ਸ਼ਾਂਤਮਈ ਤੇ ਅਮਨ-ਆਮਾਨ ਨਾਲ ਚੋਣਾਂ ਕਰਵਾਉਣ ਲਈ 1 ਲੱਖ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ
ਨਾਕਿਆਂ ਉੱਤੇ ਸ਼ਰਾਬ, ਨਸ਼ੀਲੇ ਪਦਾਰਥ ਅਤੇ ਨਗਦੀ ਉੱਤੇ ਰੱਖੀ ਜਾ ਰਹੀ ਵਿਸ਼ੇਸ਼ ਨਜ਼ਰ
ਡਿਪਟੀ ਕਮਿਸ਼ਨਰਾਂ ਤੇ ਐਸ.ਐਸ.ਪੀਜ਼ ਨੂੰ ਸਥਾਨਕ ਸਥਿਤੀ ਅਨਾਸਰ ਅਗਲੇ 48 ਘੰਟਿਆਂ ਵਿੱਚ ਨਿਗਰਾਨੀ ਕਰਨ ਦੇ ਆਦੇਸ਼
ਚੰਡੀਗੜ, 16 ਮਈ 2019: ਪੰਜਾਬ ਰਾਜ ਦੀਆਂ 13 ਲੋਕ ਸਭਾ ਸੀਟਾਂ ਲਈ 19 ਮਈ ਨੂੰ ਪੈਣ ਵਾਲੀਆਂ ਵੋਟਾਂ ਨੂੰ ਨਿਰਪੱਖ, ਭੈਅ ਮੁਕਤ ਤੇ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਵਧੀਕ ਮੁੱਖ ਚੋਣ ਅਫਸਰ ਸ਼੍ਰੀਮਤੀ ਕਵਿਤਾ ਸਿੰਘ ਅਤੇ ਸ੍ਰੀ ਸਿਬਨ ਸੀ. ਵੀ ਹਾਜ਼ਰ ਸਨ।
ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸ਼ਾਂਤਮਈ ਤੇ ਅਮਨ-ਆਮਾਨ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਅਤੇ ਜ਼ਿਲਿਆਂ ਵਿੱਚ ਤਾਇਨਾਤ ਸਟਾਫ 24 ਘੰਟੇ ਕੰਮ ਕਰ ਰਿਹਾ ਹੈ। ਚੋਣ ਅਮਲ ਨੂੰ ਨੇਪਰੇ ਚਾੜਨ ਲਈ 1.25 ਲੱਖ ਮੁਲਾਜ਼ਮ ਅਤੇ 1 ਲੱਖ ਤੋਂ ਵੱਧ ਪੁਲਿਸ ਮੁਲਾਜ਼ਮ ਸਮੇਤ ਨੀਮ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਰਾਜ ਦੇ 13 ਲੋਕ ਸਭਾ ਹਲਕਿਆਂ ਲਈ 14,339 ਪੋਲਿੰਗ ਲੋਕੇਸ਼ਨਾਂ ਉੱਤੇ 23,213 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨਾਂ ਲਈ 42,689 ਬੈਲਟ ਯੂਨਿਟ, 28,703 ਵੀਵੀਪੈਂਟ ਮਸ਼ੀਨਾਂ ਲਗਾਈਆਂ ਜਾਣਗੀਆਂ। ਉਨਾਂ ਕਿਹਾ ਇਕ ਵਾਧੂ ਮਸ਼ੀਨਾਂ ਕਿਸੇ ਮਸ਼ੀਨ ਦੀ ਖਰਾਬੀ ਦੀ ਸੁਰਤ ਵਿੱਚ ਸਟੈਂਡ ਬਾਏ ਵਜੋਂ ਰੱਖੀਆਂ ਗਈਆਂ ਹਨ। ਚੋਣ ਕਮਿਸ਼ਨ ਵੱਲੋਂ ਓਵਜ਼ਰਵਰਾਂ ਦੀ ਰਿਪੋਰਟ 'ਤੇ 249 ਪੋਲਿੰਗ ਸਟੇਸ਼ਨਾਂ ਨੂੰ ਕ੍ਰਿਟੀਕਲ, 719 ਸੰਵੇਦਨਸ਼ੀਲ ਅਤੇ 509 ਨੂੰ ਹਾਇਪਰ ਸੈਂਸੰਟਿਵ ਐਲਾਨਿਆ ਗਿਆ ਹੈ।
ਮੁੱਖ ਚੋਣ ਅਫਸਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਸੂਬੇ ਵਿੱਚ ਕੁੱਲ 278 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨਾਂ ਦੀ ਕਿਸਮਤ ਦਾ ਫੈਸਲਾ 2,07,81,211 ਵੋਟਰ ਕਰਨਗੇ। ਇਨਾਂ ਵੋਟਰਾਂ ਵਿੱਚ ਪੁਰਸ਼ ਵੋਟਰ 1,09,50,735, ਮਹਿਲਾ ਵੋਟਰ 9,82,916 ਅਤੇ ਥਰਡ ਜੈਂਡਰ ਦੇ 560 ਵੋਟਰ ਹਨ। ਇਨਾਂ ਵਿੱਚੋਂ 3,94,780 ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। 278 ਉਮੀਦਵਾਰਾਂ ਵਿੱਚੋਂ 254 ਪੁਰਸ਼ ਅਤੇ 24 ਮਹਿਲਾਵਾਂ ਹੈ।
ਉਨ੍ਹਾਂ ਦੱਸਿਆ ਰਾਜ ਵਿੱਚ 1 ਲੱਖ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਪੁਲਿਸ ਪਾਰਟੀਆਂ ਵੱਲੋਂ ਗੈਰ-ਕਾਨੂੰਨੀ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਦੀ ਆਵਾਜਾਈ ਨੂੰ ਜਾਂਚਣ ਲਈ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਭੈਅ ਮੁਕਤ ਅਤੇ ਪਾਰਦਰਸ਼ੀ ਚੋਣਾਂ ਕਰਵਾਈਆਂ ਜਾ ਸਕਣ।
ਉਨ੍ਹਾਂ ਦੱਸਿਆ ਕਿ ਰਾਜ ਦੇ ਡੀ.ਸੀ. ਅਤੇ ਐਸ.ਐਸ.ਪੀ. ਵੱਲੋਂ ਗੈਰ-ਕਾਨੂੰਨੀ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਦੀ ਵੰਡ ਸਬੰਧੀ ਘਟਨਾਵਾਂ ਨੂੰ ਰੋਕਣ ਲਈ ਸਖ਼ਤੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਪਰੋਕਤ ਘਟਨਾਵਾਂ ਸਬੰਧੀ ਸੂਚਨਾ ਮਿਲਣ 'ਤੇ ਛਾਪੇਮਾਰੀ ਵੀ ਕੀਤੀ ਜਾਵੇਗੀ।