ਨਵਾਂ ਸ਼ਹਿਰ, 17 ਮਈ, 2019 : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਸ਼ਾਮਿਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਵਿੱਚ ਲਾਏ ਗਏ ਚੋਣ ਸਟਾਫ਼ ਨੂੰ ਕਲ੍ਹ 18 ਮਈ ਨੂੰ ਚੋਣ ਸਮੱਗਰੀ ਦੇ ਕੇ ਡਿਊਟੀ ਸਥਾਨਾਂ ’ਤੇ ਰਵਾਨਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅੱਜ ਜ਼ਿਲ੍ਹੇ ਦੇ 592 ਪੋਲਿੰਗ ਬੂਥਾਂ ’ਤੇ ਲਾਏ ਗਏ ਪੋਲਿੰਗ ਸਟਾਫ਼ ਦੀ ਜਨਰਲ ਅਬਜ਼ਰਵਰ ਪੀ ਦਿਆਨੰਦ ਦੀ ਮੌਜੂਦਗੀ ’ਚ ਬੂਥ ਵਾਰ ਰੈਂਡੇਮਾਈਜ਼ੇਸ਼ਨ ਨੂੰ ਅੰਤਮ ਰੂਪ ਦਿੱਤਾ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਗਾ ਹਲਕੇ ਦੀਆਂ 196 ਪੋਲਿੰਗ ਪਾਰਟੀਆਂ ਨੂੰ ਜੀ.ਐਨ. ਕਾਲਜ ਫ਼ਾਰ ਵਿਮੈਨ ਬੰਗਾ, ਨਵਾਂਸ਼ਹਿਰ ਹਲਕੇ ਦੀਆਂ 206 ਪੋਲਿੰਗ ਪਾਰਟੀਆਂ ਨੂੰ ਦੋਆਬਾ ਕਾਲਜ ਛੋਕਰਾਂ, ਰਾਹੋਂ ਅਤੇ ਬਲਾਚੌਰ ਹਲਕੇ ਦੀਆਂ 190 ਪੋਲਿੰਗ ਪਾਰਟੀਆਂ ਨੂੰ ਬੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਤੋਂ ਚੋਣ ਸਮੱਗਰੀ, ਈ.ਵੀ.ਐਮਜ਼ ਤੇ ਵੀ ਵੀ ਪੀ ਏ ਟੀ ਦੇ ਕੇ ਉਨ੍ਹਾਂ ਦੇ ਡਿਊਟੀ ਸਥਾਨਾਂ ’ਤੇ ਰਵਾਨਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਵਿੱਚ ਕੁੱਲ 490563 ਮਤਦਾਤਾ ਰਜਿਸਟਰ ਕੀਤੇ ਗਏ ਹਨ, ਜੋ ਕਿ 19 ਮਈ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ 252588 ਪੁਰਸ਼, 237957 ਮਹਿਲਾ ਅਤੇ 18 ਟ੍ਰਾਂਸਜੈਂਡਰ ਮਤਦਾਤਾ ਹਨ। ਹਲਕਾਵਾਰ ਵੰਡ ਅਨੁਸਾਰ ਬੰਗਾ ਦੇ 165163 ਮਤਦਾਤਾਵਾਂ ਵਿੱਚੋਂ 84787 ਪੁਰਸ਼, 80372 ਮਹਿਲਾ ਅਤੇ 4 ਟ੍ਰਾਂਸਜੈਂਡਰ ਮਤਦਾਤਾ ਹਨ। ਨਵਾਂਸ਼ਹਿਰ ਦੇ 173099 ਮਤਦਾਤਾਵਾਂ ਵਿੱਚੋਂ 88498 ਪੁਰਸ਼, 84592 ਮਹਿਲਾ ਅਤੇ 9 ਟ੍ਰਾਂਸਜੈਂਡਰ ਵੋਟਰ ਹਨ। ਬਲਾਚੌਰ ਹਲਕੇ ਵਿੱਚ 152301 ਵੋਟਰਾਂ ਵਿੱਚੋਂ 79303 ਪੁਰਸ਼, 72993 ਮਹਿਲਾ ਤੇ 5 ਟ੍ਰਾਂਸਜੈਂਡਰ ਮਤਦਾਤਾ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 427 ਪੋਲਿੰਗ ਸਥਾਨ ਹਨ ਜਿੱਥੇ 592 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਮਤਦਾਨ ਦੌਰਾਨ ਨਿਰਪੱਖ ਤੇ ਭੈਅ-ਰਹਿਤ ਮਾਹੌਲ ਬਣਾਈ ਰੱਖਣ ਅਤੇ ਅਮਨ ਤੇ ਕਾਨੂੰਨ ਬਰਕਰਾਰ ਰੱਖਣ ਲਈ 1554 ਅਰਧ ਸੈਨਿਕ ਬਲ ਅਤੇ ਪੁਲਸ ਜੁਆਨ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ 592 ਚੋਣ ਬੂਥਾਂ ’ਤੇ 2368 ਅਧਿਕਾਰੀਆਂ/ਕਰਮਚਾਰੀਆਂ ਦਾ ਪੋਲਿੰਗ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਨਾਜ਼ੁਕ/ਸੰਵੇਦਨਸ਼ੀਲ ਪੋਲਿੰਗ ਬੂਥਾਂ ’ਚੋਂ 150 ’ਤੇ ਮਾਈਕ੍ਰੋ ਅਬਜ਼ਰਵਰ ਲਾਏ ਗਏ ਹਨ। ਇਸੇ ਤਰ੍ਹਾਂ 296 ਬੂਥਾਂ ਦੀ ਵੈਬ ਕਾਸਿਟੰਗ ਕਰਵਾਈ ਜਾਵੇਗੀ ਜਦਕਿ 40 ਬੂਥਾਂ ਦੀ ਵੀਡਿਓਗ੍ਰਾਫ਼ੀ ਕਰਵਾਈ ਜਾਵੇਗੀ।
ਇਸ ਮੌਕੇ ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ, ਏ ਡੀ ਸੀ (ਜ) ਸ੍ਰੀਮਤੀ ਅਨੁਪਮ ਕਲੇਰ, ਐਸ ਪੀ (ਐਚ) ਹਰੀਸ਼ ਦਿਆਮਾ, ਚੋਣ ਤਹਿਸੀਲਦਾਰ ਹਰੀਸ਼ ਕੁਮਾਰ, ਨੋਡਲ ਅਫ਼ਸਰ ਮੈਨ ਪਾਵਰ ਦਨੇਸ਼ ਕੁਮਾਰ, ਚੋਣ ਕਾਨੂੰਗੋ ਵਿਵੇਕ ਮੋਇਲਾ ਅਤੇ ਜ਼ਿਲ੍ਹਾ ਸੂਚਨਾ ਅਫ਼ਸਰ ਵਿਸ਼ਾਲ ਸ਼ਰਮਾ ਵੀ ਮੌਜੂਦ ਸਨ।