ਨਹੀਂ ਹੋਵੇਗਾ 21 ਮਈ ਨੂੰ ਤਿੰਨ ਆਪ ਵਿਧਾਇਕਾਂ ਦੀ ਕਿਸਮਤ ਦਾ ਫ਼ੈਸਲਾ
ਚੰਡੀਗੜ੍ਹ , 20 ਮਈ , 2019 : ਆਮ ਪ੍ਰਭਾਵ ਅਤੇ ਛਪੀਆਂ ਰਿਪੋਰਟਾਂ ਦੇ ਉਲਟ ਕੱਲ੍ਹ 21 ਮਈ ਨੂੰ ਅਸਤੀਫ਼ੇ ਦੇ ਚੁੱਕੇ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਦੀ ਸਿਆਸੀ ਕਿਸਮਤ ਬਾਰੇ ਕੋਈ ਫ਼ੈਸਲਾ ਹੋਣ ਦੇ ਆਸਾਰ ਨਹੀਂ ਹਨ . ਬਾਬੂਸ਼ਾਹੀ ਡਾਟ ਕਾਮ ਦੀ ਭਰੋਸੇ ਯੋਗ ਸੂਚਨਾ ਅਨੁਸਾਰ ਮੰਗਲਵਾਰ ਦੀ ਪੇਸ਼ੀ ਤੇ ਕੋਈ ਵੀ ਨਿਰਨਾ ਸਪੀਕਰ ਵੱਲੋਂ ਕੀਤੇ ਜਾਣ ਦੀ ਉਮੀਦ ਨਹੀਂ . ਇਹ ਪਤਾ ਲੱਗਾ ਹੈ ਕਿ ਇਨ੍ਹਾਂ ਅਸਤੀਫ਼ਿਆਂ ਬਾਰੇ ਕੋਈ ਵੀ ਨਿਰਨਾ ਕਿਸੇ ਅਗਲੀ ਤਾਰੀਖ਼਼ ਤੇ ਪਾ ਦਿੱਤੇ ਜਾਣ ਦੀ ਸੰਭਾਵਨਾ ਹੈ .
ਇਹ ਪਤਾ ਲੱਗਾ ਹੈ ਕਿ ਜਿਨ੍ਹਾਂ ਤਿੰਨਾਂ ਆਪ ਵਿਧਾਇਕਾਂ ਨੂੰ ਕੱਲ੍ਹ ਸਪੀਕਰ ਨੇ ਪੇਸ਼ੀ ਲਈ ਬੁਲਾਇਆ ਸੀ ਉਨ੍ਹਾਂ ਨੇ ਆਪਣੀਆਂ ਮਜਬੂਰੀਆਂ ਦੱਸਦੇ ਹੋਏ 21 ਮਈ ਨੂੰ ਵਿਧਾਨ ਨਾ ਆ ਸਕਣ ਦੇ ਸੰਦੇਸ਼ ਵਿਧਾਨ ਸਭਾ ਸਕੱਤਰੇਤ ਨੂੰ ਭੇਜੇ ਹਨ . ਸੁਖਪਾਲ ਖਹਿਰਾ , ਨਜ਼ਰ ਸਿੰਘ ਮਾਨਸ਼ਾਹੀਆ ਅਤੇ ਅਮਰਜੀਤ ਸਿੰਘ ਸੰਦੋਆ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਗਿਣਤੀ ਅਧਿਕ ਦੇ ਪ੍ਰਬੰਧਾਂ ਚ ਰੁੱਝੇ ਹੋਣ ਕਰਕੇ ਨਹੀਂ ਆ ਸਕਦੇ . ਇਸ ਲਈ ਸਪੀਕਰ ਰਾਣਾ ਕੇ ਪੀ ਸਿੰਘ ਵੱਲੋਂ ਉਨ੍ਹਾਂ ਨੂੰ ਕੋਈ ਹੋਰ ਅਗਲੀ ਤਾਰੀਖ ਦਿੱਤੇ ਜਾਣ ਦੀ ਸੰਭਾਵਨਾ ਹੈ .
ਸਪੀਕਰ ਰਾਣਾ ਕੇ ਪੀ ਸਿੰਘ ਨਾਲ ਜਦੋਂ ਬਾਬੂਸ਼ਾਹੀ ਵੱਲੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵਿਧਾਇਕਾਂ ਵੱਲੋਂ 21 ਮਈ ਨੂੰ ਨਾ ਪਹੁੰਚ ਸਕਣ ਦੀ ਸੂਚਨਾ ਵਿਧਾਨ ਸਭਾ ਨੂੰ ਭੇਜੀ ਗਈ ਹੈ . ਇਸ ਬਾਰੇ ਆਪਣਾ ਫ਼ੈਸਲਾ ਉਹ ਕੱਲ੍ਹ ਸੁਣਵਾਈ ਤੋਂ ਬਾਅਦ ਦੇਣਗੇ .
ਚੇਤੇ ਰਹੇ ਕਿ ਸਪੀਕਰ ਵੱਲੋਂ ਖਹਿਰਾ , ਮਾਨਸ਼ਾਹੀਆ ਨੂੰ 21 ਮਈ ਨੂੰ ਉਨ੍ਹਾਂ ਦੇ ਵਿਧਾਨ ਸਭਾ ਤੋਂ ਦਿੱਤੇ ਅਸਤੀਫ਼ਿਆਂ ਬਾਰੇ ਜ਼ਾਤੀ ਤੌਰ ਤੇ ਪੇਸ਼ ਹੋਣ ਲਈ ਬੁਲਾਇਆ ਗਿਆ ਸੀ .