਜ਼ਿਲ੍ਹਾਂ ਚੋਣ ਅਫਸਰ ਨੇ ਦੱਸਿਆ ਕਿ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਭਾਵ ਚੋਣ ਪ੍ਰਚਾਰ ਖਤਮ ਹੁੰਦੇ ਸਾਰ ਹੀ ਉਕਤ ਹਦਾਇਤਾਂ ਤੋਂ ਇਲਾਵਾ ਰੇਡੀਓ ਅਤੇ ਟੈਲੀਵੀਜ਼ਨ 'ਤੇ ਹੋਣ ਵਾਲੇ ਪ੍ਰਚਾਰ 'ਤੇ ਵੀ ਰੋਕ ਲੱਗ ਜਾਵੇਗੀ। 17 ਮਈ 2019 ਨੂੰ ਸ਼ਾਮ 6 ਵਜੇ ਤੋਂ ਬਾਅਦ ਕੋਈ ਵੀ ਰੇਡੀਓ 'ਤੇ ਟੈਲੀਵੀਜ਼ਨ, ਸਿਨੇਮਾ ਸਮੇਤ ਅਜਿਹੇ ਹੋਰ ਕਿਸੇ ਵੀ ਸਾਧਨ 'ਤੇ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਪੱਤਰ 3/9/2007 ਜੇ ਐਸ-11 ਮਿਤੀ 3 ਅਗਸਤ 2007 ਅਨੁਸਾਰ ਚੋਣ ਪ੍ਰਚਾਰ ਲਈ ਤੈਅ ਸਮਾਂ ਸੀਮਾਂ ਸਮਾਪਤ ਹੁੰਦੇ ਸਾਰ ਹੀ ਕੋਈ ਵੀ ਟੀ.ਵੀ. ਅਤੇ ਰੇਡੀਉ ਕਿਸੀ ਵੀ ਪਾਰਟੀ ਦੇ ਪ੍ਰਚਾਰ ਲਈ ਇਸ਼ਤਿਹਾਰ ਜਾਂ ਉਸ ਨਾਲ ਮਿਲਦਾ ਜੁਲਦਾ ਪ੍ਰੋਗਰਾਮ ਨਹੀਂ ਚਲਾ ਸਕਣਗੇ।
ਉਨ੍ਹਾਂ ਕਿਹਾ ਕਿ ਮਿਤੀ 18 ਮਈ 2019 ਅਤੇ ਮਿਤੀ 19 ਮਈ 2019 ਨੂੰ ਛਪਣ ਵਾਲੀਆਂ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਤੋਂ ਪਹਿਲਾਂ ਚੋਣ ਵਿਚ ਭਾਗ ਲੈ ਰਹੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਆਪਣੇ ਇਸ਼ਤਿਹਾਰ ਚੋਣ ਦਫਤਰ ਦੀ ਪ੍ਰਵਾਨਗੀ ਉਪਰੰਤ ਹੀ ਛਾਪ ਸਕਦੇ ਹਨ। ਇਸ ਸਮੇਂ ਦੌਰਾਨ ਬਲਕ ਐਸ.ਐਮ.ਐਸ., ਸੋਸ਼ਲ ਮੀਡੀਆ ਅਤੇ ਆਈ.ਵੀ.ਆਰ.ਐਸ. ਸੁਨੇਹਿਆਂ ਰਾਹੀਂ ਵੀ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ 'ਤੇ ਪਾਬੰਦੀ ਰਹੇਗੀ। ਇਹ ਪਾਬੰਦੀ ਮਿਤੀ 17 ਮਈ, 2019 ਨੂੰ ਸ਼ਾਮ 6 ਵਜੇ ਤੱਕ ਲਾਗੂ ਹੋਵੇਗੀ। ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਪ੍ਰਿੰਟ ਮੀਡੀਆ ਵਿੱਚ ਪ੍ਰਕਾਸ਼ਿਤ ਹੋਣ ਵਾਲੇ ਰਾਜਸੀ ਪਾਰਟੀਆਂ, ਉਮੀਦਵਾਰਾਂ ਅਤੇ ਚੋਣਾਂ ਸਬੰਧੀ ਕਿਸੇ ਕਿਸਮ ਦੇ ਵੀ ਇਸ਼ਤਿਹਾਰ ਨੂੰ ਜਾਰੀ ਕਰਨ ਤੋਂ ਪਹਿਲਾਂ ਜ਼ਿਲਾ ਪੱਧਰੀ ਐਮ.ਸੀ.ਐਮ.ਸੀ. ਤੋਂ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ।