ਚੰਡੀਗੜ, 19 ਮਈ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਚੋਣ ਸਰਵੇਖਣਾਂ ਨੂੰ ਰੱਦ ਕਰਦਿਆਂ ਆਖਿਆ ਕਿ ਇਨਾਂ ਦੀ ਪ੍ਰਮਾਣਿਕਤਾ ਸ਼ੱਕੀ ਹੈ ਅਤੇ ਉਨਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਕਾਂਗਰਸ ਕੌਮੀ ਪੱਧਰ ’ਤੇ ਅਤੇ ਸੂਬੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ।
ਬਹੁਤੇ ਚੋਣ ਸਰਵੇਖਣ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਦੇ ਸਪਸ਼ਟ ਰੂਪ ਵਿਚ ਜਾਂ ਅਸਪਸ਼ਟ ਰੂਪ ਵਿੱਚ ਬਹੁਮਤ ਹਾਸਲ ਕਰਨ ਦੇ ਅਨੁਮਾਨ ਲਾ ਰਹੇ ਹਨ ਜਦਕਿ ਇਨਾਂ ਚੋਣ ਸਰਵੇਖਣਾਂ ਵਿੱਚ ਹੀ ਪੰਜਾਬ ਵਿੱਚ ਕਾਂਗਰਸ ਲਈ 13 ਵਿਚੋਂ 9-10 ਸੀਟਾਂ ਆਉਣ ਦਾ ਵੀ ਅਨੁਮਾਨ ਲਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ 50 ਸਾਲ ਸਿਆਸਤ ਵਿਚ ਰਹਿਣ ਤੋਂ ਬਾਅਦ ਉਨਾਂ ਨੂੰ ਐਗਜਿਟ ਪੋਲ ਵਿਚ ਕਿਸੇ ਵੀ ਤਰਾਂ ਦਾ ਵਿਸ਼ਵਾਸ਼ ਰੱਖਣ ਦਾ ਕੋਈ ਕਾਰਨ ਨਹੀਂ ਦਿਸਦਾ ਕਿਉਂ ਜੋ ਅਜਿਹੇ ਐਗਜਿਟ ਪੋਲ ਨਤੀਜਿਆਂ ਬਾਰੇ ਸਹੀ ਅਨੁਮਾਨ ਨਹੀਂ ਲਾ ਸਕਦੇ। ਉਨਾਂ ਕਿਹਾ, ‘‘ ਏਨਾ ਲੰਮਾ ਤਜਰਬਾ ਹੋਣ ’ਤੇ ਜੇਕਰ ਮੈਂ ਵੀ ਵੋਟਰਾਂ ਦੇ ਰੁਝਾਨ ਦਾ ਪਤਾ ਲਾਉਣ ਲਈ ਪੰਜਾਬ ਦਾ ਗੇੜਾ ਲਾਵਾਂ ਤਾਂ ਮੈਂ ਪੂਰੀ ਤਰਾਂ ਸਹੀ ਪੱਖ ਸਾਹਮਣੇ ਨਹੀ ਰੱਖ ਸਕਾਂਗਾ ਤਾਂ ਫਿਰ ਅਜਿਹੇ ਐਗਜਿਟ ਪੋਲ ਪ੍ਰਮਾਣਿਤ ਕਿਵੇਂ ਹੋ ਸਕਦੇ ਹਨ।’’
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਇਨਾਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ। ਉਨਾਂ ਕਿਹਾ ਪੰਜਾਬ ਵਿਚ ਤਾਂ ਐਗਜ਼ਿਟ ਪੋਲ ਵਿੱਚ ਭਾਵੇਂ ਕਾਂਗਰਸ ਨੂੰ 9-10 ਸੀਟਾਂ ਮਿਲਣ ਦੀ ਭੱਵਿਖਵਾਣੀ ਕੀਤੀ ਗਈ ਹੈ ਪਰ ਉਨਾਂ ਨੂੰ ਆਸ ਹੈ ਕਿ ਪਾਰਟੀ ਇਸ ਤੋਂ ਵੱਧ ਸੀਟਾਂ ਹਾਸਲ ਕਰੇਗੀ।
ਮੁੱਖ ਮੰਤਰੀ ਨੇ ਚੋਣਾਂ ਨੂੰ ਸ਼ਾਤਮਈ, ਆਜ਼ਾਦ, ਸੁਚਾਰੂ ਅਤੇ ਨਿਰਪੱਖ ਢੰਗ ਨਾਲ ਸਿਰੇ ਚਾੜਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਵੋਟ ਪ੍ਰਤੀਸ਼ਤ ਤੋਂ ਇਹ ਸੰਕੇਤ ਮਿਲਦਾ ਹੈ ਕਿ ਲੋਕ ਮੁਲਕ ਦੀਆਂ ਜਮਹੂਰੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਪੂਰੀ ਤਰਾਂ ਵਚਨਬੱਧ ਹਨ ਜਿਨਾਂ ਨੂੰ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਵੱਲੋਂ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ।