• ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਸੂਬਾ ਸਰਕਾਰ ਦਾ ਨਿਵੇਕਲਾ ਉਪਰਾਲਾ - ਡਿੰਪਾ
• ਗੁਰੂ ਸਾਹਿਬ ਵਲੋਂ ਸਮਾਜ ਦੀ ਇਕਜੁੱਟਤਾ ਦਾ ਦਿਖਾਇਆ ਸਿਧਾਂਤ ਸਮਾਜਿਕ ਬੁਰਾਈਆਂ ਖਿਲਾਫ਼ ਹਮੇਸ਼ਾਂ ਮਨੁੱਖਤਾ ਦਾ ਰਾਹ ਦਸੇਰਾ ਬਣਿਆ ਰਹੇਗਾ - ਭਲਾਈਪੁਰਾ
ਬਿਆਸ, 14 ਨਵੰਬਰ 2019 - ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਿਆਸ ਦਰਿਆ 'ਚ ਸ਼ੁਰੂ ਹੋਏ ਚਾਰ ਰੋਜ਼ਾ 'ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ' ਨੂੰ ਜ਼ਿਲਾ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਦੇਰ ਸ਼ਾਮ ਹੋਏ ਸ਼ੋਅ ਦੌਰਾਨ ਬਿਆਸ ਦਰਿਆ 'ਚੋਂ ਨਿਕਲੀ ਅਲੌਕਿਕ ਰੌਸ਼ਨੀ ਨੇ ਜਿੱਥੇ ਚੁਫੇਰਾ ਜਗਮਗਾ ਦਿੱਤਾ, ਉਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਬਹੁਤ ਹੀ ਨਿਮਰਤਾ ਅਤੇ ਸ਼ਰਧਾ ਨਾਲ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਆਧੁਨਿਕ ਤਕਨੀਕ ਰਾਹੀਂ ਜਾਣਕਾਰੀ ਹਾਸਲ ਕੀਤੀ।
ਲੋਕਸਭਾ ਮੈਂਬਰ ਸ: ਜਸਬੀਰ ਸਿੰਘ ਡਿੰਪਾ ਨੇ ਸ਼ੋਅ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ' ਪੰਜਾਬ ਸਰਕਾਰ ਦਾ ਨਿਵੇਕਲਾ ਉਪਰਾਲਾ ਹੈ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਦਾਸੀਆਂ ਨੂੰ 'ਸ਼ੋਅ' ਦੌਰਾਨ ਰੂਪਮਾਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ 4 ਮਹੀਨਿਆਂ ਤੱਕ ਚੱਲਣ ਵਾਲੇ 'ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ' ਦੌਰਾਨ ਗੁਰੂ ਸਾਹਿਬ ਦੇ ਧਾਰਮਿਕ ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਕਾਇਮ ਕਰਨ ਦੀਆਂ ਸਿੱਖਿਆਵਾਂ ਬਾਰੇ ਸੂਬਾ ਵਾਸੀਆਂ ਨੂੰ ਜਾਣੂ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਗੁਰੂ ਸਾਹਿਬ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਫੈਲਾਉਣ ਦਾ ਇਹ ਇੱਕ ਢੁਕਵਾਂ ਯਤਨ ਹੈ। ਉਨਾਂ ਕਿਹਾ ਕਿ ਗੁਰੂ ਸਾਹਿਬ ਵਲੋਂ ਸਮਾਜ ਦੀ ਇਕਜੁੱਟਤਾ ਦਾ ਦਿਖਾਇਆ ਸਿਧਾਂਤ ਸਮਾਜਿਕ ਬੁਰਾਈਆਂ ਖਿਲਾਫ਼ ਹਮੇਸ਼ਾਂ ਮਨੁੱਖਤਾ ਦਾ ਰਾਹ ਦਸੇਰਾ ਬਣਿਆ ਰਹੇਗਾ।
ਵਿਧਾਇਕ ਸ: ਸੰਤੋਖ ਸਿੰਘ ਭਲਾਈਪੁਰਾ ਨੇ ਕਿਹਾ ਕਿ 'ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ' ਕਰਵਾਉਣ ਦਾ ਮੁੱਖ ਮੰਤਵ ਮਨੁੱਖਤਾ ਨੂੰ ਸ਼ਾਂਤੀ ਤੇ ਸਦਭਾਵਨਾ ਦਾ ਸੁਨੇਹਾ ਦੇਣ ਦੇ ਨਾਲ-ਨਾਲ ਨੌਜਵਾਨ ਪੀੜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਿਰਕੂ ਸਦਭਾਵਨਾ, ਸ਼ਾਂਤੀ, ਭਾਈਚਾਰੇ ਵਾਲੇ ਫਲਸਫੇ ਤੇ ਜੀਵਨ ਬਾਰੇ ਜਾਣੂ ਕਰਵਾਉਣਾ ਵੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਧੁਨਿਕ ਤਕਨੀਕ ਨਾਲ ਲਿਬਰੇਜ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਤਾਂ ਜੋ ਸੂਬਾ ਵਾਸੀਆਂ ਅਤੇ ਜਵਾਨੀ ਨੂੰ ਗੁਰੂ ਸਾਹਿਬ ਦੀ ਜੀਵਨੀ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾ ਸਕੇ।
ਸ਼ੋਅ ਦੌਰਾਨ ਪੁੱਜੀਆਂ ਸੰਗਤਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਗੁਰੂ ਸਾਹਿਬ ਦੇ ਜੀਵਨ ਬਾਰੇ ਆਧੁਨਿਕ ਤਰੀਕੇ ਨਾਲ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਾਫੀ ਸਲਾਹੁਣਯੋਗ ਉਪਰਾਲਾ ਹੈ। ਇਸ ਮੌਕੇ ਜਿਲ•ਾ ਤੇ ਸ਼ੈਸ਼ਨ ਜੱਜ ਸ: ਕੇ ਐਸ ਕੰਗ ਆਪਣੇ ਪਰਿਵਾਰ ਸਮੇਤ, ਸੈਕਟਰੀ ਲੀਗਲ ਸਰਵਿਸ ਅਥਾਰਟੀ ਸ੍ਰੀ ਸੁਮਿੱਤ ਮੱਕੜ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਐਸ ਡੀ ਐਮ ਮੇਜਰ ਸੁਮਿਤ ਮੁੱਧ, ਡੀ ਐਸ ਪੀ ਸ੍ਰੀ ਹਰਕ੍ਰਿਸ਼ਨ ਸਿੰਘ ਹਾਜਰ ਸਨ।