- ਸ਼ੋਅ ਦੇ ਦੂਜੇ ਦਿਨ ਵੀ ਸੰਗਤ ਦੇ ਭਾਰੀ ਇਕੱਠ ਨੇ ਕ੍ਰਿਏਟਿਵ ਸਾਊਂਡ ਟਰੈਕ, ਵਿਜੂਅਲ ਪ੍ਰੋਜੈਕਸ਼ਨ ਅਤੇ ਐਡਵਾਂਸ ਲੇਜਰ ਦਾ ਲਿਆ ਆਨੰਦ
- ਸਮਾਜ ਦੇ ਹਰ ਵਰਗ ਦੇ ਲੋਕਾਂ ਵਲੋਂ ਸ਼ਿਰਕਤ
ਚੰਡੀਗੜ੍ਹ/ਡੇਰਾ ਬਾਬਾ ਨਾਨਕ (ਗੁਰਦਾਸਪੁਰ), 10 ਨਵੰਬਰ 2019 - ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਡੇਰਾ ਬਾਬਾ ਨਾਨਕ ਉਤਸਵ ਮੌਕੇ ਡੇਰਾ ਬਾਬਾ ਨਾਨਕ ਵਿਖੇ ਚਲਾਏ ਜਾ ਰਹੇ ਡਿਜੀਟਲ ਮਿਊਜੀਅਮ ਅਤੇ ਲਾਇਟ ਐਂਡ ਸਾਊਂਡ ਸ਼ੋਅ ਦੇ ਦੂਜੇ ਦਿਨ ਰੋਸਨੀ ਤੇ ਅਵਾਜ ਸੋਅ ਨੇ ਸੰਗਤਾਂ ਨੂੰ ਅਧਿਆਤਮ ਦੇ ਰੰਗ ਵਿਚ ਰੰਗ ਦਿੱਤਾ। ਇੱਥੋਂ ਦੀ ਦਾਣਾ ਮੰਡੀ ਵਿਖੇ ਸ਼ਾਮ 6.15 ਵਜੇ ਅਤੇ 7.15 ਤੇ ਸ਼ੁਰੂ ਹੋਏ ਸ਼ੋਅ ਵਿੱਚ ਸੰਗਤ ਦੇ ਭਾਰੀ ਇਕੱਠ ਨੇ ਅਤਿ ਆਧੁਨਿਕ ਤਕਨੀਕਾਂ ਤੇ ਲੇਜ਼ਰ ਸ਼ੋਅ ਰਾਹੀਂ ਗੁਰੂ ਸਾਹਿਬ ਦੇ ਜੀਵਨ,ਫਲਸਫੇ ,ਵਿਸ਼ਵ ਸ਼ਾਂਤੀ, ਸਰਬੱਤ ਦੇ ਭਲੇ ਦੇ ਸੁਨੇਹੇ ਨੂੰ ਰੂਪਮਾਨ ਹੁੰਦਿਆਂ ਦੇਖਿਆ।ਡਿਜੀਟਲ ਮਿਊਜੀਅਮ ਦਾ ਉਦਘਾਟਨ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ।
ਸ਼ੋਅ ਲਈ ਸਥਾਨਕ ਲੋਕਾਂ ਅਤੇ ਬਾਹਰ ਤੋਂ ਆਈ ਸੰਗਤ ਵਿਚ ਵੱਡਾ ਉਤਸ਼ਾਹ ਦੇਖਿਆ ਗਿਆ । ਸ਼ੋਅ ਦਾ ਅਨੰਦ ਮਾਣ ਰਹੇ ਲੋਕਾਂ ਨੇ ਕਿਹਾ ਕਿ ਇਹ ਯਾਦਗਾਰ ਰੌਸ਼ਨੀ ਅਤੇ ਅਵਾਜ਼ 'ਤੇ ਅਧਾਰਿਤ ਸ਼ੋਅ ਕ੍ਰਿਏਟਿਵ ਸਾਊਂਡ ਟਰੈਕ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ 'ਤੇ ਅਧਾਰਿਤ ਸੰਦੇਸ਼ ਨੂੰ ਸ਼ਾਨਦਾਰ ਢੰਗ ਨਾਲ ਵਿਜੂਅਲ ਪ੍ਰੋਜੈਕਸ਼ਨ ਅਤੇ ਐਡਵਾਂਸ ਲੇਜਰ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ।
ਇਸੇ ਦੌਰਾਨ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਲਾਈਟ ਐਡ ਸਾਂਊਡ ਸ਼ੋਅ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਵਿਸ਼ਵ ਵਿਆਪੀ ਸੰਦੇਸ਼ ਅਤੇ ਉਨਾਂ ਦੇ ਜੀਵਨ ਫਲਸਫ਼ੇ 'ਤੇ ਅਧਾਰਿਤ ਹੈ। ਸ਼ੋਅ ਦੌਰਾਨ ਅਹਿੰਸਾ, ਸ਼ਾਂਤੀ, ਭਾਈਚਾਰਕ ਸਾਂਝ, ਮਹਿਲਾ ਸਸ਼ਕਤੀਕਰਨ ਅਤੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਨੂੰ ਰੂਪਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੋਅ ਰਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸਮਾਜਿਕ ਬਰਾਬਰਤਾ ਲਈ ਕੀਤੇ ਗਏ ਯਤਨਾਂ ਨੂੰ ਦਰਸ਼ਕਾਂ ਵਿੱਚ ਸਹੀ ਅਰਥਾਂ ਵਿੱਚ ਪ੍ਰਚਾਰਿਆ ਜਾ ਰਿਹਾ ਹੈ।
ਇਹ ਵਿਲੱਖਣ ਧੁਨੀਆਂ ਵਾਲਾ ਲਾਇਟ ਐਂਡ ਸਾਊਂਡ ਪ੍ਰੋਗਰਾਮ 11 ਨਵੰਬਰ ਨੂੰ ਵੀ ਸ਼ਾਮ 6.15 ਤੇ ਦੂਜਾ ਸ਼ੋਅ 7.45 ਤੇ ਸ਼ੁਰੂ ਹੋਵੇਗਾ।