- ਪ੍ਰਮੁੱਖ ਧਿਰਾਂ ਦੇ ਬਾਬਾ ਬੇਦੀ, ਰਵੀਇੰਦਰ, ਸੇਖਵਾ ਪੀਰਮੁਹੰਮਦ, ਹਰਪਾਲ ਚੀਮਾ ਸੰਧਵਾ ਜਫਰਵਾਲ ਬੱਬੀ ਬਾਦਲ ਤੇ ਗੜੀ ਇਕੱਠੇ ਨਜਰ ਆਏ
- ਬਾਬਾ ਬੇਦੀ ਤੇ ਰਵੀਇੰਦਰ ਸਿੰਘ ਦੀ ਅਗਵਾਈ ਵਿੱਚ ਡੇਰਾ ਬਾਬਾ ਨਾਨਕ ਵਿਖੇ ਹੋਏ ਵਿਸਾਲ ਇਕੱਠ ਨੇ ਕੇਦਰ ਸਰਕਾਰ ਪਾਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਕਰਵਾਉਣ ਦੀ ਤੁਰੰਤ ਮੰਗ ਕੀਤੀ
ਡੇਰਾ ਬਾਬਾ ਨਾਨਕ, 12 ਨਵੰਬਰ 2019 - ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੀ ਖੁਸ਼ੀ ਨੂੰ ਸਮੁੱਚੇ ਸਿੱਖ ਜਗਤ ਨਾਲ ਸਾਂਝੀ ਕਰਦਿਆ ਬਾਬਾ ਸਰਬਜੋਤ ਸਿੰਘ ਬੇਦੀ ਨੇ ਸਿਖ ਪੰਥ ਨੂੰ ਨਵੀਂਆਂ ਜਿੰਮੇਵਾਰੀਆਂ ਸੰਭਾਲਣ ਦਾ ਸੱਦਾ ਦਿਤਾ ਹੈ। ਗੁਰਮਤਿ ਪ੍ਰਚਾਰਕ ਸੰਤ ਸਭਾ ਦੀ ਅਗਵਾਈ ਅਧੀਨ ਹੋਏ ਇੱਕ ਵੱਡੇ ਇਕੱਠ ਵਿੱਚ ਬੋਲਦਿਆ ਬਾਬਾ ਜੀ ਨੇ ਕਿਹਾ ਹੈ ਕਿ ਦੁਨੀਆ ਭਰ ਵਿੱਚ ਵਸਦੇ ਸਮੂਹ ਨਾਨਕ ਨਾਮ ਲੇਵਾ ਸਿੱਖਾਂ ਨੇ ਜਿਵੇਂ ਪਿਆਰ ਅਤੇ ਪੂਰੇ ਉਤਸ਼ਾਹ ਨਾਲ ਰਲਮਿਲ ਕੇ ਗੁਰੂ ਨਾਨਕ ਸਾਹਿਬ ਦਾ 550 ਸਾਲਾਂ ਪ੍ਰਕਾਸ਼ ਪੁਰਬ ਮਨਾਇਆ ਹੈ, ਉਸ ਨੇ ਸਿੱਖ ਪੰਥ ਦੇ ਰੂਹਾਨੀ ਜਲੌਅ ਨੂੰ ਪ੍ਰਗਟ ਕੀਤਾ ਹੈ। ਬਾਬਾ ਜੀ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਨਾਲ ਬਣੇ ਉਤਸ਼ਾਹ ਨੇ ਇਸ ਜਲੌਅ ਨੂੰ ਹੋਰ ਵੀ ਵਧਾਇਆ ਹੈ। ਬਾਬਾ ਜੀ ਨੇ ਆਖਿਆ ਹੈ ਕਿ ਯਕੀਨਨ ਇਹ ਲਾਂਘਾ ਦੋਹਾਂ ਦੇਸਾਂ ਵਿਚਕਾਰ ਅਮਨ ਦਾ ਪੁਲ ਬਣੇਗਾ ਅਤੇ ਇਸ ਖੇਤਰ ਦੇ ਸਾਰੇ ਲੋਕਾਂ ਲਈ ਖੁਸ਼ਹਾਲੀ ਲਿਆਵੇਗਾ। ਸਮਾਂ ਆਵੇਗਾ ਜਦੋਂ ਗੁਰੂ ਪਾਤਸ਼ਾਹ ਦੇ ਵਰੋਸਾਏ ਦੋਵੇਂ ਪੰਜਾਬ ਸਦੀਵੀ ਸਾਂਝ ਦੇ ਸੂਤਰ ਵਿੱਚ ਬੱਝਣਗੇ।
ਸੰਗਤਾਂ ਨੂੰ ਸੰਬੋਧਨ ਕਰਦਿਆ ਬਾਬਾ ਜੀ ਨੇ ਆਖਿਆ ਕਿ ਗੁਰੂ ਪਾਤਸ਼ਾਹ ਨੇ ਹਨੇਰੇ ਵਿਚ ਭਟਕਦੀ ਮਨੁਖਤਾ ਨੂੰ ਆਤਮਿਕ ਸੱਚ ਦਾ ਮਾਰਗ ਵਿਖਾਇਆ ਸੀ ਤਾਂ ਕਿ ਸਮੁਚੀ ਮਨੁਖਤਾ ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੇ ਮਾਰਗ ਉਤੇ ਚੱਲਦਿਆਂ ਹੋਇਆਂ ਇਸ ਧਰਤੀ ਉੱਤੇ ਰਲ-ਮਿਲ ਕੇ ਅਨੰਦਮਈ ਜਿੰਦਗੀ ਬਸਰ ਕਰ ਸਕੇ। ਇਸੇ ਪਾਵਨ ਆਸ਼ੇ ਦੀ ਪੂਰਤੀ ਲਈ ਖਾਲਸਾ ਪੰਥ ਨੇ ਆਪਣੀ ਕਰਨੀ, ਬੀਰਤਾ ਅਤੇ ਕੁਰਬਾਨੀਆਂ ਨਾਲ ਧਰਤੀ ਦੇ ਇਸ ਖਿੱਤੇ ਉੱਤੇ ਸਦੀਆਂ ਦਾ ਇਤਿਹਾਸ ਬਦਲ ਦਿਤਾ। ਅੱਜ ਗੁਰੂ ਸਾਹਿਬ ਦੇ ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੇ ਸੁਨੇਹੇ ਨੂੰ ਸੰਸਾਰ ਭਰ ਵਿਚ ਫੈਲਾਉਣਾ ਹਰੇਕ ਸਿਖ ਦਾ ਫਰਜ ਹੈ। ਗੁਰੂ ਸਾਹਿਬ ਦੀ ਬਖਸ਼ੀ ਜੀਵਨ ਜੁਗਤ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਨੂੰ ਆਪਣੇ ਨਿਜੀ ਜੀਵਨ ਵਿਚ ਅਪਨਾਉਣ ਅਤੇ ਪ੍ਰਚਾਰਨ ਦੀ ਲੋੜ ਹੈ। ਬਾਬਾ ਜੀ ਦੀ ਅਗਵਾਈ ਵਿਚ ਹੋਰ ਵੀ ਸੰਤ ਮਹਾਂਪੁਰਖਾਂ ਨੇ ਸਮਾਗਮ ਵਿਚ ਹਾਜਰੀ ਭਰੀ।
ਅਖੰਡ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਰਵੀਇੰਦਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਸਮੂਹ ਸਿਖਾਂ ਨੂੰ ਵੰਗਾਰ ਪਾਈ ਕਿ ਹੁਣ ਉਹ ਆਪਣੇ ਛੋਟੇ-ਛੋਟੇ ਮਤਭੇਦਾਂ ਤੋਂ ਉਪਰ ਉਠਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜਿੰਮੇਵਾਰ ਅਖੌਤੀ ਅਕਾਲੀਆਂ ਤੋਂ ਪੰਥ ਦਾ ਖਹਿੜਾ ਛੁਡਾਉਣ। ਉਹਨਾਂ ਨੇ ਕਿਹਾ ਕਿ ਜਿਹੜਾ ਸ੍ਰੋਮਣੀ ਅਕਾਲੀ ਦਲ ਸਿਖਾਂ ਨੇ ਬੇਸ਼ੁਮਾਰ ਕੁਰਬਾਨੀਆਂ ਕਰਕੇ ਅਤੇ ਲੰਬੀਆਂ ਜੇਲ੍ਹਾਂ ਭੁਗਤ ਕੇ ਹੋਂਦ ਵਿਚ ਲਿਆਂਦਾ ਸੀ, ਉਸਦੀ ਸਾਰੀ ਕਮਾਈ ਪੰਥ ਨੂੰ ਗਹਿਣੇ ਪਾ ਕੇ ਇਕ ਪਰਿਵਾਰ ਨੇ ਹੂੰਝ ਲਈ ਹੈ। ਹੁਣ ਸਮਾਂ ਆ ਗਿਆ ਹੈ ਕਿ ਉਸ ਪਰਿਵਾਰ ਤੋਂ ਖਹਿੜਾ ਛੁਡਾ ਕੇ ਅਸਲੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਕੇ ਸੁਰਜੀਤ ਕੀਤਾ ਜਾਵੇ। ਸ੍ਰ. ਰਵੀਇੰਦਰ ਸਿੰਘ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਵੀ ਕਿਹਾ। ਉਹਨਾਂ ਨੇ ਸਾਰੇ ਟਕਸਾਲੀ ਆਗੂਆਂ ਨੂੰ ਇਕ ਮੰਚ ਉਤੇ ਇਕੱਠੇ ਹੋਣ ਲਈ ਵੀ ਅਪੀਲ ਕੀਤੀ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾ, ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ, ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰ ਹਰਸੁਖਇੰਦਰ ਸਿੰਘ ਬੱਬੀ ਬਾਦਲ, ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ, ਕੁਲਤਾਰ ਸਿੰਘ ਸੰਧਵਾ ਕਿਸ਼ਨ ਸਿੰਘ ਰੋੜੀ ਦੋਵੇ ਵਿਧਾਇਕ, ਸ੍ਰ ਤੇਜਿੰਦਰ ਸਿੰਘ ਪੰਨੂ ਅਨਭੋਲ ਸਿੰਘ ਦੀਵਾਨਾ ਮਨਜੀਤ ਸਿੰਘ ਭੋਮਾ ਸਰਬਜੀਤ ਸਿੰਘ ਜੰਮੂ , ਭਾਈ ਮੋਹਕਮ ਸਿੰਘ ਭਾਈ ਵੱਸਣ ਸਿੰਘ ਜਫਰਵਾਲ ਭਾਈ ਸਤਨਾਮ ਸਿੰਘ ਮਨਾਵਾ, ਬਾਬਾ ਬਲਜੀਤ ਸਿੰਘ ਦਾਦੂਵਾਲ, ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਗੜੀ, ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ ਬਾਬਾ ਰਾਮ ਸਿੰਘ ਦਮਦਮੀ ਟਕਸਾਲ ਸੰਗਰਾਵਾ, ਬਲਵੰਤ ਸਿੰਘ ਗੋਪਾਲਾ ਸਮੇਤ ਕਈ ਹੋਰ ਸ਼ਖਸੀਅਤਾ ਹਾਜਰ ਸਨ ਇਸ ਮੌਕੇ ਇਹਨਾ ਸਭ ਨੂੰ ਬਾਬਾ ਸਰਬਜੌਤ ਸਿੰਘ ਬੇਦੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਐਮ ਐਲ ਏ ਬਰਿੰਦਰ ਸਿੰਘ ਪਾਹੜਾ ਨੇ ਸਨਮਾਨਿਤ ਕੀਤਾ । ਇਸ ਮੌਕੇ ਨਿਹੰਗ ਸਿੰਘ ਜਥੇੰਬੰਦੀਆ ਤੇ ਪ੍ਰਸਿੱਧ ਕੀਰਤਨੀਏ ਭਾਈ ਅਨੂਪ ਸਿੰਘ ਉਨਾ ਸਾਹਿਬ ਵਾਲਿਆ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।