ਬਠਿੰਡਾ ਲੋਕ ਸਭਾ ਹਲਕੇ 'ਚ 73.90ਫ਼ੀਸਦੀ ਪਈਆਂ ਵੋਟਾਂ-ਡੀ.ਸੀ.
23 ਮਈ ਨੂੰ ਆਉਣਗੇ ਨਤੀਜ਼ੇ
ਬਠਿੰਡਾ, 19 ਮਈ , 2019 : 17ਵੀਆਂ ਲੋਕ ਸਭਾ ਚੋਣਾਂ ਦੇ ਅੱਜ ਆਖਰੀ ਗੇੜ ਦੌਰਾਨ ਬਠਿੰਡਾ ਸੰਸਦੀ ਹਲਕੇ ਵਿੱਚ ਵੋਟਾਂ ਦੀ ਪ੍ਰੀਕ੍ਰਿਆ ਕੁਝ ਛਿਟਪੁਟ ਘਟਨਾਵਾਂ ਨੂੰ ਛੱਡ ਕੇ ਅਮਨ-ਅਮਾਨ ਨਾਲ ਹੋ ਨਿਬੜਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਬੀ ਸ਼੍ਰੀਨਿਵਾਸਨ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਲੋਕਾਂ ਵਿੱਚ ਵੋਟ ਪਾਉਣ ਦਾ ਉਤਸ਼ਾਹ ਪਾਇਆ ਗਿਆ ਅਤੇ ਦੁਪਹਿਰ ਤੱਕ ਤਕਰੀਬਨ 30 ਤੋਂ 35 ਪ੍ਰਤੀਸ਼ਤ ਮਤਦਾਤਾ ਆਪਣੀ ਵੋਟ ਦਾ ਭੁਗਤਾਨ ਕਰ ਚੁੱਕੇ ਸਨ ।
ਵੋਟਾਂ ਦੀ ਪ੍ਰੀਕ੍ਰਿਆ ਵਿੱਚ ਬਾਅਦ ਦੁਪਹਿਰ ਤੇਜ਼ੀ ਆਈ ਅਤੇ ਸ਼ਾਮ 5 ਵਜੇ ਤੱਕ 62 ਪ੍ਰਤੀਸ਼ਤ ਤੋਂ ਵੀ ਵੱਧ ਵੋਟਰਾਂ ਵੱਲੋਂ ਵੋਟਾਂ ਭੁਗਤਾ ਦਿੱਤੀਆਂ ਗਈਆਂ ਸਨ। ਸ਼੍ਰੀਨਿਵਾਸਨ ਨੇ ਸਮੁੱਚੀ ਚੋਣ ਪ੍ਰੀਕ੍ਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚੜਾਉਣ 'ਤੇ ਚੋਣ ਅਮਲੇ ਨੂੰ ਜਿੱਥੇ ਵਧਾਈ ਦਿੱਤੀ ਉਥੇ ਨਾਲ ਹੀ ਉਨ੍ਹਾਂ ਸਮੂਹ ਵੋਟਰਾਂ ਅਤੇ ਆਮ ਲੋਕਾਂ ਦਾ ਇਸ ਦੌਰਾਨ ਸਹਿਯੋਗ ਦੇਣ 'ਤੇ ਧੰਨਵਾਦ ਵੀ ਕੀਤਾ।
ਸ੍ਰੀਨਿਵਾਸਨ ਨੇ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਠਿੰਡਾ ਸ਼ਹਿਰੀ ਹਲਕੇ 'ਚ 67.60ਫ਼ੀਸਦੀ, ਬਠਿੰਡਾ ਦਿਹਾਤੀ ਹਲਕੇ 'ਚ 73ਫ਼ੀਸਦੀ, ਤਲਵੰਡੀ ਸਾਬੋ ਹਲਕੇ 'ਚ 71ਫ਼ੀਸਦੀ, ਭੁੱਚੋ ਮੰਡੀ ਹਲਕੇ 'ਚ 74.73 ਫ਼ੀਸਦੀ, ਮੌੜ ਹਲਕੇ 'ਚ 73.40ਫ਼ੀਸਦੀ, ਮਾਨਸਾ ਹਲਕੇ 'ਚ 75ਫ਼ੀਸਦੀ, ਬੁਢਲਾਡਾ ਹਲਕੇ 'ਚ 79ਫ਼ੀਸਦੀ, ਸਰਦੂਲਗੜ੍ਹ ਹਲਕੇ 'ਚ 77.50ਫ਼ੀਸਦੀ, ਅਤੇ ਲੰਬੀ ਹਲਕੇ 'ਚ 73.84ਫ਼ੀਸਦੀ ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ 'ਚ ਕੁੱਲ ਵੋਟ ਪ੍ਰਤੀਸ਼ਤਾ 73.90ਫ਼ੀਸਦੀ ਰਹੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਵੋਟਾਂ ਦੌਰਾਨ ਇਨਫਰਮੇਸ਼ਨ ਤਕਨਾਲੋਜੀ ਚੈਂਪੀਅਨਸ਼ਿਪ, ਸਟੇਟ ਅਵਾਰਡ ਅਤੇ ਸਟੇਟ ਅਯੋਗਤਾ ਅਵਾਰਡ ਜੇਤੂ ਸ਼੍ਰੀ ਯਸ਼ਵੀਰ ਗੋਇਲ ਜਿਸ ਨੂੰ ਚੋਣ ਕਮਿਸ਼ਨ ਵਲੋਂ ਪੰਜਾਬ ਦਾ ਚੋਣ ਅੰਬੇਸਡਰ ਵੀ ਨਿਯੁਕਤ ਕੀਤਾ ਗਿਆ ਹੈ, ਨੇ ਵੀ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਅਤੇ ਹੋਰਨਾਂ ਵੋਟਰਾਂ ਨੂੰ ਵੀ ਪ੍ਰੇਰਿਤ ਕੀਤਾ।
ਸ੍ਰੀਨਿਵਾਸਨ ਨੇ ਅੱਗੇ ਦੱਸਿਆ ਕਿ ਲੋਕ ਸਭਾ ਚੋਣਾਂ ਦੀ ਗਿਣਤੀ 23 ਮਈ 2019 ਨੂੰ ਆਈ.ਐਚ.ਐਮ. ਅਤੇ ਪੈਸਕੋ ਵਿਖੇ ਜ਼ਿਲ੍ਹੇ ਨਾਲ ਸਬੰਧਤ ਪੰਜ ਵਿਧਾਨ ਸਭਾ ਹਲਕਿਆਂ (ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਮੌੜ, ਤਲਵੰਡੀ ਸਾਬੋ ਤੇ ਭੁੱਚੋ ਮੰਡੀ ) ਅਤੇ ਲੰਬੀ ਵਿਧਾਨ ਸਭਾ ਹਲਕਾ ਚ ਪਈਆਂ ਵੋਟਾਂ ਦੀ ਗਿਣਤੀ ਹੋਵੇਗੀ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ (ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ) ਦੀ ਗਿਣਤੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿਖੇ ਕੀਤੀ ਜਾਵੇਗੀ।