ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਸ਼ਰਧਾਲੂਆਂ ਦੀ ਆਸਥਾ ਵਿਚੋਂ ਮੁਨਾਫਾ ਨਹੀਂ ਕਮਾਉਣਾ ਚਾਹੀਦਾ
ਚੰਡੀਗੜ੍ਹ 03 ਨਵੰਬਰ 2019: ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਉਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਕੋਲੋ 20 ਰੁਪਏ ਅਰਜ਼ੀ ਭਰਵਾਈ ਫੀਸ ਲੈਣ ਲਈ ਅੱਜ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪਾਕਿਸਤਾਨ ਵੱਲੋਂ ਲਈ ਜਾ ਰਹੀ 20 ਡਾਲਰ ਸਰਵਿਸ ਫੀਸ ਦਾ ਵਿਰੋਧ ਕਰਕੇ ਅਤੇ ਖੁਦ ਸ਼ਰਧਾਲੂਆਂ ਕੋਲੋਂ ਫਾਰਮ ਭਰਵਾਈ ਲਈ 20 ਰੁਪਏ ਵਸੂਲ ਕੇ ਦੋਹਰੇ ਮਾਪਦੰਡ ਨਹੀਂ ਅਪਣਾਉਣੇ ਚਾਹੀਦੇ। ਉਹਨਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸ਼ਰਧਾਲੂਆਂ ਉੱਪਰ ਲਾਈ ਗਈ 20 ਡਾਲਰ ਦੀ ਸਰਵਿਸ ਫੀਸ ਵਾਪਸ ਲੈਣ ਦੀ ਅਪੀਲ ਕਰ ਰਿਹਾ ਹੈ, ਪਰ ਇਸ ਦੇ ਨਾਲ ਉਸ ਦੀ ਸਰਕਾਰ ਸ਼ਰਧਾਲੂਆਂ ਕੋਲੋਂ ਅਰਜ਼ੀ ਭਰਵਾਈ ਦੇ 20 ਰੁਪਏ ਪ੍ਰਤੀ ਵਿਅਕਤੀ ਵਸੂਲ ਰਹੀ ਹੈ। ਉਹਨਾਂ ਮੁੱਖ ਮੰਤਰੀ ਨੂੰ ਕਿਹਾ ਕਿ ਚੰਗਾ ਹੋਵੇਗਾ ਕਿ ਦੂਜਿਆਂ ਨੂੰ ਨਸੀਹਤ ਦੇਣ ਤੋਂ ਪਹਿਲਾਂ ਤੁਸੀਂ ਖੁਦ ਉਸ ਗੱਲ ਨੂੰ ਅਮਲ ਵਿਚ ਲਿਆਓ।
ਅਕਾਲੀ ਆਗੂ ਨੂੰ ਕਿਹਾ ਕਿ ਪਾਕਿਸਤਾਨ ਦੇ ਪਵਿੱਤਰ ਗੁਰਦੁਆਰਾ ਸਾਹਿਬ ਵਿਖੇ ਜਾਣ ਵਾਲੇ ਸ਼ਰਧਾਲੂਆਂ ਕੋਲੋਂ ਅਰਜ਼ੀ ਭਰਵਾਈ ਦੇ 20 ਰੁਪਏ ਵਸੂਲ ਕਰਨਾ ਸਾਬਿਤ ਕਰਦਾ ਹੈ ਕਿ ਕਾਂਗਰਸ ਸਰਕਾਰ ਕਿਸ ਆਸਥਾ ਨਾਲ ਸਿੱਖ ਦੇ ਧਰਮ ਦੇ ਮੋਢੀ ਗੁਰੂ ਸਾਹਿਬ ਦਾ 550ਵਾਂ ਪਰਕਾਸ਼ ਪੁਰਬ ਮਨਾ ਰਹੀ ਹੈ।ਜਿਹੜੇ ਲੋਕੀਂ ਆਪਣਾ ਫਾਰਮ ਆਨਲਾਇਨ ਨਹੀਂ ਭਰ ਸਕਦੇ ਅਤੇ ਸਰਕਾਰ ਕੋਲੋਂ ਭਰਵਾਉਣਾ ਚਾਹੁੰਦੇ ਹਨ ਸੰਬੰਧੀ ਸਰਕਾਰ ਦੀ 20 ਰੁਪਏ ਫੀਸ ਵਸੂਲਣ ਦੀ ਦਲੀਲ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਆਪਣੇ ਨਾਗਰਿਕਾਂ ਦੀ ਮੱਦਦ ਕਰਨਾ ਹਰ ਸੂਬਾ ਸਰਕਾਰ ਦਾ ਸੰਵਿਧਾਨਿਕ ਫਰਜ਼ ਹੁੰਦਾ ਹੈ, ਪਰ ਕਾਂਗਰਸ ਸਰਕਾਰ ਪਰਕਾਸ਼ ਪੁਰਬ ਸਮਾਗਮਾਂ ਦੇ ਮੌਕੇ ਉੱਤੇ ਵੀ ਇਸ ਪਵਿੱਤਰ ਕਾਰਜ ਨੂੰ ਮੁਫਤ ਵਿਚ ਨਹੀਂ ਕਰਨਾ ਚਾਹੁੰਦੀ ਹੈ।
ਕਾਂਗਰਸ ਸਰਕਾਰ ਨੂੰ ਪਾਕਿਸਤਾਨ ਵਾਂਗ ਅਜਿਹੀ ਫੀਸ ਲਾਉਣ ਤੋਂ ਵਰਜਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਫੀਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਪਾਕਿਸਤਾਨ ਸਰਕਾਰ ਕੋਲੋਂ ਪ੍ਰਸਤਾਵਿਤ 20 ਡਾਲਰ ਦੀ ਫੀਸ ਰੱਦ ਕਰਵਾਉਣ ਲਈ ਆਪਣੇ ਸਾਰੇ ਵਸੀਲੇ ਇਸਤੇਮਾਲ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੋ ਸਕਦਾ ਤਾਂ ਪੰਜਾਬ ਸਰਕਾਰ ਨੂੰ ਬਾਕੀ ਸੂਬਾ ਸਰਕਾਰਾਂ ਵਾਂਗ ਇਹ ਫੀਸ ਖੁਦ ਅਦਾ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।