ਹਰਦਮ ਮਾਨ
ਸਰੀ, 11 ਨਵੰਬਰ 2019 - ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਨਗਰ ਕੀਰਤਨ ਸਜਾਇਆ ਗਿਆ। ਰੁਕ ਰੁਕ ਕੇ ਪੈ ਰਹੇ ਹਲਕੇ ਮੀਂਹ ਦੇ ਬਾਵਜੂਦ ਇਸ ਨਗਰ ਕੀਰਤਨ 'ਚ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਸ਼ਾਮਲ ਹੋਈਆਂ।
ਨਗਰ ਕੀਰਤਨ ਗੁਰਦੁਆਰਾ ਸਹਿਬ ਤੋਂ ਸਵੇਰੇ 9.30 ਵਜੇ ਸ਼ੁਰੂ ਹੋਇਆ। ਨਗਰ ਕੀਰਤਨ ਦੀ ਅਗਵਾਈ ਬਾਣੇ ਵਿਚ ਸਜੇ ਪੰਜ ਪਿਆਰਿਆਂ ਨੇ ਕੀਤੀ। ਨਗਰ ਕੀਰਤਨ ਦੌਰਾਨ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰਵਾਰ ਅਤੇ ਨਗਰ ਕੀਰਤਨ ਦੇ ਰਸਤੇ ਉਪਰ ਥਾਂ ਥਾਂ ਵੱਖ ਵੱਖ ਪਕਵਾਨਾਂ ਦੇ ਸਟਾਲ ਲਾਏ ਗਏ ਸਨ। ਨਗਰ ਕੀਰਤਨ ਵਿਚ ਕੇਸਰੀ, ਨੀਲੇ ਅਤੇ ਖਾਲਸਾਈ ਬਾਣਿਆਂ ਵਿਚ ਸਜ ਕੇ ਸ਼ਾਮਲ ਹੋਈਆਂ ਸੰਗਤਾਂ ਨੇ ਕੀਰਤਨ ਦੇ ਨਾਲ ਨਾਲ ਸਟਾਲਾਂ ਤੋਂ ਇਨ੍ਹਾਂ ਪਕਵਾਨਾਂ ਦਾ ਵੀ ਆਨੰਦ ਮਾਣਿਆ। ਨਗਰ ਕੀਰਤਨ ਦੌਰਾਨ ਗੱਤਕਾ ਟੀਮ ਨੇ ਵੀ ਗੱਤਕੇ ਦੇ ਜੌਹਰ ਦਿਖਾਏ।
ਗੁਰਦੁਆਰਾ ਦੇ ਬਾਹਰ ਲੱਗੀ ਸਟੇਜ ਤੋਂ ਉਘੇ ਢਾਡੀ ਅਤੇ ਕਵੀਸ਼ਰੀ ਜੱਥਿਆਂ ਨੇ ਸਿੱਖ ਇਤਿਹਾਸ ਦੀ ਪੇਸ਼ਕਾਰ ਕਰਦਿਆਂ ਸੰਗਤਾਂ ਵਿਚ ਨਵਾਂ ਜਜ਼ਬਾ ਅਤੇ ਜੋਸ਼ ਭਰਿਆ। ਖਾਲਸਾ ਸਕੂਲ ਦੀ ਵੱਖਰੀ ਸਟੇਜ ਉਪਰ ਸਕੂਲੀ ਬੱਚਿਆਂ ਦਾ ਕੀਰਤਨ ਚੱਲ ਰਿਹਾ ਸੀ। ਇਹ ਨਗਰ ਕੀਰਤਨ ਵੱਖ ਵੱਖ ਗਲੀਆਂ ਰਾਹੀਂ ਹੁੰਦਾ ਹੋਇਆ ਬਾਅਦ ਦੁਪਹਿਰ 2 .30 ਵਜੇ ਗੁਰਦੁਆਰਾ ਸਾਹਿਬ ਵਿਖੇ ਵਾਪਿਸ ਪੁੱਜਿਆ।