ਨਵਾਂ ਸ਼ਹਿਰ, 18 ਮਈ, 2019: ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਵਿੱਚ 592 ਪੋਲਿੰਗ ਪਾਰਟੀਆਂ ਈ.ਵੀ.ਐਮਜ਼, ਵੀ ਵੀ ਪੀ ਏ ਟੀ ਅਤੇ ਹੋਰ ਲੋੜੀਂਦੀ ਚੋਣ ਸਮਗਰੀ ਪ੍ਰਾਪਤ ਕਰਕੇ ਮਤਦਾਨ ਕਰਵਾਉਣ ਲਈ ਅੱਜ ਆਪੋ-ਆਪਣੇ ਬੂਥਾਂ ਲਈ ਰਵਾਨਾ ਹੋਈਆਂ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਨੈ ਬਬਲਾਨੀ ਨੇ ਅੱਜ ਤਿੰਨਾਂ ਹਲਕਿਆਂ ਦੇ ਪੋਲਿੰਗ ਪਾਰਟੀਆਂ ਦੇ ਰਵਾਨਗੀ ਕੇਂਦਰਾਂ ਦਾ ਦੌਰਾ ਕਰਨ ਉਪਰੰਤ ਦਿੱਤੀ। ਉਨ੍ਹਾਂ ਮੌਕੇ 'ਤੇ ਪੁੱਜ ਕੇ ਪੋਲਿੰਗ ਪਾਰਟੀਆਂ ਅਤੇ ਏ ਆਰ ਓਜ਼ ਨਾਲ ਵੀ ਗੱਲਬਾਤ ਕੀਤੀ। ਸ੍ਰੀ ਬਬਲਾਨੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 46-ਬੰਗਾ ਵਿੱਚ ਚੋਣ ਸਮਗਰੀ ਦੀ ਵੰਡ ਐੱਸ.ਡੀ.ਐਮ. ਕਮ ਸਹਾਇਕ ਰਿਟਰਨਿੰਗ ਅਫ਼ਸਰ ਦੀਪ ਸ਼ਿਖਾ ਸ਼ਰਮਾ ਨੇ ਜੀ.ਐਨ. ਕਾਲਜ ਫ਼ਾਰ ਵਿਮੈਨ ਵਿਖੇ, ਹਲਕਾ 47- ਨਵਾਂਸ਼ਹਿਰ ਵਿੱਚ ਡਾ. ਵਿਨੀਤ ਕੁਮਾਰ ਐਸ.ਡੀ.ਐਮ ਕਮ ਏ.ਆਰ.ਓ ਵੱਲੋਂ ਦੋਆਬਾ ਕਾਲਜ ਛੋਕਰਾਂ ਅਤੇ ਹਲਕਾ 48-ਬਲਾਚੌਰ ਦੇ ਚੋਣ ਅਮਲੇ ਨੂੰ ਬਿਜਲਈ ਚੋਣ ਮਸ਼ੀਨਾਂ, ਵੀ ਵੀ ਪੀ ਏ ਟੀ ਅਤੇ ਹੋਰ ਚੋਣ ਸਮੱਗਰੀ ਜਸਵੀਰ ਸਿੰਘ ਐਸ.ਡੀ.ਐਮ ਕਮ ਏ.ਆਰ.ਓ. ਦੀ ਹਾਜ਼ਰੀ ਵਿੱਚ ਬੀ.ਏ.ਵੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਕੀਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਤਾਇਨਾਤ ਕੀਤੇ ਗਏ 44 ਸੈਕਟਰ ਅਫ਼ਸਰ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਪੈਟਰੋਲਿੰਗ ਪਾਰਟੀਆਂ ਸ਼ਾਂਤੀ ਪੂਰਵਕ ਢੰਗ ਨਾਲ ਚੋਣਾਂ ਕਰਵਾਉਣ ਲਈ ਨਿਰਧਾਰਿਤ ਕੀਤੇ ਗਏ ਪੋਲਿੰਗ ਸਟੇਸ਼ਨਾਂ 'ਤੇ ਸਮੇਂ-ਸਮੇਂ ਦੌਰਾ ਕਰਦੀਆਂ ਰਹਿਣਗੀਆਂ ਅਤੇ ਪੋਲਿੰਗ ਬੂਥਾਂ ਸਬੰਧੀ ਪੋਲਿੰਗ ਪ੍ਰਤੀਸ਼ਤ ਅਤੇ ਅਮਨ ਕਾਨੂੰਨ ਦੀ ਸਥਿਤੀ ਸਬੰਧੀ ਸੂਚਨਾ ਰਿਟਰਨਿੰਗ ਅਫ਼ਸਰਾਂ ਨੂੰ ਦੇਣਗੀਆਂ। ਉਨ੍ਹਾਂ ਦੱਸਿਆ ਕਿ ਚੋਣ ਬੂਥਾਂ ਦੇ ਪ੍ਰੀਜ਼ਾਈਡਿੰਗ ਅਫ਼ਸਰ ਮੋਕ ਪੋਲਿੰਗ, ਪੋਲਿੰਗ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਕਰਨਗੇ ਅਤੇ ਉਸ ਤੋਂ ਬਾਅਦ ਹਰ ਦੋ ਘੰਟਿਆਂ ਤੇ ਫਿਰ ਸ਼ਾਮ ਨੂੰ ਪੋਲਿੰਗ ਦੀ ਸਮਾਪਤੀ 'ਤੇ ਮਤਦਾਨ ਪ੍ਰਤੀਸ਼ਤਤਾ ਦੀ ਸੂਚਨਾ ਦਿੰਦੇ ਰਹਿਣਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਬੰਗਾ ਵਿੱਚ 196 ਚੋਣ ਬੂਥ, 165163 ਮਤਦਾਤਾ (84787 ਪੁਰਸ਼, 80372 ਮਹਿਲਾਵਾਂ ਅਤੇ ਚਾਰ ਟ੍ਰਾਂਸਜੈਂਡਰ), ਨਵਾਂ ਸ਼ਹਿਰ ਵਿੱਚ 206 ਚੋਣ ਬੂਥ, 173099 ਮਤਦਾਤਾ (88498 ਪੁਰਸ਼, 84592 ਮਹਿਲਾਵਾਂ ਤੇ 9 ਟ੍ਰਾਂਸਜੈਂਡਰ) ਅਤੇ ਬਲਾਚੌਰ ਵਿੱਚ 190 ਮਤਦਾਨ ਕੇਂਦਰ, 152301 ਮਤਦਾਤਾ (79303 ਪੁਰਸ਼, 72993 ਮਹਿਲਾਵਾਂ ਅਤੇ 5 ਟ੍ਰਾਂਸਜੈਂਡਰ) ਹਨ। ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਜ਼ਿਲ੍ਹੇ ਵਿੱਚ ਨਿਰਪੱਖ ਤੇ ਭੈਅ ਰਹਿਤ ਮਤਦਾਨ ਲਈ 150 ਪੋਲਿੰਗ ਬੂਥਾਂ ਨੂੰ ਮਾਈਕਰੋ ਅਬਜ਼ਰਵਰਾਂ, 296 ਪੋਲਿੰਗ ਬੂਥਾਂ ਨੂੰ ਵੈੱਬ ਕਾਸਟਿੰਗ, 280 ਪੋਲਿੰਗ ਬੂਥਾਂ ਨੂੰ ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲਾਂ ਦੀ ਨਿਗਰਾਨੀ ਅਤੇ 40 ਬੂਥਾਂ ਦੇ ਮਤਦਾਨ ਨੂੰ ਵੀਡਿਓਗ੍ਰਾਫ਼ੀ ਹੇਠ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ 19 ਮਈ ਨੂੰ ਵੋਟਾਂ ਪੈਣ ਦਾ ਸਮਾਂ ਸਵੇਰੇ 7.00 ਵਜੇ ਤੋਂ ਸ਼ਾਮ 6.00 ਵਜੇ ਤੱਕ ਦਾ ਹੋਵੇਗਾ। ਵੋਟ ਪਾਉਣ ਲਈ ਵੋਟਰ ਕੋਲ ਫ਼ੋਟੋ ਸ਼ਨਾਖ਼ਤੀ ਕਾਰਡ ਜਾਂ ਬੀ.ਐਲ.ਓ. ਵੱਲੋਂ ਜਾਰੀ ਕੀਤੀ ਗਈ ਵੋਟਰ ਪਰਚੀ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਕਾਰਨ ਵੋਟਰ ਸੂਚੀ ਵਿੱਚ ਵੋਟਰ ਦੀ ਫ਼ੋਟੋ ਨਾ ਲੱਗੀ ਹੋਵੇ ਜਾਂ ਮਿਸ ਪ੍ਰਿੰਟ ਹੋਵੇ ਜਾਂ ਵੋਟਰ ਦਾ ਸ਼ਨਾਖ਼ਤੀ ਕਾਰਡ ਗੁੰਮ ਹੋ ਗਿਆ ਹੋਵੇ ਤਾਂ ਉਨ੍ਹਾਂ ਹਾਲਤਾਂ ਵਿੱਚ ਵੋਟਰ ਕੋਲ ਵੋਟ ਪਾਉਣ ਲਈ ਸਰਕਾਰ ਵੱਲੋਂ ਜਾਰੀ ਕੀਤੇ ਗਏ ਫ਼ੋਟੋ ਵਾਲੇ ਹੋਰ ਦਸਤਾਵੇਜ਼ ਜਿਨ੍ਹਾਂ ਵਿੱਚ ਪਾਸਪੋਰਟ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਕਿਸੇ ਵੀ ਸਰਕਾਰੀ ਕਰਮਚਾਰੀ ਨੂੰ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਫ਼ੋਟੋ ਸ਼ਨਾਖ਼ਤੀ ਕਾਰਡ, ਬੈਂਕ/ਡਾਕਘਰ ਵੱਲੋ ਜਾਰੀ ਪਾਸ ਬੁੱਕ ਜਾ ਕਿਸਾਨ ਬੁੱਕ ਜਿਸ 'ਤੇ ਵੋਟਰ ਦੀ ਫ਼ੋਟੋ ਲੱਗੀ, ਜ਼ਰੂਰ ਹੋਵੇ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਮਤਦਾਨ ਦੌਰਾਨ ਅਮਨ, ਕਾਨੂੰਨ ਤੇ ਸਦਭਾਵਨਾ ਪੂਰਨ ਮਾਹੌਲ ਬਣਾਈ ਰੱਖਣ ਦੀ ਅਪੀਲ ਵੀ ਕੀਤੀ।