ਨਵਾਂ ਸ਼ਹਿਰ, 21 ਮਈ, 2019 : ਦੋਆਬਾ ਕਾਲਜ ਛੋਕਰਾਂ ਵਿਖੇ 23 ਮਈ ਨੂੰ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿਧਾਨ ਸਭਾ ਹਲਕਿਆਂ ਬੰਗਾ, ਨਵਾਂਸ਼ਹਿਰ, ਬਲਾਚੌਰ ਅਤੇ ਗੜ੍ਹਸ਼ੰਕਰ ਦੇ ਗਿਣਤੀ ਕੇਂਦਰ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ, ਜਿਸ ਵਿੱਚ ਗਿਣਤੀ ਟੀਮਾਂ ਅਤੇ ਉਮੀਦਵਾਰਾਂ ਦੇ ਗਿਣਤੀ ਏਜੰਟਾਂ ਦੇ ਬੈਠਣ ਦੇ ਪ੍ਰਬੰਧ ਵੀ ਸ਼ਾਮਿਲ ਹਨ।
ਅੱਜ ਦੋਆਬਾ ਕਾਲਜ ਛੋਕਰਾਂ ਵਿਖੇ ਇਨ੍ਹਾਂ ਗਿਣਤੀ ਕੇਂਦਰਾਂ ਦਾ ਜਾਇਜ਼ਾ ਲੈਣ ਪੁੱਜੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਹਰੇਕ ਗਿਣਤੀ ਕੇਂਦਰ ’ਚ 14-14 ਗਿਣਤੀ ਦੇ ਮੇਜ਼ ਲਗਾਏ ਗਏ ਹਨ, ਜਿਨ੍ਹਾਂ ’ਤੇ ਤਿੰਨ-ਤਿੰਨ ਅਧਿਕਾਰੀਆਂ/ਕਰਮਚਾਰੀਆਂ ਦਾ ਗਿਣਤੀ ਸਟਾਫ਼ ਮੌਜੂਦ ਰਹੇਗਾ। ਇਸ ਸਟਾਫ਼ ਨੂੰ ਭਾਵੇਂ ਉਨ੍ਹਾਂ ਵੱਲੋਂ ਕਿਸ ਵਿਧਾਨ ਸਭਾ ਹਲਕੇ ਦੀ ਗਿਣਤੀ ਕੀਤੀ ਜਾਣੀ ਹੈ, ਬਾਰੇ ਕਲ੍ਹ ਦੀ ਰੈਂਡੇਮਾਈਜ਼ੇਸ਼ਨ ਬਾਅਦ ਪਤਾ ਲੱਗ ਜਾਵੇਗਾ ਪਰ ਕਿਸ ਟੇਬਲ ’ਤੇ ਕਿਸ ਕਾੳੂਟਿੰਗ ਟੀਮ ਦੀ ਡਿਊਟੀ ਹੈ, ਉਸ ਬਾਰੇ 23 ਮਈ ਦੀ ਸਵੇਰ ਨੂੰ ਹੀ ਦੱਸਿਆ ਜਾਵੇਗਾ।
ਸ੍ਰੀਮਤੀ ਕਲੇਰ ਅਨੁਸਾਰ 14 ਟੇਬਲਾਂ ਦੇ ਲੜੀ ਨੰਬਰ ਅਨੁਸਾਰ ਹੀ ਈ ਵੀ ਐਮ (ਕੰਟਰੋਲ ਯੂਨਿਟ) ਗਿਣਤੀ ਟੇਬਲ ’ਤੇ ਰੱਖੇ ਜਾਣਗੇ ਭਾਵ ਪਹਿਲੇ ਗੇੜ ’ਚ ਇੱਕ ਨੰਬਰ ਟੇਬਲ ’ਤੇ ਪਹਿਲੀ ਮਸ਼ੀਨ, ਦੂਸਰੇ ’ਤੇ ਦੂਸਰੀ ਆਦਿ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਬੰਗਾ ਦਾ ਗਿਣਤੀ ਕੇਂਦਰ ਡੀ ਬਲਾਕ ਦੀ ਬੇਸਮੈਂਟ ’ਚ ਬਣਾਇਆ ਗਿਆ ਹੈ ਜਦਕਿ ਨਵਾਂਸ਼ਹਿਰ ਹਲਕੇ ਦਾ ਗਿਣਤੀ ਕੇਂਦਰ ਇਸੇ ਬਲਾਕ ਦੀ ਦੂਸਰੀ ਮੰਜ਼ਿਲ ’ਤੇ ਅਤੇ ਬਲਾਚੌਰ ਦਾ ਇਸੇ ਬਲਾਕ ਦੀ ਤੀਸਰੀ ਮੰਜ਼ਿਲ ’ਤੇ ਬਣਾਇਆ ਗਿਆ ਹੈ। ਇੱਥੇ ਹੀ ਬਣਾਏ ਗਏ ਸਟਰੌਂਗ ਰੂਮਜ਼ ਤੋਂ ਈ ਵੀ ਐਮਜ਼ ਨੂੰ ਗਿਣਤੀ ਟੇਬਲਾਂ ਤੱਕ ਲਿਆਉਣ ਦਾ ਰਸਤਾ ਬਿਲਕੁਲ ਵੱਖਰਾ ਤੇ ਸੀ ਸੀ ਟੀ ਵੀ ਕੈਮਰਿਆਂ ਅਤੇ ਅਰਧ ਸੁਰੱਖਿਆ ਬਲਾਂ ਦੀ ਨਿਗਰਾਨੀ ’ਚ ਹੋਵੇਗਾ।
ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਹਲਕੇ ਦਾ ਗਿਣਤੀ ਕੇਂਦਰ ਸੀ ਬਲਾਕ ਦੀ ਬੇਸਮੈਂਟ ’ਚ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚਾਰਾਂ ਹਲਕਿਆਂ ਦੇ ਗਿਣਤੀ ਕੇਂਦਰਾਂ ਨੂੰ ਵੀ ਮਾਡਲ ਪੋਲਿੰਗ ਬੂਥਾਂ ਦੀ ਤਰਜ਼ ’ਤੇ ਪੂਰੀ ਤਰ੍ਹਾਂ ਸਜਾਇਆ ਗਿਆ ਹੈ ਅਤੇ ਇਨ੍ਹਾਂ ਬਲਾਕਾਂ ਦੇ ਪ੍ਰਵੇਸ਼ ਦੁਆਰਾਂ ਨੂੰ ਵੀ ਗਿਣਤੀ ਵਾਲੇ ਦਿਨ ਅਧਿਕਾਰੀਆਂ, ਸਟਾਫ਼ ਅਤੇ ਕਾਊਂਟਿੰਗ ਏਜੰਟਾਂ ਦੇ ਸਵਾਗਤ ਲਈ ਬੇਹਤਰੀਨ ਢੰਗ ਨਾਲ ਸਜਾਇਆ ਜਾਵੇਗਾ।
ਸ੍ਰੀਮਤੀ ਕਲੇਰ ਅਨੁਸਾਰ ਇਨ੍ਹਾਂ ਗਿਣਤੀ ਕੇਂਦਰਾਂ ਦੀ ਤਿਆਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆਂ ਵੱਲੋਂ ਕਰਵਾਈ ਜਾ ਰਹੀ ਹੈ ਅਤੇ ਜ਼ਿਲ੍ਹਾ ਚੋਣ ਅਫ਼ਸਰ ਦੀਆਂ ਹਦਾਇਤਾਂ ਅਨੁਸਾਰ ਸਮੁੱਚੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਤਹਿਸੀਲਦਾਰ ਬਲਾਚੌਰ ਅਮਨਦੀਪ ਚਾਵਲਾ ਵੀ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਮੀਡੀਆ ਦੇ ਬੈਠਣ ਲਈ ਕਾਲਜ ਦੇ ਬੀ ਬਲਾਕ ’ਚ ਬਣਾਏ ਗਏ ਮੀਡੀਆ ਸੈਂਟਰ ਦਾ ਵੀ ਦੌਰਾ ਕੀਤਾ ਅਤੇ ਦੱਸਿਆ ਕਿ ਮੀਡੀਆ ਦੀ ਸਹੂਲਤ ਲਈ ਮੀਡੀਆ ਸੈਂਟਰ ’ਚ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੀਡੀਆ ਸੈਂਟਰ ਤੋਂ ਕਾਊਂਟਿੰਗ ਹਾਲ ਤੱਕ ਪੱਤਰਕਾਰਾਂ ਨੂੰ ਛੋਟੇ-ਛੋਟੇ ਗਰੁੱਪਾਂ ’ਚ ਗਿਣਤੀ ਕੇਂਦਰ ਦੀ ਕਵਰੇਜ਼ ਲਈ ਲਿਜਾਇਆ ਜਾਵੇਗਾ, ਜਿਸ ਲਈ ਚਾਰਾਂ ਗਿਣਤੀ ਕੇਂਦਰਾਂ ਲਈ ਇੱਕ-ਇੱਕ ਮੀਡੀਆ ਫੈਸੀਲੀਟੇੇਟਰ ਲਾਇਆ ਗਿਆ ਹੈ।