ਚੰਡੀਗੜ੍ਹ 19 ਮਈ 2019: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਚੋਣਾਂ ਮਗਰੋਂ ਅਸਤੀਫਾ ਦੇਣ ਵਾਲਾ ਬਿਆਨ ਸਾਹਮਣੇ ਦਿਸ ਰਹੀ ਹਾਰ ਵੇਖ ਕੇ ਕਾਂਗਰਸ ਅੰਦਰ ਪੈਦਾ ਹੋਏ ਭੰਬਲਭੂਸੇ ਅਤੇ ਖਾਨਾਜੰਗੀ ਵਰਗੇ ਹਾਲਾਤਾਂ ਬਾਰੇ ਜਾਣਕਾਰੀ ਦਿੰਦਾ ਹੈ।
ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਸ੍ਰੀ ਹਰਚਰਨ ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਿਹਾ ਹੈ ਕਿ ਉਸ ਦਾ ਬਿਆਨ ਪਾਰਟੀ ਦੇ ਬਾਜਵਾ ਵਰਗੇ ਆਗੂਆਂ ਵੱਲ ਸੇਧਿਤ ਹੈ। ਜੇਕਰ ਵੋਟਾਂ ਵਾਲੇ ਦਿਨ ਵੀ ਮੁੱਖ ਮੰਤਰੀ ਨੇ ਆਪਣੇ ਪਾਰਟੀ ਸਾਥੀਆਂ ਵਿਰੁੱਧ ਹੀ ਜੰਗ ਛੇੜ ਰੱਖੀ ਹੋਵੇ ਤਾਂ ਇਸ ਤੋਂ ਵੱਧ ਪਾਰਟੀ ਲਈ ਤਬਾਹੀ ਵਾਲੀ ਗੱਲ ਕਿਹੜੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਸਾਹਮਣੇ ਦਿਸ ਰਹੀ ਹਾਰ ਨੇ ਕਾਂਗਰਸ ਪਾਰਟੀ ਅੰਦਰ ਪਹਿਲਾਂ ਹੀ ਖਿੱਚਧੂਹ ਸ਼ੁਰੂ ਕਰ ਰੱਖੀ ਹੈ।
ਉਹਨਾਂ ਕਿਹਾ ਕਿ ਕਾਂਗਰਸ ਅੰਦਰ ਹਰ ਕੋਈ ਪਾਰਟੀ ਦੀ ਹਾਰ ਦੀ ਗੱਲ ਕਰ ਰਿਹਾ ਹੈ। ਪਹਿਲਾਂ ਸਿੱਧੂ ਨੇ ਮੁੱਖ ਮੰਤਰੀ ਵਿਰੁੱਧ ਜੰਗ ਦਾ ਐਲਾਨ ਕਰਕੇ ਉਹਨਾਂ ਦੀ ਬਠਿੰਡਾ ਰੈਲੀ ਦਾ ਸੱਤਿਆਨਾਸ ਕੀਤਾ ਸੀ। ਹੁਣ ਮੁੱਖ ਮੰਤਰੀ ਨੇ ਇਹ ਕਿਹਾ ਹੈ ਕਿ ਉਸ ਦਾ ਅਸਤੀਫੇ ਵਾਲਾ ਬਿਆਨ ਪਾਰਟੀ ਦੇ ਬੰਦਿਆਂ ਵੱਲੋਂ ਉਸ ਖਿਲਾਫ ਛੇੜੀ ਮੁਹਿੰਮ ਦਾ ਜੁਆਬ ਸੀ। ਇਸੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੁੱਖ ਮੰਤਰੀ ਖ਼ਿਲਾਫ ਆਪਣੀ ਭੜਾਸ ਕੱਢੀ ਹੈ। ਉਹਨਾਂ ਕਿਹਾ ਕਿ ਇਹ ਸਭ ਕੈਪਟਨ ਵੱਲੋਂ ਪਾਰਟੀ ਦੇ ਹਾਰਨ ਦੀ ਸੂਰਤ ਵਿਚ ਆਪਣੇ ਕੈਬਨਿਟ ਅਤੇ ਪਾਰਟੀ ਸਾਥੀਆਂ ਦੀ ਛੁੱਟੀ ਕਰਨ ਦੀ ਧਮਕੀ ਤੋਂ ਸ਼ੁਰੂ ਹੋਇਆ ਸੀ।