ਪਠਾਨਕੋਟ, 15 ਮਈ 2019: ਭਾਰਤੀ ਜਨਤਾ ਪਾਰਟੀ ਨੇ ਭਾਰਤੀ ਚੋਣ ਕਮਿਸ਼ਨ ਕੋਲ ਪੰਜਾਬ ਦੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਖਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਵਿੱਚ ਉਨ੍ਹਾਂ 'ਤੇ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਨੇ ਜਾਬਤੇ ਦੀ ਉਲੰਘਣਾ ਕਰਦਿਆਂ ਸ਼ਰ੍ਹੇਆਮ ਵੋਟਰਾਂ ਨੂੰ ਧਮਕਾਇਆ ਅਤੇ ਗੁਮਰਾਹ ਕੀਤਾ ਹੈ।
ਵਿਧਾਇਕ ਪਾਹੜਾ ਦੇ ਭਾਸ਼ਣ ਦੀ ਭੇਜੀ ਵੀਡਿਓ ਵਿੱਚ ਇਹ ਗੱਲਾਂ ਵੀ ਸਾਫ ਸਾਹਮਣੇ ਆਈਆਂ ਕਿ ਵਿਧਾਇਕ ਨੇ 12 ਮਈ ਨੂੰ ਪਿੰਡ ਭੁੰਬਲੀ ਵਿੱਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿੱਚ ਇਕ ਰੈਲੀ ਕੀਤੀ ਸੀ। ਉਸ ਵਿੱਚ ਵਿਧਾਇਕ ਨੇ ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਵੋਟਰਾਂ ਨੂੰ ਧਮਕਾਉਂਦਿਆਂ ਆਖਿਆ ਕਿ ਉਹ ਮੌਜੂਦਾ ਸਰਕਾਰ ਵਿੱਚ ਵਿਧਾਇਕ ਹਨ। ਉਨ੍ਹਾਂ ਨੂੰ ਇਹ ਸਭ ਕੁੱਝ ਪਤਾ ਲੱਗ ਜਾਵੇਗਾ ਕਿ ਕਿਸ ਨੇ ਕਿਸ ਨੂੰ ਵੋਟ ਪਾਈ ਹੈ। ਇਸ ਕਰ ਕੇ ਸਭ ਇਸ ਗੱਲ ਦਾ ਧਿਆਨ ਰੱਖਣ। ਇਸ ਵਿੱਚ ਸਾਫ ਨਜ਼ਰ ਆਉਂਦਾ ਹੈ ਕਿ ਇਹ ਵੋਟਰਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਧਮਕਾ ਰਿਹਾ ਹੈ।
ਗੁਰਦਾਸਪੁਰ ਦੇ ਰਿਟਰਨਿੰਗ ਅਧਿਕਾਰੀ ਰਾਹੀਂ ਭੇਜੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਮੌਜੂਦਾ ਕਾਂਗਰਸ ਸਰਕਾਰ ਦੇ ਵਿਧਾਇਕ ਨੇ ਕਮਿਸ਼ਨ ਵੱਲੋਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਜਾਰੀ ਕੀਤੀਆਂ ਗਾਈਡ ਲਾਈਨਜ਼ ਦੇ ਪਾਰਟ 7 ਦੇ ਉਲੰਘਣਾ ਕੀਤੀ ਹੈ। ਇਸ ਉਲੰਘਣਾ ਨਾਲ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਸੂਚਨਾਵਾਂ ਤੇ ਬੈਲਟ ਦੀ ਗੁਪਤ ਮਰਿਆਦਾ 'ਤੇ ਵੀ ਪ੍ਰਸ਼ਨ ਚਿੰਨ੍ਹ ਲਗਾਇਆ ਗਿਆ ਹੈ।
ਵਕੀਲ ਅਨਿਲ ਮਹਿਤਾ ਅਤੇ ਰਾਜੇਸ਼ ਗੌੜ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਵੋਟਰਾਂ ਨੂੰ ਧਮਕਾਉਣ ਦੇ ਮਾਮਲੇ ਵਿੱਚ ਆਦਰਸ਼ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਇਸ ਸਬੰਧੀ ਸਖਤ ਨੋਟਿਸ ਲੈਂਦਿਆਂ ਕਾਂਗਰਸੀ ਉਮੀਦਵਾਰ ਤੇ ਵਿਧਾਇਕ ਖਿਲਾਫ਼ ਬਣਦੀ ਸਖ਼ਤ ਕਾਰਵਾਈ ਕਰਦਿਆਂ ਵਿਧਾਇਕ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇ।