ਚੰਡੀਗੜ੍ਹ 18 ਮਈ 2019: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰੇਆਮ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਕੰਮਕਾਜ ਨੂੰ ਭੰਡਣ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਬਰਖ਼ਾਸਤ ਕਰਨਾ ਚਾਹੀਦਾ ਹੈ ਜਾਂ ਫਿਰ ਖ਼ੁਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਇੱਥੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੰਸਦੀ ਲੋਕਤੰਤਰ ਅੰਦਰ ਸਾਰੇ ਮੰਤਰੀਆਂ ਦੀ ਇੱਕ ਸੁਰ ਹੋਣੀ ਚਾਹੀਦੀ ਹੈ ਅਤੇ ਜਿਹੜਾ ਮੰਤਰੀ ਸਰਕਾਰ ਦਾ ਸਮਰਥਨ ਨਹੀਂ ਕਰਦਾ, ਉਸ ਦੀ ਤੁਰੰਤ ਛੁੱਟੀ ਕਰ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਿੱਧੂ ਸਿਰਫ਼਼ ਇੱਕ ਵਿਰੋਧੀ ਵਿਚਾਰ ਰੱਖਣ ਵਾਲਾ ਆਗੂ ਨਹੀਂ ਹੈ, ਸਗੋਂ ਉਸ ਨੇ ਸ਼ਰੇਆਮ ਇਹ ਕਹਿੰਦਿਆਂ ਆਪਣੇ ਮੁੱਖ ਮੰਤਰੀ ਖ਼ਿਲਾਫ਼ ਬਗ਼ਾਵਤ ਕੀਤੀ ਹੈ ਕਿ ਅਕਾਲੀ ਦਲ ਅਤੇ ਕਾਂਗਰਸ 75 ਅਤੇ 25 ਦੇ ਅਨੁਪਾਤ ਨਾਲ ਇੱਕ ਦੋਸਤਾਨਾ ਮੈਚ ਖੇਡ ਰਹੇ ਹਨ। ਜਿਸ ਦਾ ਸਿੱਧਾ ਅਰਥ ਇਹ ਹੈ ਕਿ ਅਕਾਲੀਆਂ ਅਤੇ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਵਿਚਕਾਰ ਅੰਦਰਖਾਤੇ ਇੱਕ ਸਮਝੌਤਾ ਹੋ ਚੁੱਕਿਆ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਸਿੱਧੂ ਦਾ ਇਹ ਦੋਸ਼ ਵੀ ਹੈਰਾਨ ਕਰਨ ਵਾਲਾ ਹੈ ਕਿ ਅਮਰਿੰਦਰ ਸਿੰਘ ਕੇਬਲ ਅਤੇ ਰੇਤ ਮਾਫ਼ੀਆ ਪ੍ਰਤੀ ਨਰਮੀ ਵਰਤ ਰਿਹਾ ਹੈ, ਜੋ ਕਿ ਸ਼ਰੇਆਮ ਆਪਣੇ ਆਗੂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਉਣ ਦੇ ਬਰਾਬਰ ਹੈ। ਕੋਈ ਵੀ ਗ਼ੈਰਤਮੰਦ ਮੁੱਖ ਮੰਤਰੀ ਅਜਿਹੇ ਬਾਗ਼ੀ ਮੰਤਰੀ ਨੂੰ ਆਪਣੀ ਕੈਬਨਿਟ ਅੰਦਰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਦੱਸਿਆ ਕਿ ਸਿੱਧੂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਖ਼ੁਲਾਸਾ ਕੀਤਾ ਸੀ ਕਿ ਰੇਤ ਮਾਫ਼ੀਆ ਬਾਰੇ ਉਸ ਵੱਲੋਂ ਭੇਜੀ ਰਿਪੋਰਟ ਮੁੱਖ ਮੰਤਰੀ ਦੇ ਦਫ਼ਤਰ ਵਿਚ ਪਈ ਧੂੜ ਚੱਟ ਰਹੀ ਹੈ ਅਤੇ ਕੇਬਲ ਮਾਫ਼ੀਆ ਬਾਰੇ ਪੁੱਛੇ ਉਸ ਦੇ ਸਵਾਲਾਂ ਨੂੰ ਅਣਸੁਣਿਆ ਕਰ ਦਿੱਤਾ, ਕਿਉਂਕਿ ਮੁੱਖ ਮੰਤਰੀ ਅੰਦਰਖਾਤੇ ਇਹਨਾਂ ਨਾਲ ਮਿਲਿਆ ਹੋਇਆ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਮੰਤਰੀਆਂ ਨੂੰ ਆਪਣੀ ਵੱਖਰੀ ਰਾਇ ਰੱਖਣ ਦਾ ਅਧਿਕਾਰ ਹੁੰਦਾ ਹੈ ਅਤੇ ਉਹ ਕੈਬਨਿਟ ਮੀਟਿੰਗਾਂ ਵਿਚ ਆਪਣੇ ਮਤਭੇਦ ਰੱਖ ਸਕਦੇ ਹਨ। ਪਰੰਤੂ ਇੱਕ ਵਾਰ ਕੈਬਨਿਟ ਵੱਲੋਂ ਫ਼ੈਸਲਾ ਲਏ ਜਾਣ ਮਗਰੋਂ ਸਾਰੇ ਮੰਤਰੀਆਂ ਨੂੰ ਇਸ ਦਾ ਸਮਰਥਨ ਕਰਨਾ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਰ ਸਿੱਧੂ ਨੇ ਨਾ ਸਿਰਫ ਸਰਕਾਰ ਦੇ ਕੰਮਕਾਜ ਦੇ ਤਰੀਕੇ ਵਿਰੁੱਧ ਆਵਾਜ਼ ਉਠਾਈ ਹੈ, ਸਗੋਂ ਮੁੱਖ ਮੰਤਰੀ ਖ਼ਿਲਾਫ਼ ਸਿੱਧੇ ਦੋਸ਼ ਲਾਏ ਹਨ, ਜਿਸ ਕਰਕੇ ਉਸ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਬਾਗ਼ੀ ਮੰਤਰੀ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਸਕਦਾ ਤਾਂ ਉਸ ਨੂੰ ਖ਼ੁਦ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਮੁੱਢਲਾ ਸਿਧਾਂਤ ਇਹੀ ਮੰਗ ਕਰਦਾ ਹੈ ਕਿ ਸਾਰੇ ਮੰਤਰੀਆਂ ਨੂੰ ਤੈਰਨਾ ਅਤੇ ਡੁੱਬਣਾ ਇਕੱਠੇ ਚਾਹੀਦਾ ਹੈ ਅਤੇ ਵਿਰੋਧੀ ਸੁਰ ਵਾਲੇ ਨੂੰ ਬਾਹਰ ਦਾ ਰਸਤਾ ਵਿਖਾ ਦੇਣਾ ਚਾਹੀਦਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਸਿੱਧੂ ਲਗਾਤਾਰ ਮੁੱਖ ਮੰਤਰੀ ਬਾਰੇ ਪੁੱਠਾ ਸਿੱਧਾ ਬੋਲਦਾ ਰਹਿੰਦਾ ਹੈ, ਕਿਉਂਕਿ ਉਸ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਨਾਲ ਨੇੜਲੇ ਸੰਬੰਧ ਬਣਾ ਰੱਖੇ ਹਨ ਅਤੇ ਸੋਚਦਾ ਹੈ ਕਿ ਅਮਰਿੰਦਰ ਉਸ ਨੂੰ ਛੂਹ ਨਹੀਂ ਸਕਦਾ।