ਲੋਕੇਸ਼ ਰਿਸ਼ੀ
ਗੁਰਦਾਸਪੁਰ,16 ਮਈ 2019 - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਹਲਕਾ ਸੁਜਾਨਪੁਰ ਅਧੀਨ ਪੈਂਦੇ ਧਾਰਕਲਾਂ ਬਲਾਕ ਵਿਚ ਚੋਣ ਪ੍ਰਚਾਰ ਕਰਦਿਆਂ ਆਖਿਆ ਕਿ ਚੋਣਾਂ ਦਾ ਮਤਲਬ ਇਲਾਕੇ ਦਾ ਵਿਕਾਸ ਅਤੇ ਉਮੀਦਵਾਰ ਦੀ ਜਵਾਬਦੇਹੀ ਤੈਅ ਕਰਨਾ ਹੁੰਦਾ ਹੈ ਨਾ ਕਿ ਡਾਇਲਾਗ ਮਾਰਨੇ। ਉਨ੍ਹਾਂ ਨੇ ਵੋਟਰ ਅਜਿਹੇ ਉਮੀਦਵਾਰ ਦੀ ਚੋਣ ਕਰਨ ਜੋ ਇਲਾਕੇ ਦੇ ਵਿਕਾਸ ਕੰਮ ਕਰਵਾ ਸਕਦਾ ਹੋਵੇ।
ਜਾਖੜ ਨੇ ਕਿਹਾ ਕਿ ਉਨ੍ਹਾਂ ਆਪਣੇ ਪਿਛਲੇ ਛੋਟੇ ਜਿਹੇ ਕਾਰਜਕਾਲ ਦੌਰਾਨ ਹਲਕਾ ਗੁਰਦਾਸਪੁਰ ਵਿਚ ਕਈ ਕਰੋੜ ਦੇ ਕੰਮ ਕਰਵਾਏ ਹਨ ਅਤੇ ਵਿਕਾਸ ਦੀ ਇਸ ਚਾਲ ਨੂੰ ਹੋਰ ਤੇਜ਼ ਕਰਨ ਲਈ ਉਨ੍ਹਾਂ ਨੂੰ ਇਕ ਹੋਰ ਮੌਕਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਦੀ ਗੁਆਂਢੀ ਸੂਬਿਆਂ ਨਾਲ ਤਾਲਮੇਲ ਕਰਕੇ ਉਸਾਰੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਤੇ 2715 ਕਰੋੜ ਰੁਪਏ ਦੀ ਲਾਗਤ ਆਵੇਗੀ। ਜਿਸ ਨਾਲ 206 ਮੈਗਾਵਾਟ ਵਾਧੂ ਬਿਜਲੀ ਪੈਦਾ ਹੋਵੇਗੀ ਉੱਥੇ ਹੀ ਸਿੰਚਾਈ ਸਹੂਲਤਾਂ ਵਿਚ ਵੀ ਵਾਧਾ ਹੋਵੇਗਾ। ਇਹ ਪ੍ਰੋਜੈਕਟ 3 ਸਾਲ ਵਿਚ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੁਕਤੇਸ਼ਵਰ ਧਾਮ ਦੀਆਂ ਗੁਫਾਵਾਂ ਨੂੰ ਪਾਣੀ ਵਿਚੋਂ ਡੁੱਬਣ ਤੋਂ ਬਚਾਉਣ ਲਈ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸਾਡੀ ਆਸਥਾ ਦੇ ਇਸ ਸਥਾਨ ਨੂੰ ਸਾਡੀਆਂ ਅਗਲੀਆਂ ਪੀੜੀਆਂ ਲਈ ਸਾਂਭ ਕੇ ਰੱਖਿਆ ਜਾ ਸਕੇ। 26 ਕਰੋੜ ਦੀ ਲਾਗਤ ਨਾਲ ਭੋਆ ਹਲਕੇ ਵਿਚ ਮਸਤ ਪੁਰ ਵਿਚ ਬਣਨ ਵਾਲੇ ਹਾਈ ਲੈਵਲ ਪੁਲ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਪਠਾਨਕੋਟ ਹਲਕੇ ਵਿਚ 26 ਕਰੋੜ ਰੁਪਏ ਦੀ ਲਾਗਤ ਨਾਲ ਤਲਵਾੜਾ ਜੱਟਾਂ ਵਿਖੇ ਪੁਲ ਬਣਾਉਣ ਲਈ ਕੰਮ ਦੀ ਸ਼ੁਰੂਆਤ ਹੋ ਗਈ ਹੈ। ਇਸੇ ਤਰਾਂ ਉਨ੍ਹਾਂ ਨੇ ਦੱਸਿਆ ਕਿ ਹਲਕਾ ਸੁਜਾਨਪੁਰ ਦੇ ਜੁਗਿਆਲ ਵਿਚ ਲੜਕੀਆਂ ਦਾ ਕਾਲਜ ਬਣਾਉਣ ਦੀ ਸਿਧਾਂਤਕ ਮਨਜ਼ੂਰੀ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਜਾ ਚੁੱਕੀ ਹੈ। ਹਲਕਾ ਸੁਜਾਨਪੁਰ ਦੇ ਧਾਰ ਕਲਾਂ ਬਲਾਕ ਵਿਚ ਨਿਆਰੀ ਪਿੰਡ ਵਿਚ 8 ਕਰੋੜ ਨਾਲ ਆਈ.ਟੀ.ਆਈ. ਕਾਲਜ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਫ਼ੰਡ ਜਾਰੀ ਕਰ ਦਿੱਤਾ ਗਿਆ ਹੈ।
ਸੁਨੀਲ ਜਾਖੜ ਨੇ ਹੋਰ ਦੱਸਿਆ ਕਿ ਸੁਜਾਨਪੁਰ ਵਿਚ ਸੀਵਰੇਜ ਵਿਛਾਉਣ ਦੀ ਸਿਧਾਂਤਕ ਮਨਜ਼ੂਰੀ ਮੁੱਖ ਮੰਤਰੀ ਪੰਜਾਬ ਵੱਲੋਂ ਦਿੱਤੀ ਗਈ ਹੈ ਜਦ ਕਿ ਹਲਕਾ ਸੁਜਾਨਪੁਰ ਦੇ ਧਾਰ ਬਲਾਕ ਵਿਚ 60 ਕਿੱਲੋਮੀਟਰ ਨਵੀਆਂ ਸੜਕਾਂ ਬਣਾਉਣ ਦੀ ਸਿਧਾਂਤਕ ਮਨਜ਼ੂਰੀ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇ ਦਿੱਤੀ ਹੈ। ਇਸ ਨਾਲ ਇਸ ਖੇਤਰ ਦੇ ਅਰਥਚਾਰੇ ਨੂੰ ਮਜ਼ਬੂਤੀ ਮਿਲੇਗੀ ਅਤੇ ਟੂਰਿਜ਼ਮ ਵਿਚ ਵਾਧਾ ਹੋਵੇਗਾ।
ਜਾਖੜ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਨਫ਼ਰਤ ਦੀ ਰਾਜਨੀਤੀ ਕਰਦੀ ਹੈ ਅਤੇ ਇਸ ਨੇ ਦੇਸ਼ ਵਿਚ ਵਖਰੇਵੇਂ ਪੈਦਾ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਭੜਕਾਊ ਗੱਲਾਂ ਕਰਨ ਦੇ ਆਦੀ ਹੋ ਗਏ ਹਨ ਤਾਂ ਜੋ ਦੇਸ਼ ਦੀ ਜਨਤਾ ਲੋਕ ਮਸਲਿਆਂ ਸਬੰਧੀ ਸਰਕਾਰ ਤੋਂ ਸਵਾਲ ਨਾ ਪੁੱਛੇ ਪਰ ਹੁਣ ਲੋਕ ਸਮਝਦਾਰ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਜੁਮਲਿਆਂ ਦੀ ਸਰਕਾਰ ਨੂੰ ਚਲਦਾ ਕਰ ਦੇਣਾ ਹੈ। ਉਨ੍ਹਾਂ ਅਪੀਲ ਕੀਤੀ ਕਿ 19 ਮਈ ਨੂੰ ਕਾਂਗਰਸ ਨੂੰ ਵੋਟਾਂ ਪਾਓ ਤਾਂ ਜੋ ਵਿਕਾਸ ਦੇ ਏਜੰਡੇ ਨੂੰ ਅੱਗੇ ਲਿਜਾਇਆ ਜਾ ਸਕੇ।