ਮਨਿੰਦਰਜੀਤ ਸਿੱਧੂ
ਜੈਤੋ, 22 ਫਰਵਰੀ , 2021 - ਸਮੁੱਚੇ ਪੰਜਾਬ ਵਿੱਚ ਜਿੱਥੇ ਸੱਤਾਧਾਰੀ ਕਾਂਗਰਸ ਨੂੰ ਜਿਆਦਾਤਰ ਨਗਰ ਕੌਂਸਲ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਵਿੱਚ ਜਿੱਥੇ ਸਪੱਸ਼ਟ ਬਹੁਮਤ ਮਿਲਿਆ ਹੈ ਉੱਥੇ ਜੈਤੋ ਵਾਸੀਆਂ ਵੱਲੋਂ ਕਿਸੇ ਇੱਕ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਦਿੱਤਾ ਗਿਆ। ਜਿਸ ਕਾਰਨ ਇੱਥੋਂ ਦੀ ਪ੍ਰਧਾਨਗੀ ਦੀ ਕੁਰਸੀ ਉੱਪਰ ਕੌਣ ਬੈਠੇਗਾ ਇਹ ਕਹਿਣਾ ਅਜੇ ਕਿਸੇ ਦੇ ਵੱਸ ਦੀ ਗੱਲ ਨਹੀਂ। ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਚੋਣ ਨਿਸ਼ਾਨ ‘ਹੱਥ ਪੰਜੇ’ ਦੇ ਹੱਥ ਕੁੱਲ 17 ਵਿੱਚੋਂ 7 ਸੀਟਾਂ ਆਈਆਂ ਹਨ ਅਤੇ 2 ਸੀਟਾਂ ਕਾਂਗਰਸ ਵਿੱਚੋਂ ਬਾਗੀ ਹੋ ਕੇ ਅਜਾਦ ਚੋਣ ਜਿੱਤੇ ਜਤਿੰਦਰ ਕੁਮਾਰ ਜੀਤੂ ਬਾਂਸਲ ਅਤੇ ਪ੍ਰਦੀਪ ਭਾਂਡੇ ਦੀ ਪਤਨੀ ਸੀਮਾ ਰਾਣੀ ਦੇ ਹੱਥ ਆਈਆਂ ਹਨ।
ਕਾਂਗਰਸ ਦੇ ਹੱਥ ਆਈਆਂ 7 ਸੀਟਾਂ ਵੀ ਕਾਂਗਰਸ ਦੇ ਦੋ ਧੜਿਆਂ ਵਿੱਚ ਵੰਡੀਆਂ ਹੋਈਆਂ ਹਨ ਅਤੇ ਤਥਾਕਥਿਤ ਇਹ ਦੋ ਧੜੇ ਮੁਹੰਮਦ ਸਦੀਕ ਧੜਾ ਅਤੇ ਕਿੱਕੀ ਢਿੱਲੋਂ ਧੜਾ ਦੇ ਨਾਮ ਨਾਲ ਜਾਣੇ ਜਾਂਦੇ ਹਨ। ਸਿਆਸੀ ਮਾਹਿਰਾਂ ਦੀ ਗੱਲ ਅਨੁਸਾਰ 7 ਸੀਟਾਂ ਵਿੱਚੋਂ 4 ਸੀਟਾਂ ਇੱਕ ਧੜੇ ਕੋਲ ਅਤੇ 3 ਸੀਟਾਂ ਇੱਕ ਧੜੇ ਕੋਲ ਹਨ ਅਤੇ ਹੋਰ ਵੀ ਰੌਚਕ ਗੱਲ ਇਹ ਕਿ ਜੋ 2 ਕਾਂਗਰਸ ਵਿੱਚੋਂ ਬਾਗੀ ਹੋਕੇ ਅਜਾਦ ਚੋਣਾਂ ਜਿੱਤੇ ਹਨ ਉਹਨਾਂ ਵਿੱਚੋਂ ਵੀ ਇੱਕ ਦਾ ਸੰਬੰਧ ਕਿੱਕੀ ਢਿੱਲੋਂ ਧੜੇ ਨਾਲ ਮੰਨਿਆ ਜਾਂਦਾ ਹੈ ਅਤੇ ਇੱਕ ਦਾ ਸੰਬੰਧ ਸਦੀਕ ਧੜੇ ਨਾਲ ਮੰਨਿਆ ਜਾਂਦਾ ਹੈ। ਜੇਕਰ ਇਹ ਦੋਵੇਂ ਅਜਾਦ ਉਮੀਦਵਾਰ ਆਪੋ ਆਪਣੇ ਧੜੇ ਨਾਲ ਖੜਦੇ ਹਨ ਤਾਂ ਇੱਕ ਧੜੇ ਕੋਲ 5 ਐੱਮ.ਸੀ ਹੋ ਜਾਂਦੇ ਹਨ ਅਤੇ ਦੂਜੇ ਧੜੇ ਕੋਲ 4 ਐੱਮ.ਸੀ ਹੋ ਜਾਂਦੇ ਹਨ। ਸੂਤਰਾਂ ਮੁਤਾਬਿਕ ਕਿੱਕੀ ਢਿੱਲੋਂ ਧੜਾ ਐੱਮ.ਸੀ ਚੋਣਾਂ ਵਿੱਚ ਦੋ ਸੀਟਾਂ ਉੱਪਰ ਜਿੱਤਣ ਵਾਲੇ ਸੁਰਜੀਤ ਬਾਬਾ ਅਤੇ ਉਹਨਾਂ ਦੀ ਪਤਨੀ ਜਸਪਾਲ ਕੌਰ ਵਿੱਚੋਂ ਕਿਸੇ ਇੱਕ ਦੇ ਹੱਥ ਪ੍ਰਧਾਨਗੀ ਦੇਣੀ ਚਾਹੁੰਦਾ ਹੈ।
ਜਿਕਰਯੋਗ ਹੈ ਕਿ ਦੋ ਸੀਟਾਂ ਜਿੱਤਣ ਅਤੇ ਕੁੰਵਰ ਰਣਇੰਦਰ ਸਿੰਘ ਨਾਲ ਨੇੜਤਾ ਕਾਰਨ ਸੁਰਜੀਤ ਬਾਬਾ ਦਾ ਪੱਲੜਾ ਪ੍ਰਧਾਨਗੀ ਲਈ ਕਾਫੀ ਭਾਰਾ ਹੈ ਪਰ ਉਹਨਾਂ ਕੋਲ ਐੱਮ.ਸੀ 4 ਜਾਂ 5 ਹੀ ਹਨ ਅਤੇ ਦੂਜੇ ਪਾਸੇ ਸਦੀਕ ਧੜੇ ਦਾ ਜੋਰ ਉੱਘੇ ਉਦਯੋਗਪਤੀ ਸੁਖਬਿੰਦਰ ਪਾਲ ਗਰਗ ਦੀ ਪਤਨੀ ਸੁਮਨਦੇਵੀ ਨੂੰ ਪ੍ਰਧਾਨ ਬਣਾਉਣ ਉੱਪਰ ਲੱਗਿਆ ਹੋਇਆ ਹੈ ਅਤੇ ਉਹਨਾਂ ਕੋਲ ਵੀ 4 ਜਾਂ 5 ਐੱਮ.ਸੀ ਹਨ। ਜੇਕਰ 7 ਸੀਟਾਂ ਕਾਂਗਰਸ ਅਤੇ 2 ਕਾਂਗਰਸ ਤੋਂ ਬਾਗੀ ਹੋ ਕੇ ਜਿੱਤੇ ਕਾਂਗਰਸੀ ਇਕੱਠੇ ਹੋ ਜਾਂਦੇ ਹਨ ਤਾਂ 9 ਹੋ ਜਾਂਦੇ ਹਨ ਤਾਂ ਬਹੁਮਤ ਸਾਬਿਤ ਕਰਕੇ ਆਪਣਾ ਪ੍ਰਧਾਨ ਬਣਾ ਸਕਦੇ ਹਨ। ਪਰ ਇੱਥੇ ਤਾਂ ਰੌਲਾ ਹੀ ਪ੍ਰਧਾਨਗੀ ਦਾ ਹੈ। ਕਾਂਗਰਸ ਦੇ ਦੋ ਵੱਡੇ ਚਿਹਰੇ ਪ੍ਰਧਾਨਗੀ ਦੇ ਦਾਅਵੇਦਾਰ ਹਨ ਅਤੇ ਇਸ ਨੂੰ ਅਮਲੀ ਜਾਮਾ ਪਹੁੰਚਾਉਣ ਲਈ ਰੋਜ ਹੀ ਗੱਡੀਆਂ ਮੰਤਰੀਆਂ ਦੇ ਦਫਤਰਾਂ ਅਤੇ ਘਰਾਂ ਨੂੰ ਸ਼ੂਟਾਂ ਵੱਟ ਰਹੀਆਂ ਹਨ।
ਇਹਨਾਂ ਦੋਹਾਂ ਨੇ ਧੜਿਆਂ ਵਿੱਚ ਆਪਸੀ ਸਹਿਮਤੀ ਉਦੋਂ ਹੀ ਬਣਨ ਦੀ ਝਾਕ ਹੈ ਜਦੋਂ ਪਾਰਟੀ ਹਾਈ ਕਮਾਨ ਕੋਈ ਉੱਪਰੋਂ ਫੁਰਮਾਨ ਜਾਰੀ ਕਰਕੇ ਪ੍ਰਧਾਨਗੀ ਕਿਸੇ ਇੱਕ ਦੀ ਝੋਲੀ ਵਿੱਚ ਪਾਵੇ ਅਤੇ ਦੂਜੇ ਦੇ ਚੰਗੀ ਤਰ੍ਹਾਂ ਕੰਨ ਖਿੱਚ ਕੇ ਨਾਲ ਤੋਰੇ ਜਾਂ ਵਾਈਸ ਪ੍ਰਧਾਨਗੀ ਲਈ ਰਾਜੀ ਕਰੇ। ਇਸ ਤਰ੍ਹਾਂ ਦਾ ਸਖਤ ਸਟੈਂਡ ਲੈਣ ਵਿੱਚ ਅਕਾਲੀ ਮਾਹਿਰ ਮੰਨੇ ਜਾਂਦੇ ਰਹੇ ਹਨ। ਹੁਣ ਦੇਖਣਾ ਇਹ ਬਣਦਾ ਹੈ ਕਿ ਪਾਰਟੀ ਹਾਈਕਮਾਨ ਇਸ ਭੰਬਲਭੂਸੇ ਨੂੰ ਕੋਈ ਸਖਤ ਸਟੈਂਡ ਲੈ ਕੇ ਦੂਰ ਕਰਦੀ ਹੈ ਜਾਂ ਜੈਤੋ ਵਾਸੀ ਵੋਟਾਂ ਉਪਰੰਤ ਵੀ ਬਿਨਾਂ ‘ਪ੍ਰਧਾਨ’ ਤੋਂ ਹੀ ਸਾਰਨਗੇ।