ਚੋਣਾਂ ਦੌਰਾਨ ਅਮਨ ਤੇ ਸ਼ਾਂਤੀ ਬਣਾਈ ਰੱਖਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ
ਪੁਲਿਸ ਤੇ ਅਰਧ ਸੁਰੱਖਿਆ ਬਲਾਂ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜਾਮ-ਸਿੱਧੂ
ਪਟਿਆਲਾ, 18 ਮਈ 2019: ਲੋਕ ਸਭਾ ਚੋਣਾਂ ਲਈ ਵੋਟਾਂ 19 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੁਆਈਆਂ ਜਾਣਗੀਆਂ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਨ੍ਹਾਂ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਤੇ ਅਮਨ-ਅਮਾਨ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅੱਜ ਲੋਕ ਸਭਾ ਹਲਕਾ ਪਟਿਆਲਾ ਦੇ 1922 ਪੋਲਿੰਗ ਬੂਥਾਂ ਵਿਖੇ ਵੋਟਾਂ ਪੁਆਉਣ ਲਈ ਚੋਣ ਅਮਲੇ ਦੀਆਂ ਰਵਾਨਾ ਕੀਤੀਆਂ 1922 ਪੋਲਿੰਗ ਪਾਰਟੀਆਂ ਚੋਣ ਸਮੱਗਰੀ ਸਮੇਤ ਦੇਰ ਸ਼ਾਮ ਤੱਕ ਆਪਣੇ ਪੋਲਿੰਗ ਸਟੇਸ਼ਨਾਂ ਵਿਖੇ ਪੁੱਜ ਗਈਆਂ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੋਲਿੰਗ ਪਾਰਟੀਆਂ ਨੂੰ ਲੋਕ ਸਭਾ ਹਲਕੇ ਦੇ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਵੱਲੋਂ ਚੋਣ ਅਮਲ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰੀਜ਼ਾਈਡਿੰਗ ਅਫ਼ਸਰਾਂ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ ਅਤੇ ਪੋਲਿੰਗ ਅਫ਼ਸਰਾਂ ਦੀਆਂ ਪਾਰਟੀਆਂ ਨੂੰ ਚੋਣ ਸਮਗਰੀ ਸੌਂਪਕੇ ਸੁਰੱਖਿਆ ਦਸਤੇ ਦੀ ਜ਼ੇਰੇ ਨਿਗਰਾਨੀ ਹੇਠ ਰਵਾਨਾ ਕੀਤਾ ਗਿਆ।
ਸ੍ਰੀ ਕੁਮਾਰ ਅਮਿਤ ਨੇ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦੀ ਚਲ ਰਹੀ ਪ੍ਰਕਿਆ ਦਾ ਜਾਇਜਾ ਲਿਆ ਅਤੇ ਦੱਸਿਆ ਕਿ ਲੋਕ ਸਭਾ ਹਲਕਾ ਪਟਿਆਲਾ ਦੀ ਚੋਣ ਲਈ 9 ਹਲਕਿਆਂ ਦੇ 17 ਲੱਖ 34 ਹਜ਼ਾਰ 245 ਵੋਟਰਾਂ ਵੱਲੋਂ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਵੋਟਾ ਪਾਈਆਂ ਜਾਣਗੀਆਂ। ਇਨ੍ਹਾਂ ਵੋਟਰਾਂ ਵਿੱਚ 8 ਲੱਖ 24 ਹਜ਼ਾਰ 764 ਇਸਤਰੀ, 9 ਲੱਖ 9 ਹਜ਼ਾਰ 407 ਮਰਦ ਅਤੇ ਤੀਜੇ ਲਿੰਗ ਵਾਲੇ 74 ਵੋਟਰ ਹਨ, ਇਨ੍ਹਾਂ 'ਚ 7250 ਦਿਵਿਆਂਗ ਵੋਟਰ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਅਪੀਲ ਕੀਤੀ ਕਿ ਵੋਟਰ ਬਿਨਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦਾ ਭੁਗਤਾਨ ਕਰਨ ਅਤੇ ਚੋਣਾਂ ਦੌਰਾਨ ਅਮਨ ਤੇ ਸ਼ਾਂਤੀ ਬਣਾਈ ਰੱਖਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ 100 ਫੀਸਦੀ ਮਤਦਾਨ ਕਰਵਾਉਣ ਲਈ ਹਰ ਪੱਖੋਂ ਲੋੜੀਂਦੇ ਪ੍ਰਬੰਧ ਕੀਤੇ ਹਨ, ਇਸ ਲਈ ਹਲਕੇ ਦੇ ਸਮੂਹ ਵੋਟਰ ਆਪਣੇ ਜਮਹੂਰੀ ਹੱਕ ਦੀ ਲਾਜ਼ਮੀ ਵਰਤੋਂ ਕਰਨ। ਲੋਕ ਸਭਾ ਹਲਕੇ 'ਚ 1169 ਇਮਾਰਤਾਂ ਵਿਖੇ 1922 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 50 ਫੀਸਦੀ ਬੂਥਾਂ 'ਤੇ ਵੈਬ ਕਾਸਟਿੰਗ ਕਰਵਾਈ ਜਾਵੇਗੀ। ਚੋਣ ਮੈਦਾਨ 'ਚ 25 ਉਮੀਦਵਾਰ ਤੇ 1 ਬਟਨ ਨੋਟਾ ਦਾ ਹੋਣ ਕਰਕੇ ਇਸ ਵਾਰ ਈ.ਵੀ.ਐਮ. ਦਾ ਇੱਕ-ਇੱਕ ਵਾਧੂ ਯੁਨਿਟ ਲਗਾਇਆ ਜਾ ਰਿਹਾ ਹੈ ਤੇ ਚੋਣ ਅਮਲ ਨੂੰ ਨੇਪਰੇ ਚੜ੍ਹਾਉਣ ਲਈ ਲਗਪਗ 10 ਹਜ਼ਾਰ ਕਰਮਚਾਰੀ ਤੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਹਰ ਹਲਕੇ 'ਚ ਔਰਤਾਂ ਲਈ ਅਤੇ ਦਿਵਿਆਂਗ ਵੋਟਰਾਂ ਲਈ ਵੀ ਇੱਕ-ਇੱਕ ਵਿਸ਼ੇਸ਼ ਬੂਥ ਬਣਾਇਆ ਗਿਆ ਹੈ, 'ਇਸਤਰੀ ਬੂਥ' ਵਿਖੇ ਸਮੁਚਾ ਮਹਿਲਾ ਅਮਲਾ ਤਾਇਨਾਤ ਕੀਤਾ ਗਿਆ ਹੈ ਜਦੋਂਕਿ ਦਿਵਿਆਂਗ, ਬਜ਼ੁਰਗਾਂ, ਨੌਜਵਾਨਾਂ, ਔਰਤਾਂ ਸਮੇਤ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਦੀਆਂ ਵੋਟਾਂ 100 ਫੀਸਦੀ ਪੁਆਉਣ ਤੇ ਲੋੜੀਂਦੀਆਂ ਜਰੂਰੀ ਸਹੂਲਤਾਂ, ਵਲੰਟੀਅਰ ਦੀ ਸਹਾਇਤਾ, ਵੀਲ੍ਹ ਚੇਅਰ, ਸਟਰੈਚਰ, ਪੀਣ ਵਾਲਾ ਪਾਣੀ, ਛਾਂ, ਛੋਟੇ ਬੱਚਿਆਂ ਲਈ ਕਰੈਚ, ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਹਲਕੇ ਅੰਦਰ 42 ਮਾਡਲ ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ 'ਚ ਸਮਾਣਾਂ ਅਤੇ ਰਾਜਪੁਰਾ 'ਚ 6-6 ਹਨ ਅਤੇ ਬਾਕੀ ਹਲਕਿਆਂ 'ਚ 5-5 ਮਾਡਲ ਪੋਲਿੰਗ ਬੂਥ ਸ਼ਾਮਲ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਤਰ੍ਹਾਂ ਨਿਰਪੱਖਤਾ, ਸ਼ਿੱਦਤ, ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਚੋਣ ਡਿਊਟੀ ਦੌਰਾਨ ਕਿਸੇ ਕਿਸਮ ਦੀ ਕੁਤਾਹੀ ਕਰਨ ਵਾਲੇ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸਖ਼ਤ ਅਨੁਸ਼ਾਸ਼ਨੀ ਕਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸੈਕਟਰ ਅਫਸਰਾਂ ਅਤੇ ਮਾਈਕਰੋ ਆਬਜ਼ਰਵਰਾਂ ਨੂੰ ਵੀ ਲੋੜੀਂਦੇ ਨਿਰਦੇਸ਼ ਦਿੱਤੇ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਬੂਥ ਲੈਵਲ ਅਫਸਰਾਂ ਵੱਲੋਂ ਵੋਟਰਾਂ ਨੂੰ ਘਰ-ਘਰ ਜਾ ਕੇ ਫੋਟੋ ਵੋਟਰ ਸਲਿਪਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਵੋਟਰ ਇਹ ਫੋਟੋ ਵੋਟਰ ਸਲਿਪ ਜਾਂ ਆਪਣੀ ਪਛਾਣ ਲਈ ਐਪਿਕ ਵੋਟਰ ਆਈ.ਡੀ. ਕਾਰਡ ਵੋਟਰ ਸਮੇਤ ਸਬੂਤ ਵੱਜੋਂ 11 ਹੋਰ ਦਸਤਾਵੇਜਾਂ ਪਾਸਪੋਰਟ, ਡਰਾਈਵਿੰਗ ਲਾਇਸੰਸ, ਆਧਾਰ ਕਾਰਡ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਿਟਡ ਕੰਪਨੀਆਂ ਦੁਆਰਾ ਆਪਣੇ ਮੁਲਾਜਮਾਂ ਨੂੰ ਜਾਰੀ ਸਰਵਿਸ ਪਹਿਚਾਣ ਪੱਤਰ, ਬੈਂਕਾਂ/ਡਾਕਖਾਨੇ ਦੁਆਰਾ ਜਾਰੀ ਫੋਟੋ ਸਹਿਤ ਪਾਸਬੁਕ, ਪੈਨ ਕਾਰਡ, ਮਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਸਮਾਰਟ ਕਾਰਡ, ਸਿਹਤ ਬੀਮਾ ਕਾਰਡ, ਫੋਟੋ ਸਹਿਤ ਪੈਨਸ਼ਨ ਦਸਤਾਵੇਜ ਤੇ ਐਮ.ਪੀ. ਐਮ.ਐਲ.ਏ. ਨੂੰ ਜਾਰੀ ਪਹਿਚਾਣ ਪੱਤਰ ਦਿਖਾ ਕੇ ਵੀ ਵੋਟ ਪਾ ਸਕਦੇ ਹਨ।
ਇਸੇ ਦੌਰਾਨ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਪੁਲਿਸ ਨੇ ਪੁਖ਼ਤਾ ਇੰਤਜਾਮ ਕੀਤੇ ਹਨ ਤੇ ਇਸ ਲਈ ਪੰਜਾਬ ਪੁਲਿਸ ਦੇ 3700 ਦੇ ਕਰੀਬ ਜਵਾਨ ਤੇ ਅਧਿਕਾਰੀਆਂ ਤੋਂ ਇਲਾਵਾ ਅਰਧ ਸੁਰੱਖਿਆ ਬਲਾਂ ਦੀਆਂ 13 ਕੰਪਨੀਆਂ ਦੀ ਤਾਇਨਾਤੀ ਕੀਤੀ ਗਈ ਹੈ। ਇਸਤੋਂ ਇਲਾਵਾ ਹਲਕੇ ਨੂੰ ਜੋਨਾਂ ਵਿੱਚ ਵੰਡਕੇ ਇੱਕ ਐਸ.ਪੀ. ਅਤੇ ਦੋ ਡੀ.ਐਸ.ਪੀ. ਰੈਂਕ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਜਦੋਂਕਿ 133 ਪੈਟਰੌਲਿੰਗ ਪਾਰਟੀਆਂ ਨੂੰ ਵੀ ਵਾਇਰਲੈਸ ਨਾਲ ਲੈਸ ਕਰਕੇ ਤਾਇਨਾਤ ਕੀਤਾ ਗਿਆ ਹੈ।
ਐਸ.ਐਸ.ਪੀ. ਸ. ਸਿੱਧੂ ਨੇ ਹੋਰ ਕਿਹਾ ਕਿ ਕਿਸੇ ਵੀ ਗ਼ੈਰ ਸਮਾਜੀ ਅਨਸਰ ਨੂੰ ਕੋਈ ਗੜਬੜੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਅਜਿਹਾ ਕਰਨ ਵਾਲੇ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਕਿਸੇ ਵੀ ਵਿਅਕਤੀ ਨੂੰ ਮਾਹੌਲ ਖ਼ਰਾਬ ਕਰਨ ਅਤੇ ਕਾਨੂੰਨ ਵਿਵਸਥਾ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਸੁਰੱਖਿਆ ਦੇ ਲਿਹਾਜ਼ ਨਾਲ ਪੋਲਿੰਗ ਬੂਥਾਂ 'ਤੇ ਮਾਈਕਰੋ ਅਬਜ਼ਰਵਰ, ਵੈਬ ਕਾਸਟਿੰਗ ਤੇ ਵਿਸ਼ੇਸ਼ ਵੀਡੀਓਗ੍ਰਾਫ਼ੀ ਕਰਵਾਉਣ ਲਈ ਕੈਮਰੇ ਵੀ ਲਗਾਏ ਗਏ ਹਨ ਤਾਂ ਜੋ ਵੋਟਰ ਨਿਰਭੈਅ ਹੋ ਕੇ ਵੋਟਾਂ ਪਾ ਸਕਣ। ਹਲਕੇ ਅੰਦਰ ਤਾਇਨਾਤ 162 ਟੀਮਾਂ ਫਲਾਇੰਗ ਸੁਕੈਡ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਨੂੰ 162 ਹੀ ਜੀ.ਪੀ.ਐਸ. ਤੇ ਕੈਮਰਿਆਂ ਨਾਲ ਲੈਸ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ ਜੋਕਿ ਹਰ ਗਤੀਵਿਧੀ 'ਤੇ ਨਜ਼ਰ ਰੱਖਣਗੀਆਂ।