ਅਕਾਲੀ ਦਲ ਪ੍ਰਧਾਨ ਦੀ ਅਰਦਾਸ ਸੁਣੀ ਗਈ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਉੱਤੇ ਸਿਆਸਤ ਕਰਨ ਵਾਲੇ ਰਾਹੁਲ, ਜਾਖੜ, ਖਹਿਰਾ, ਮਾਨ ਅਤੇ ਟਕਸਾਲੀਆਂ ਦਾ ਕੱਖ ਨਹੀਂ ਰਿਹਾ: ਅਕਾਲੀ ਦਲ
ਕੋਰ ਕਮੇਟੀ ਨੇ ਇਕਲੌਤੀ ਪਾਰਟੀ ਅਕਾਲੀ ਦਲ ਦੀ ਵੋਟ ਹਿੱਸੇਦਾਰੀ ਵਧਾਉਣ ਲਈ ਪੰਜਾਬੀਆਂ ਦਾ ਧੰਨਵਾਦ ਕੀਤਾ
ਚੰਡੀਗੜ੍ਹ/28 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅਕਾਲੀ-ਭਾਜਪਾ ਗਠਜੋੜ ਦੀ ਵੋਟ ਹਿੱਸੇਦਾਰੀ ਵਿਚ 51 ਲੱਖ ਵੋਟਾਂ ਦਾ ਵਾਧਾ ਕਰਨ ਲਈ ਪੰਜਾਬ ਦੇ ਲੋਕਾਂ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ। ਜਿਸ ਸਦਕਾ 35 ਵਿਧਾਨ ਸਭਾ ਹਲਕਿਆਂ ਵਿਚ ਇਹ ਗਠਜੋੜ ਮੋਹਰੀ ਰਿਹਾ ਅਤੇ 16 ਸੀਟਾਂ ਉੱਤੇ ਇਹ ਬਹੁਤ ਥੋੜ੍ਹੇ ਫਰਕ ਨਾਲ ਦੂਜੇ ਨੰਬਰ ਉੱਤੇ ਰਿਹਾ। ਪਾਰਟੀ ਨੇ ਖਾਸ ਕਰਕੇ ਉਹਨਾਂ 40 ਲੱਖ ਵੋਟਰਾਂ ਦਾ ਧੰਨਵਾਦ ਕੀਤਾ, ਜਿਹਨਾਂ ਨੇ 2017 ਵਿਧਾਨ ਸਭਾ ਚੋਣਾਂ ਦੀ ਤੁਲਨਾ ਵਿਚ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਆਪਣਾ ਭਰੋਸਾ ਜਤਾਇਆ। ਪਾਰਟੀ ਨੇ ਗਠਜੋੜ ਦੀ ਵੋਟ ਹਿੱਸੇਦਾਰੀ 30 ਫੀਸਦੀ ਤੋਂ ਵਧਾ ਕੇ 37 ਫੀਸਦੀ ਕਰਨ ਲਈ ਵੀ ਵੋਟਰਾਂ ਦਾ ਧੰਨਵਾਦ ਕੀਤਾ। ਕੋਰ ਕਮੇਟੀ ਨੇ ਕਿਹਾ ਕਿ ਤੱਥ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਕਲੌਤੀ ਅਜਿਹੀ ਪਾਰਟੀ ਹੈ, ਜਿਸ ਦੀ ਵੋਟ ਹਿੱਸੇਦਾਰੀ ਵਿਚ ਵਾਧਾ ਹੋਇਆ ਹੈ ਜਦਕਿ ਕਾਂਗਰਸ ਅਤੇ ਆਪ ਦੀ ਵੋਟ ਹਿੱਸੇਦਾਰੀ ਬਹੁਤ ਜ਼ਿਆਦਾ ਘਟੀ ਹੈ।
ਮਤੇ ਵਿਚ ਦੱਸਿਆ ਗਿਆ ਕਿ ਪਾਰਟੀ ਨੇ ਗਠਜੋੜ ਦੇ ਉਮੀਦਵਾਰਾਂ ਨੂੰ ਕਾਮਯਾਬ ਬਣਾਉਣ ਵਾਸਤੇ ਨਿਰਸੁਆਰਥ ਹੋ ਕੇ ਕੰਮ ਕਰਨ ਅਕਾਲੀ-ਭਾਜਪਾ ਦੇ ਆਗੂਆਂ ਅਤੇ ਵਰਕਰਾਂ ਦਾ ਵੀ ਧੰਨਵਾਦ ਕੀਤਾ। 2017 ਵਿਧਾਨ ਸਭਾ ਚੋਣਾਂ ਦੌਰਾਨ ਗਠਜੋੜ ਨੇ 17 ਸੀਟਾਂ ਜਿੱਤੀਆਂ ਸਨ, ਜਿਹੜੀਆਂ ਕਿ ਲੋਕ ਸਭਾ ਚੋਣਾਂ ਦੌਰਾਨ ਦੁੱਗਣੀਆਂ ਹੋ ਗਈਆਂ ਹਨ। ਦੂਜੇ ਪਾਸੇ ਕਾਂਗਰਸ ਦੀਆਂ ਪੰਜਾਬ ਵਿਰੋਧੀ ਅਤੇ ਲੋਕ ਵਿਰੋਧੀ ਨੀਤੀਆਂ ਕਰਕੇ ਚਾਰ ਲੱਖ ਵੋਟਰਾਂ ਨੇ ਇਸ ਪਾਰਟੀ ਤੋਂ ਕਿਨਾਰਾ ਕਰ ਲਿਆ ਹੈ। ਅਕਾਲੀ-ਭਾਜਪਾ ਗਠਜੋੜ 35 ਵਿਧਾਨ ਸਭਾ ਹਲਕਿਆਂ ਵਿਚ ਮੋਹਰੀ ਰਿਹਾ ਹੈ, ਜਿਹਨਾਂ ਵਿਚੋਂ 21 ਹਲਕਿਆਂ ਅੰਦਰ ਅਕਾਲੀ ਦਲ ਅੱਗੇ ਰਿਹਾ ਹੈ ਅਤੇ 14 ਹਲਕਿਆਂ ਅੰਦਰ ਭਾਜਪਾ ਮੂਹਰੇ ਰਹੀ ਹੈ।
ਅੱਜ ਅਕਾਲੀ ਦਲ ਦੀ ਕੋਰ ਕਮੇਟੀ ਦੀ ਇੱਕ ਮੀਟਿੰਗ ਦੌਰਾਨ ਪਾਸ ਕੀਤੇ ਇੱਕ ਮਤੇ ਵਿਚ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਗਿਆ, ਜਿਹਨਾਂ ਨੇ ਚੋਣ ਪ੍ਰਚਾਰ ਦੌਰਾਨ ਪੂਰੇ ਸੂਬੇ ਦਾ ਚੱਕਰ ਲਾਉਂਦਿਆਂ ਲੱਖਾਂ ਵਰਕਰਾਂ ਅਤੇ ਪੰਜਾਬੀਆਂ ਨਾਲ ਮਿਲ ਕੇ ਪਾਰਟੀ ਨੂੰ ਇੱਕ ਦ੍ਰਿੜ ਅਤੇ ਪ੍ਰਭਾਵਸ਼ਾਲੀ ਅਗਵਾਈ ਪ੍ਰਦਾਨ ਕੀਤੀ। ਪਾਰਟੀ ਨੇ ਸਰਦਾਰ ਬਾਦਲ ਨੂੰ ਇਹਨਾਂ ਚੋਣਾਂ ਵਿਚ ਆਪਣੇ ਕਾਂਗਰਸੀ ਵਿਰੋਧੀ ਨੂੰ ਦੋ ਲੱਖ ਵੋਟਾਂ ਦੇ ਸਭ ਤੋਂ ਵੱਡੇ ਫਰਕ ਨਾਲ ਹਰਾਉਣ ਲਈ ਮੁਬਾਰਕਬਾਦ ਦਿੱਤੀ। ਪਾਰਟੀ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੀ ਉਹਨਾਂ ਦੀ ਜਿੱਤ ਲਈ ਵਧਾਈ ਦਿੱਤੀ, ਜਿਹਨਾਂ ਨੂੰ ਹਰਾਉਣ ਵਾਸਤੇ ਕਾਂਗਰਸ ਅਤੇ ਸਾਰੇ ਅਖੌਤੀ ਪੰਥਕ ਗਰੁੱਪ ਇਕੱਠੇ ਹੋ ਕੇ ਸਾਜ਼ਿਸ਼ ਰਚ ਰਹੇ ਸਨ।
ਪਾਰਟੀ ਨੇ ਇਸ ਗੱਲ ਉੱਤੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ ਕਿ ਅਕਾਲ ਪੁਰਖ ਨੇ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਰਦਾਸ ਸੁਣ ਲਈ ਅਤੇ ਉਹਨਾਂ ਸਾਰਿਆਂ ਦਾ ਕੱਖ ਨਹੀਂ ਛੱਡਿਆ, ਜਿਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂ ਇਸ ਦੀ ਸਾਜ਼ਿਸ਼ ਰਚੀ ਸੀ। ਪਾਰਟੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਕਾਂਗਰਸ ਦੇ ਉਹਨਾਂ ਝੋਲੀਚੁੱਕਾਂ ਦੀ ਅਗਵਾਈ ਕਰ ਰਿਹਾ ਸੀ, ਜਿਹਨਾਂ ਨੇ ਬੇਅਦਬੀ ਦੇ ਮੁੱਦੇ ਉੱਤੇ ਅਖੌਤੀ ਮੋਰਚਾ ਲਾਇਆ ਸੀ। ਉਹ ਵੀ ਰੇਤ ਦੀ ਕੰਧ ਵਾਂਗ ਢਹਿ ਗਿਆ ਅਤੇ ਉਸ ਦੇ ਜੋਟੀਦਾਰ ਸੁਖਪਾਲ ਖਹਿਰਾ, ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ, ਸਿਮਰਨਜੀਤ ਸਿੰਘ ਮਾਨ ਅਤੇ ਅਖੌਤੀ ਟਕਸਾਲੀ ਸਾਰੇ ਕੱਖਾਂ-ਕਾਨਿਆਂ ਵਾਂਗ ਉੱਡ ਗਏ। ਇਹ ਸਾਰੇ ਬੇਅਦਬੀ ਦੇ ਮੁੱਦੇ ਉੱਤੇ ਲੋਕਾਂ ਨੂੰ ਉਕਸਾ ਰਹੇ ਸਨ ਅਤੇ ਲੋਕਾਂ ਖਾਸ ਕਰਕੇ ਸਿੱਖਾਂ ਨੇ ਇਹਨਾਂ ਸਾਰੇ ਪਾਖੰਡੀਆਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਇਹਨਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ, ਇਹ ਹੁੰਦਾ ਹੈ ਰੱਬ ਦੇ ਘਰ ਦਾ ਇਨਸਾਫ।
ਇੱਕ ਹੋਰ ਮਤੇ ਵਿਚ ਪਾਰਟੀ ਵਿਚ ਸੂਬੇ ਅੰਦਰ ਬਿਜਲੀ ਦਰਾਂ ਵਿਚ ਕੀਤੇ ਲੱਕ-ਤੋੜਵੇਂ ਵਾਧੇ ਦੀ ਸਖ਼ਤ ਨਿਖੇਧੀ ਕੀਤੀ ਗਈ। ਪਾਰਟੀ ਨੇ ਕਿਹਾ ਕਿ ਗਰੀਬਾਂ ਨੂੰ ਦਿੱਤੀ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਰੋਕ ਦਿੱਤੀ ਗਈ ਹੈ। ਇਸ ਸਰਕਾਰ ਵੱਲੋਂ ਬਿਜਲੀ ਦਰਾਂ ਵਿਚ ਕੀਤੇ ਵਾਧੇ ਦੇ ਬੋਝ ਨੇ ਕਿਸਾਨਾਂ, ਵਪਾਰੀਆਂ ਅਤੇ ਘਰੇਲੂ ਖਪਤਕਾਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪਾਰਟੀ ਨੇ ਕਿਸਾਨਾਂ, ਵਪਾਰੀਆਂ ਅਤੇ ਘਰੇਲੂ ਖਪਤਕਾਰਾਂ ਨੂੰ ਜਰੂਰਤ ਅਨੁਸਾਰ ਬਿਜਲੀ ਮੁਹੱਈਆ ਨਾ ਕਰਵਾਉਣ ਲਈ ਵੀ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ।
ਇਸ ਤੋਂ ਇਲਾਵਾ ਕੋਰ ਕਮੇਟੀ ਨੇ ਸੂਬੇ ਅੰਦਰ ਵਾਪਰ ਰਹੀਆਂ ਬਲਾਤਕਾਰ ਅਤੇ ਕਤਲ ਦੀਆਂ ਘਟਨਾਵਾਂ ਉਤੇ ਡਾਹਢੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਪਾਰਟੀ ਨੇ ਕਿਹਾ ਕਿ ਧੂਰੀ ਵਿਖੇ ਇੱਕ ਚਾਰ ਸਾਲ ਦੀ ਬੱਚੀ ਨਾਲ ਹੋਇਆ ਕੁਕਰਮ ਸਰਕਾਰ ਦੀ ਗੁੰਡਾ ਅਨਸਰਾਂ ਨੂੰ ਨਕੇਲ ਪਾਉਣ ਵਿਚ ਨਾਕਾਮੀ ਦਾ ਨਤੀਜਾ ਹੈ।
ਪਾਰਟੀ ਨੇ ਠੇਕੇ ਉੱਤੇ ਰੱਖੇ ਅਧਿਆਪਕਾਂ ਦੀ ਜਾਇਜ਼ ਮੰਗ ਮੰਨਣ ਤੋਂ ਇਨਕਾਰ ਕਰਨ ਉੱਤੇ ਇੱਕ ਅਧਿਆਪਕ ਵੱਲੋਂ ਕੀਤੀ ਖੁਦਕੁਸ਼ੀ ਉੱਤੇ ਵੀ ਦੁੱਖ ਅਤੇ ਚਿੰਤਾ ਪ੍ਰਗਟ ਕੀਤੀ। ਇਹਨਾਂ ਅਧਿਆਪਕਾਂ ਨੂੰ ਸਰਕਾਰ ਵੱਲੋਂ 40 ਹਜ਼ਾਰ ਰੁਪਏ ਦੀ ਥਾਂ 15 ਹਜ਼ਾਰ ਰੁਪਏ ਦੀ ਮਾਸਿਕ ਤਨਖਾਹ ਲੈਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਅਧਿਆਪਕਾਂ ਦੀ ਤਨਖਾਹ ਘਟਾਉਣ ਦੇ ਅਣਮਨੁੱਖੀ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਕੋਰ ਕਮੇਟੀ ਨੇ ਕਿਹਾ ਕਿ ਇਹ ਅਧਿਆਪਕਾਂ ਨਾਲ ਅਜਿਹੀ ਬੇਇਨਸਾਫੀ ਨਹੀਂ ਹੋਣ ਦੇਵੇਗੀ ਅਤੇ ਉਹਨਾਂ ਦੇ ਨਾਲ ਡਟ ਕੇ ਸਰਕਾਰ ਨੂੰ ਇਸ ਲੋਕ-ਵਿਰੋਧੀ ਫੈਸਲੇ ਨੂੰ ਵਾਪਸ ਲੈਣ ਲਈ ਮਜ਼ਬੂਰ ਕਰ ਦੇਵੇਗੀ।
ਅੱਜ ਦੀ ਇਸ ਕੋਰ ਕਮੇਟੀ ਦੀ ਮੀਟਿੰਗ ਵਿਚ ਸਰਦਾਰ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਨਿਰਮਲ ਸਿੰਘ ਕਾਹਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਜਨਮੇਜਾ ਸਿੰਘ ਸੇਂਖੋ, ਸਿਕੰਦਰ ਸਿੰਘ ਮਲੂਕਾ, ਡਾਕਟਰ ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਡਾਕਟਰ ਉਪਿੰਦਰਜੀਤ ਕੌਰ, ਗੁਲਜ਼ਾਰ ਸਿੰਘ ਰਣੀਕੇ, ਹਰੀ ਸਿੰਘ ਜ਼ੀਰਾ, ਬਿਕਰਮ ਸਿੰਘ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ, ਸ਼ਰਨਜੀਤ ਸਿੰਘ ਢਿੱਲੋਂ,ਸੁਰਜੀਤ ਸਿੰਘ ਰੱਖੜਾ, ਬਲਦੇਵ ਸਿੰਘ ਮਾਨ ਅਤੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸ਼ਾਮਿਲ ਹੋਏ।