ਦੇਵਾਂ ਨੰਦ ਸ਼ਰਮਾ
ਫ਼ਰੀਦਕੋਟ, 30 ਅਕਤੂਬਰ 2019: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸ਼ੁਰੂ ਹੋਇਆ ਕੌਮਾਂਤਰੀ ਨਗਰ ਕੀਰਤਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਫ਼ਰੀਦਕੋਟ ਵਿਖੇ ਠਹਿਰਾਅ ਉਪਰੰਤ ਅੱਜ ਸਥਾਨਕ ਭਾਈ ਘਨੱਈਆ ਚੌਂਕ ਵਿਖੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸ. ਕੁਸ਼ਲਦੀਪ ਸਿੰਘ ਢਿੱਲੋਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ, ਆਈ.ਏ.ਐਸ ਵੱਲੋਂ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ ਵਿਚ ਭਰਵਾਂ ਸਵਾਗਤ ਕੀਤਾ। ਇਸ ਮੌਕੇ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਪੰਜਾਬ ਪੁਲਿਸ ਦੇ ਬੈਂਡ ਦੀ ਧੁਨਾਂ ਅਤੇ ਜੈਕਾਰਿਆਂ ਨਾਲ ਸੁਆਗਤ ਕੀਤਾ। ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਸ. ਮਨਜੀਤ ਸਿੰਘ ਢੇਸੀ ਵੀ ਹਾਜ਼ਰ ਸਨ।
ਇਸ ਮੌਕੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਉਨ•ਾਂ ਦੀ ਧਰਮ ਪਤਨੀ ਮੈਡਮ ਅਮਨਜੋਤ ਕੌਰ ਢਿੱਲੋਂ, ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨ ਵੱਲੋਂ ਗੁਰੂ ਸਾਹਿਬ ਨੂੰ ਸੁੰਦਰ ਬਸਤਰ ਭੇਂਟ ਕੀਤੇ ਅਤੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਲਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ•ਾਂ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਪਵਿੱਤਰ ਖੜਾਵਾਂ, ਵੱਟਿਆਂ ਤੇ ਹੋਰ ਪਵਿੱਤਰ ਸ਼ਾਸ਼ਤਰਾਂ ਤੇ ਦੁਰਲੱਭ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫ਼ਲਾ ਕੀਤਾ। ਇਸ ਮੌਕੇ ਟਿੱਲਾ ਬਾਬਾ ਫ਼ਰੀਦ ਦੇ ਮੁੱਖ ਸੇਵਾਦਾਰ ਸ. ਇੰਦਰਜੀਤ ਸਿੰਘ ਖਾਲਸਾ ਨੇ ਵੀ ਆਪਣੀ ਹਾਜ਼ਰ ਲੁਆ ਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ।
ਕੌਮਾਂਤਰੀ ਨਗਰ ਕੀਰਤਨ ਮੌਕੇ ਪੈਰਾ ਗਲਾਈਡਰ ਰਾਹੀਂ ਸੰਗਤਾਂ ਤੇ ਫੁੱਲ, ਪੱਤੀਆਂ ਦੀ ਵਰਖਾ ਕੀਤੀ ਗਈ ਅਤੇ ਗੱਤਕਾ ਟੀਮਾਂ ਵੱਲੋਂ ਆਪਣੀ ਕਲਾ ਦੇ ਜੌਹਰ ਵਿਖਾਏ ਗਏ। ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ, ਸਮਾਜਸੇਵੀ ਸੰਸਥਾਵਾਂ ਵੱਲੋਂ ਸੰਗਤਾਂ ਲਈ ਵੱਡੀ ਗਿਣਤੀ ਵਿਚ ਲੰਗਰ ਲਗਾਏ ਗਏ ਸਨ। ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਜ਼ਿਲ•ਾ ਫ਼ਰੀਦਕੋਟ ਦੇ ਪਿੰਡ ਡੋਡ ਰਾਹੀਂ ਦਾਖਲ ਹੋਇਆ ਕੌਮਾਤਰੀ ਨਗਰ ਕੀਰਤਨ ਫ਼ਰੀਦਕੋਟ ਦੇ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਠਹਿਰਾਅ ਉਪਰੰਤ ਗੁਰਦੁਆਰਾ ਜਾਮਣੀ ਸਾਹਿਬ ਫਿਰੋਜ਼ਪੁਰ ਲਈ ਰਵਾਨਾ ਹੋ ਗਿਆ।