ਬਲਵਿੰਦਰ ਸਿੰਘ ਧਾਲੀਵਾਲ
- ਸਵੇਰੇ 8 ਤੋਂ 4 ਵਜੇ ਤੱਕ ਪੈਣਗੀਆਂ ਵੋਟਾਂ- 17 ਨੂੰ ਹੋਵੇਗੀ ਗਿਣਤੀ
- ਅਮਨ ਤੇ ਸ਼ਾਂਤੀ ਨਾਲ ਵੋਟਿੰਗ ਲਈ ਸਖਤ ਸੁਰੱਖਿਆ ਪ੍ਰਬੰਧ
ਸੁਲਤਾਨਪੁਰ ਲੋਧੀ 13 ਫਰਵਰੀ 2021 - ਕਪੂਰਥਲਾ ਨਗਰ ਨਿਗਮ ਤੇ ਸੁਲਤਾਨਪੁਰ ਲੋਧੀ ਨਗਰ ਕੌਂਸਲ ਲਈ ਵੋਟਾਂ ਕੱਲ੍ਹ 14 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ, ਜਿਸ ਦੌਰਾਨ ਕਪੂਰਥਲਾ ਨਗਰ ਨਿਗਮ ਦੇ 49 ਵਾਰਡਾਂ ਅਤੇ ਸੁਲਤਾਨਪੁਰ ਲੋਧੀ ਨਗਰ ਕੌਂਸਲ ਦੇ 13 ਵਾਰਡਾਂ ਲਈ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈ.ਵੀ.ਐਮਜ਼ ਵਿਚ ਬੰਦ ਹੋ ਜਾਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ। ਕਪੂਰਥਲਾ ਨਗਰ ਨਿਗਮ ਦੇ 8 ਨੰਬਰ ਵਾਰਡ ਵਿਚ ਚੋਣ ਨਿਰਵਿਰੋਧ ਹੋ ਗਈ ਸੀ।
ਕਪੂਰਥਲਾ ਨਗਰ ਨਿਗਮ ਲਈ ਕੁੱਲ 196 ਉਮੀਦਵਾਰ ਮੈਦਾਨ ਵਿਚ ਹਨ ਜਦਕਿ ਸੁਲਤਾਨਪੁਰ ਲੋਧੀ ਨਗਰ ਕੌਂਸਲ ਲਈ 42 ਉਮੀਦਵਾਰ ਮੈਦਾਨ ਵਿਚ ਹਨ। ਦੋਹਾਂ ਨਿਗਮਾਂ ਲਈ ਕੁੱਲ 96 ਪੋਲਿੰਗ ਬੂਥ ਬਣਾਏ ਗਏ ਹਨ, ਜਿਸ ਵਿਚੋਂ ਕਪੂਰਥਲਾ ਦੇ 81 ਅਤੇ ਸੁਲਤਾਨਪੁਰ ਲੋਧੀ ਦੇ 15 ਬੂਥ ਹਨ।
ਕਪੂਰਥਲਾ ਨਗਰ ਨਿਗਮ ਲਈ 69327 ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰ ਸਕਣਗੇ ਜਿਸ ਵਿਚੋਂ 35739 ਪੁਰਸ਼ ਅਤੇ 33575 ਮਹਿਲਾ ਵੋਟਰ ਹਨ, ਜਦਕਿ 13 ਵੋਟਰ ਤੀਜੇ ਲਿੰਗ ਵਾਲੇ ਹਨ। ਸੁਲਤਾਨਪੁਰ ਲੋਧੀ ਵਿਖੇ 12764 ਵੋਟਰ ਹਨ।
ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਅੱਜ ਦੋਹਾਂ ਨਿਗਮਾਂ ਵਿਚ ਵੋਟਾਂ ਲਈ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਗਿਆ ਹੈ, ਅਤੇ ਨਿਰਵਿਘਨ ਵੋਟਿੰਗ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨਾਲ ਹੀ ਦੱਸਿਆ ਕਿ ਵੋਟਿੰਗ ਦੌਰਾਨ ਪੰਜਾਬ ਰਾਜ ਸਟੇਟ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਸੁਚੱਜੇ ਤਾਲਮੇਲ ਲਈ ਕਪੂਰਥਲਾ ਵਿਖੇ 4 ਅਤੇ ਸੁਲਤਾਨਪੁਰ ਲੋਧੀ ਵਿਖੇ 2 ਡਿਊਟੀ ਮੈਜਿਸਟ੍ਰੇਟ ਵੀ ਤਾਇਨਾਤ ਕੀਤੇ ਹਨ।
ਇਸੇ ਦੌਰਾਨ ਐਸ.ਐਸ. ਪੀ. ਕਪੂਰਥਲਾ ਸ੍ਰੀਮਤੀ ਕੰਵਰਦੀਪ ਕੌਰ ਵਲੋਂ ਅੱਜ ਜਿਲ੍ਹੇ ਵਿਚ ਅਮਨ ਤੇ ਸ਼ਾਂਤੀਪੂਰਨ ਚੋਣਾਂ ਲਈ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕੀਤੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪੁਲਿਸ ਵਲੋਂ ਅਮਨ ਤੇ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਲੋਕ ਆਪਣੇ ਜਮਹੂਰੀ ਹੱਕ ਦੀ ਵਰਤੋਂ ਬਿਨ੍ਹਾਂ ਕਿਸੇ ਡਰ ਤੇ ਭੈਅ ਤੋਂ ਕਰ ਸਕਣ।
ਉਨ੍ਹਾਂ ਦੱਸਿਆ ਕਿ ਅਮਨ ਤੇ ਸ਼ਾਂਤੀਪੂਰਨ ਵੋਟਿੰਗ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ 1500 ਦੇ ਕਰੀਬ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਦੋਹਾਂ ਸ਼ਹਿਰਾਂ ਨੂੰ ਵੱਖ-ਵੱਖ ਜ਼ੋਨਾਂ ਵਿਚ ਵੰਡਕੇ ਐਸ. ਪੀ. ਪੱਧਰ ਦੇ ਦੋ ਅਧਿਕਾਰੀ ਕਪੂਰਥਲਾ ਵਿਖੇ ਸਮੁੱਚੀ ਵੋਟਿੰਗ ਪ੍ਰਕਿ੍ਰਆ ਨੂੰ ਸ਼ਾਂਤੀਪੂਰਨ ਤੇ ਨਿਰਪੱਖ ਤਰੀਕੇ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਉਣਗੇ ਜਦਕਿ ਐਸ.ਪੀ. ਪੱਧਰ ਦਾ ਇਕ ਅਧਿਕਾਰੀ ਸੁਲਤਾਨਪੁਰ ਲੋਧੀ ਵਿਖੇ ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਡੀ.ਐਸ.ਪੀ. ਪੱਧਰ ਦੇ 4 ਅਧਿਕਾਰੀ ਕਪੂਰਥਲਾ ਤੇ 2 ਸੁਲਤਾਨਪੁਰ ਲੋਧੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਦੰਗਾ ਰੋਕੂ ਦਸਤਿਆਂ ਦੀ ਵੀ ਤਾਇਨਾਤੀ ਕੀਤੀ ਗਈ ਹੈ। ਦੋਹਾਂ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਮਹੂਰੀ ਹੱਕ ਦੀ ਬਿਨ੍ਹਾਂ ਕਿਸੇ ਡਰ , ਲਾਲਚ ਤੋਂ ਵਰਤੋਂ ਕਰਨ।