ਪਿਛਲੇ ਦਿਨੀਂ ਭਗਵੰਤ ਮਾਨ ਵੱਲੋਂ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਉਹਨਾਂ ਤੇ 10 ਕਰੋੜ ਰੁਪਏ ਅਤੇ ਚੇਅਰਮੈਨੀ ਲੈਣ ਸਬੰਧੀ ਦੋਸ਼ ਲਗਾਏ ਗਏ ਸਨ , ਜਿਸਤੇ ਐਕਸ਼ਨ ਲੈਂਦਿਆਂ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਓਹਨਾਂ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ, ਜਿਸਨੂੰ ਉਸ ਵੱਲੋਂ ਲੈਣ ਤੋਂ ਟਾਲਾ ਵੱਟਿਆ ਗਿਆ ਅਤੇ ਰਜਿਸਟਰਡ ਪੋਸਟ ਰਾਹੀਂ ਭੇਜਿਆ ਗਿਆ ਨੋਟਿਸ ਵਾਪਿਸ ਆ ਗਿਆ।
ਇਸ ਤੇ ਮਾਨਸ਼ਾਹੀਆ ਨੇ ਪ੍ਰੈੱਸ ਬਿਆਨ ਰਾਹੀਂ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਉਸਦੇ ਨਿਰਅਧਾਰ ਦੋਸ਼ਾਂ ਵਿੱਚ ਰੱਤੀ ਭਰ ਵੀ ਸੱਚਾਈ ਹੈ ਤਾਂ ਉਹ ਮੇਰੇ ਵੱਲੋਂ ਭੇਜਿਆ ਕਾਨੂੰਨੀ ਨੋਟਿਸ ਲੈਣ ਤੋਂ ਕਿਉਂ ਕੰਨੀ ਕਤਰਾ ਰਹੇ ਹਨ।
ਇਸ ਮੌਕੇ ਮਾਨਸ਼ਾਹੀਆ ਨੇ ਕਿਹਾ ਕਿ ਆਪਣੀ ਹਉਮੈ ਅਤੇ ਗੈਰ-ਜਿੰਮੇਵਾਰੀ ਵਾਲੀਆਂ ਹਰਕਤਾਂ ਕਾਰਨ ਭਗਵੰਤ ਮਾਨ ਬਿਨ੍ਹਾਂ ਕਿਸੇ ਠੋਸ ਅਧਾਰ ਦੇ ਹਰ ਇੱਕ ਤੇ ਚਿੱਕੜ ਸੁੱਟਣ ਦੀ ਆਦਤ ਤੋਂ ਵੀ ਮਜਬੂਰ ਹੈ।
ਇਸ ਮੌਕੇ ਮਾਨਸ਼ਾਹੀਆ ਨੇ ਮਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਮਹਿਜ਼ ਨੋਟਿਸ ਪ੍ਰਾਪਤ ਨਾ ਕਰਕੇ ਇਹ ਹਰਕਗਿੱਜ ਨਾ ਸਮਝੇ ਕਿ ਮਾਮਲਾ ਠੰਡੇ ਬਸਤੇ ਪੈ ਜਾਵੇਗਾ। ਜੇਕਰ ਉਸ ਕੋਲ ਮੇਰੇ ਤੇ ਖ਼ਿਲਾਫ਼ ਕੋਈ ਸਬੂਤ ਹੈ ਤਾਂ ਫੌਰਨ ਪੇਸ਼ ਕਰੇ ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹੇ ।