ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤੱਕ ਕੱਢੇ ਕਾਫ਼ਲੇ ਵਿੱਚ ਦੇਸ਼ ਦੀ ਸੱਭਿਆਰਕ ਵਿਭਿੰਨਤਾ ਦੇ ਹੋਏ ਦਰਸ਼ਨ
ਸਹਿਕਾਰਤਾ ਮੰਤਰੀ ਨੇ ਕਾਫ਼ਲੇ ਦੀ ਵਾਪਸੀ ਉਤੇ ਕੀਤਾ ਸਵਾਗਤ, ਸਕੂਲੀ ਬੱਚਿਆਂ ਨਾਲ ਕੀਤੀ ਗੱਲਬਾਤ
ਸ਼ਾਂਤੀ, ਅਮਨ ਤੇ ਸਦਭਾਵਨਾ ਦਾ ਸੁਨੇਹਾ ਦੇਵੇਗਾ ਕਰਤਾਰਪੁਰ ਲਾਂਘੇ ਦਾ ਖੁੱਲ੍ਹਣਾ: ਰੰਧਾਵਾ
ਡੇਰਾ ਬਾਬਾ ਨਾਨਕ ਉਤਸਵ ਵਿੱਚ ਸੰਗਤਾਂ ਦਾ ਸੈਲਾਬ ਉਮੜਿਆ
ਡੇਰਾ ਬਾਬਾ ਨਾਨਕ (ਗੁਰਦਾਸਪੁਰ), 10 ਨਵੰਬਰ 2019: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ੍ਹੇ ਇਤਿਹਾਸਕ ਕਰਤਾਰਪੁਰ ਲਾਂਘੇ ਤੋਂ ਬਾਅਦ ਅੱਜ ਡੇਰਾ ਬਾਬਾ ਨਾਨਕ ਵਿਖੇ ਜਸ਼ਨਾਂ ਦਾ ਮਾਹੌਲ ਬਣਿਆਂ ਹੋਇਆ ਸੀ। ਸਹਿਕਾਰਤਾ ਵਿਭਾਗ ਦੇ ਸਮੂਹ ਅਦਾਰਿਆ ਵੱਲੋਂ ਕਰਵਾਏ ਜਾ ਰਹੇ ਡੇਰਾ ਬਾਬਾ ਨਾਨਕ ਉਤਸਵ ਦੇ ਅੱਜ ਤੀਜੇ ਦਿਨ ਸੰਗਤਾਂ ਦਾ ਸੈਲਾਬ ਉਮੜ ਆਇਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੀ ਸੰਗਤ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਉਤੇ ਸਥਿਤ ਕਰਤਾਰਪੁਰ ਲਾਂਘੇ ਵਾਲੀ ਥਾਂ ਤੱਕ ਦੇਖੀ ਗਈ
ਡੇਰਾ ਬਾਬਾ ਨਾਨਕ ਉਤਸਵ ਦੌਰਾਨ ਅੱਜ ਸਰਬ ਸਾਂਝੀਵਾਲਤਾ ਦਾ ਕਾਫ਼ਲਾ ਕੱਢਿਆਂ ਗਿਆ ਜਿਸ ਰਾਹੀਂ ਸੰਗਤ ਨੇ ਭਾਰਤ ਦੀ ਬਹੁ ਭਾਂਤੀ ਸੱਭਿਅਤਾ ਤੇ ਸਰਬ ਸਾਂਝੀਵਾਲਤਾ ਦੇ ਦਰਸ਼ਨ ਕੀਤੇ। ਨੇੜਲੇ ਖੇਤਰ ਦੇ ਸਕੂਲਾਂ ਦੇ 250 ਦੇ ਕਰੀਬ ਬੱਚਿਆਂ ਵੱਲੋਂ ਵੱਖ-ਵੱਖ ਧਰਮਾਂ, ਖ਼ਿੱਤਿਆਂ ਤੇ ਸੱਭਿਆਚਾਰ ਦੇ ਪਹਿਰਾਵੇ ਪਹਿਨ ਕੇ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤੱਕ ਮਾਰਚ ਕੱਢਿਆ ਗਿਆ ਜਿਸ ਦਾ ਵਾਪਸੀ ਉਤੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਿੱਘਾ ਸਵਾਗਤ ਕੀਤਾ।
ਸ ਰੰਧਾਵਾ ਨੇ ਸਵਾਗਤ ਕਰਦਿਆਂ ਬੱਚਿਆਂ ਨਾਲ ਨਿੱਜੀ ਤੌਰ ਉਤੇ ਮੁਲਾਕਾਤ ਕਰਦਿਆਂ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਰਿਆਂ ਦਾ ਸਾਂਝੇ ਸਨ ਅਤੇ ਅੱਜ ਇਸ ਕਾਫ਼ਲੇ ਰਾਹੀਂ ਗੁਰੂ ਸਾਹਿਬ ਨੂੰ ਸੱਚੀ ਅਕੀਦਤ ਭੇਂਟ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਕਾਫ਼ਲਾ ਸ਼ਾਂਤੀ, ਅਮਨ ਤੇ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ ਅਤੇ ਲਾਂਘੇ ਖੋਲ੍ਹਣ ਦਾ ਵੀ ਇਹੋ ਮਨੋਰਥ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਡੇਰਾ ਬਾਬਾ ਨਾਨਕ ਵਿਖੇ ਜਸ਼ਨਾਂ ਦਾ ਮਾਹੌਲ ਹੈ ਅਤੇ ਇਸ ਖੇਤਰ ਵਿੱਚ ਧਾਰਮਿਕ ਸੈਰ ਸਪਾਟਾ ਪ੍ਰਫੁੱਲਿਤ ਕਰਨ ਲਈ ਹੋਰ ਵੀ ਬਿਹਤਰ ਕੰਮ ਕੀਤੇ ਜਾਣਗੇ।
ਪੰਜਾਬੀ, ਹਰਿਆਣਵੀ, ਰਾਜਸਥਾਨੀ, ਕਸ਼ਮੀਰੀ, ਹਿਮਾਚਲੀ ਪਹਿਰਾਵਿਆਂ ਨਾਲ ਸਜੇ ਇਸ ਕਾਫ਼ਲੇ ਦਾ ਹਜ਼ਾਰਾਂ ਦੀ ਸੰਗਤ ਵੱਲੋਂ ਵੀ ਨਿੱਘਾ ਸਵਾਗਤ ਕੀਤਾ ਗਿਆ।ਬੈਂਡ ਦੀਆਂ ਮਧੁਰ ਧੁਨਾਂ ਤੇ ਮਲਵਈ ਗਿੱਧੇ ਵਾਲੇ ਬਾਬਿਆਂ ਦੇ ਢੋਲ, ਤੂੰਬੀ, ਅਲਗ਼ੋਜ਼ਿਆਂ, ਬੁਗਦੂ, ਚਿੱਮਟੇ ਨਾਲ ਮਾਹੌਲ ਸੰਗੀਤਕ ਬਣਿਆਂ ਹੋਇਆਂ ਸੀ।
ਇਸ ਮੌਕੇ ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ, ਮਾਰਕਫੈਡ ਦੇ ਐਮ ਡੀ ਵਰੁਣ ਰੂਜ਼ਮ, ਸ਼ੂਗਰਫੈਡ ਦੇ ਐਮ ਡੀ ਪੁਨੀਤ ਗੋਇਲ, ਡੇਰਾ ਬਾਬਾ ਨਾਨਕ ਉਤਸਵ ਦੇ ਕੋਆਰਡੀਨੇਟਰ ਅਮਰਜੀਤ ਗਰੇਵਾਲ ਤੇ ਕਾਫ਼ਲ ਦੇ ਕੋਆਰਡੀਨੇਟਰ ਡਾ ਕੇਵਲ ਧਾਲੀਵਾਲ ਵੀ ਹਾਜ਼ਰ ਸਨ।