ਮਿੱਤਰ ਸੈਨ ਸ਼ਰਮਾ
ਮਾਨਸਾ 15 ਮਈ 2019 (ਤਾਜਾ ਸਮਾਚਾਰ) 19 ਮਈ 2019 ਨੂੰ ਪੈਣ ਵਾਲੀਆਂ ਲੋਕ ਸਭਾ ਚੋਣਾਂ ਲਈ ਜ਼ਿਲ੍ਹੇ ਦੇ ਲੋਕਾਂ ਨੂੰ 100 ਫੀਸਦੀ ਵੋਟਾਂ ਦਾ ਇਸਤੇਮਾਲ ਕਰਨ ਲਈ ਵਿੱਢੀ ਸਵੀਪ ਮੁਹਿੰਮ ਤਹਿਤ ਅੱਜ ਬੁਢਲਾਡਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵੋਟਰ ਜਾਗਰੂਕਤਾ ਸਬੰਧੀ ਰੋਡ ਸ਼ੋਅ ਕੱਢਿਆ ਗਿਆ, ਜਿਸਨੂੰ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਝੰਡੀ ਦੇ ਕੇ ਰਵਾਨਾ ਕੀਤਾ। ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਕਾਰਾਂ, ਜੀਪਾਂ ਅਤੇ ਮੋਟਰਸਾਈਕਲਾਂ ਰਾਹੀਂ ਇਸ ਵਿੱਚ ਹਿੱਸਾ ਲਿਆ ਅਤੇ ਲੋਕਾਂ ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਰਿਆਤ ਨੇ ਕਿਹਾ ਕਿ ਇਸ ਰੋਡ ਸ਼ੋਅ ਦਾ ਮਕਸਦ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ 100 ਫੀਸਦੀ ਸ਼ਮੂਲੀਅਤ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹਾ ਵੋਟਿੰਗ ਪ੍ਰਤੀਸ਼ਤਤਾ ਵਿੱਚ ਅਵੱਲ ਆਉਂਦਾ ਰਿਹਾ ਹੈ ਅਤੇ ਇਸ ਵਾਰ ਵੀ ਪਹਿਲੇ ਸਥਾਨ 'ਤੇ ਆਵੇਗਾ ਕਿਉਂਕਿ ਇੱਥੋਂ ਦੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਲੀ-ਭਾਂਤ ਜਾਣੂ ਹਨ।
ਅੱਜ ਦਾ ਇਹ ਰੋਡ ਸ਼ੋਅ ਓਲੰਪੀਅਨ ਸਵਰਨ ਸਿੰਘ ਵਿਰਕ ਅਤੇ ਜ਼ਿਲ੍ਹਾ ਦਿਵਿਯਾਂਗ ਵੋਟਰ ਆਈਕਨ ਸ੍ਰੀ ਸੰਜੀਵ ਗੋਇਲ ਦੀ ਅਗਵਾਈ ਵਿੱਚ ਕੱਢਿਆ ਗਿਆ। ਖਬਰ ਲਿਖੇ ਜਾਣ ਤੱਕ ਇਹ ਰੋਡ ਸ਼ੋਅ ਮਾਨਸਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਬੁਢਲਾਡਾ ਹਲਕੇ ਦੇ ਪਿੰਡਾਂ ਲੱਲੂਆਣਾ, ਬੱਪੀਆਣਾ, ਫਫੜੇ ਭਾਈ ਕੇ, ਗੁਰਨੇ, ਬੁਢਲਾਡਾ, ਬੱਛੂਆਣਾ, ਰੱਲੀ, ਛੋਟੀ ਦਰੀਆਪੁਰ, ਵੱਡੀ ਦਰੀਆਪੁਰ, ਫੁੱਲੂਵਾਲ, ਦਾਤੇਵਾਸ, ਰੰਘੜਿਆਲ, ਖੱਤਰੀਵਾਲਾ, ਦਿਆਲਪੁਰਾ, ਸਿਰਸੀਵਾਲਾ, ਗੋਬਿੰਦਪੁਰਾ, ਜਲਵੇੜਾ, ਬਰੇਟਾ ਵਿਖੇ ਵੋਟਰਾਂ ਨੂੰ ਜਾਗਰੂਕ ਕਰ ਚੁੱਕਾ ਸੀ। ਇਸ ਉਪਰੰਤ ਇਹ ਰੋਡ ਸ਼ੋਅ ਬਹਾਦਰਪੁਰ, ਕਿਸ਼ਨਗੜ੍ਹ, ਖੁਡਾਲ ਕਲਾਂ, ਖੁਡਾਲ ਖੁਰਦ, ਬਖ਼ਸ਼ੀਵਾਲਾ, ਕਾਹਨਗੜ੍ਹ, ਜੁਗਲਾਣ, ਮੰਡੇਰ, ਕੁਲਰੀਆਂ, ਧਰਮਪੁਰਾ, ਸਸਪਾਲੀ, ਅਚਾਨਕ, ਸੈਦੇਵਾਲਾ, ਸਤੀਕੇ, ਕੁਲਾਣਾ, ਕਲੀਪੁਰ, ਮੰਡੇਰ, ਬੋਹਾ, ਮੱਲ ਸਿੰਘ ਵਾਲਾ, ਭੱਠਲ, ਬਰ੍ਹੇ, ਖਾਰਾ, ਬਰਨਾਲਾ, ਜਵਾਹਰਕੇ ਵਿਚ ਹੁੰਦਾ ਹੋਇਆ ਵਾਪਸ ਮਾਨਸਾ ਆ ਕੇ ਸਮਾਪਤ ਹੋਵੇਗਾ।
ਰੋਡ ਸ਼ੋਅ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਓਲੰਪੀਅਨ ਸਵਰਨ ਸਿੰਘ ਵਿਰਕ ਵੱਲੋਂ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਹ ਸਕੂਲੀ ਬੱਚਿਆਂ ਅਤੇ ਕਾਲਜ ਦੇ ਵਿਦਿਆਰਥੀਆਂ ਦੇ ਵੀ ਰੁ-ਬ-ਰੂ ਹੋਏ ਅਤੇ ਵੋਟਾਂ ਦੀ ਮਹੱਤਤਾ ਸਬੰਧੀ ਗੱਲਬਾਤ ਕੀਤੀ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ-ਕਮ-ਨੋਡਲ ਅਫ਼ਸਰ ਸਵੀਪ ਸ਼੍ਰੀ ਦਿਨੇਸ਼ ਵਸ਼ਿਸ਼ਟ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਰਘਬੀਰ ਸਿੰਘ ਮਾਨ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਲੇਖਾਕਾਰ ਮਨਪ੍ਰੀਤ ਸਿੰਘ ਸਿੱਧੂ, ਕੋਚ ਦੀਦਾਰ ਸਿੰਘ, ਕੋਚ ਸੰਗਰਾਮਜੀਤ ਸਿੰਘ ਤੋਂ ਇਲਾਵਾ ਰੋਡ ਸ਼ੋਅ ਵਿੱਚ ਭਾਗ ਲੈਣ ਵਾਲੇ ਨੌਜਵਾਨ ਮੌਜੂਦ ਸਨ।