ਦੀਪਕ ਜੈਨ
- ਕਈ ਹੋਰਨਾਂ ਨੇਤਾਵਾਂ ਵਰਕਰਾਂ 'ਤੇ ਵੀ ਮਾਮਲੇ ਦਰਜ
ਜਗਰਾਓਂ, 18 ਫਰਵਰੀ 2021 - ਕੱਲ੍ਹ ਜਗਰਾਓਂ ਵਿਖੇ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਚੋਣ ਨਤੀਜਿਆਂ ਵਿਚ ਗੜਬੜੀ ਦਸਦਿਆਂ ਨੈਸ਼ਨਲ ਹਾਈਵੇ ਉਪਰ ਧਰਨਾ ਲਗਾਇਆ ਗਿਆ ਸੀ ਅਤੇ ਵੱਡੀ ਗਿਣਤੀ ਵਿਚ ਆਪ ਵਰਕਰਾਂ ਵਲੋਂ ਹਾਈਵੇ ਕਈ ਘੰਟੇ ਜਾਮ ਰੱਖਿਆ ਗਿਆ ਸੀ। ਇਸ ਸੰਬੰਧੀ ਪੁਲਿਸ ਵਲੋਂ ਧਰਨੇ ਵਿਚ ਸ਼ਾਮਲ ਆਮ ਆਦਮੀ ਪਾਰਟੀ ਦੀ ਜਗਰਾਓਂ ਤੋਂ ਵਿਧਾਇਕ ਅਤੇ ਵਿਧਾਨਸਭਾ ਦੀ ਵਿਰੋਧੀ ਧਿਰ ਦੀ ਉਪਨੇਤ੍ਰੀ ਸਰਬਜੀਤ ਕੌਰ ਮਾਣੂਕੇ ਉਪਰ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦਿਆਂ ਥਾਣਾ ਸਿਟੀ ਐਸਐਚਓ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਕਲ ਦੀ ਆਪਣੀ ਹਾਰ ਨਾ ਸਹਾਰਦੇ ਹੋਏ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਵਲੋਂ ਕਈ ਘੰਟੇ ਹਾਈਵੇ ਜਾਮ ਕਰਕੇ ਆਵਾਜਾਈ ਬੰਦ ਕੀਤੀ ਅਤੇ ਲੋਕਾਂ ਦੀਆਂ ਸਿਹਤ ਸੇਵਾਵਾਂ ਵਿਚ ਵਿਘਨ ਪਾਕੇ ਜਾਨ ਨੂੰ ਖਤਰੇ ਵਿਚ ਪਾਇਆ। ਉਸ ਤੋਂ ਬਾਅਦ ਇਸ ਸਾਰੇ ਹਜੂਮ ਨੇ ਸ਼ਹਿਰ ਦੇ ਬਾਜ਼ਾਰ ਵਿਚ ਮੁਜਾਹਰਾ ਕਰਕੇ ਕੋਵਿਡ -19 ਦੀ ਬਿਮਾਰੀ ਸੰਬੰਧੀ ਜਾਰੀ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਤੇ ਮਾਨੀਗੋ ਡੀਸੀ ਵਲੋਂ ਇਲੈਕਸ਼ਨ ਸੰਬੰਧੀ ਜਾਰੀ ਕੀਤੇ ਹੁਕਮ ਧਾਰਾ 144 ਸੀਆਰਪੀਸੀ ਦੀ ਉਲੰਘਣਾ ਕੀਤੀ ਹੈ।
ਜਿਸ 'ਤੇ ਪੁਲਿਸ ਵਲੋਂ ਸਰਬਜੀਤ ਮਾਣੂਕੇ, ਸੁਖਵਿੰਦਰ ਸਿੰਘ, ਸੁਖਵੀਰ ਸਿੰਘ, ਰਾਮ ਸ਼ਰਨ, ਸੰਤੋਸ਼ ਰਾਣੀ, ਬਲਵੀਰ ਸਿੰਘ , ਗਗਨਦੀਪ ਕੌਰ, ਲੁਵਪ੍ਰੀਤ ਕੌਰ, ਜਸਵੀਰ ਕੌਰ, ਜਸਵੰਤ ਭੱਲਾ, ਰਾਮ ਨਾਹਰ, ਰਾਜ ਸਿੰਘ, ਵਿਕੀ ਵਾਸੀਆਂਨ ਕੱਚਾ ਮਲਕ ਰੋਡ ਜਗਰਾਓਂ ਅਤੇ 30-40 ਅਣਪਛਾਤੇ ਵਿਅਕਤੀਆਂ ਉਪਰ 188,283,269 ਆਈਪੀਸੀ 8-ਬੀ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।