ਜੀ ਐੱਸ ਪੰਨੂ
- ਮੇਰੀ ਇੱਛਾ ਹੈ ਕੇ ਵੱਧ ਤੋਂ ਵੱਧ ਸ਼ਰਧਾਲੂ ਦਰਸ਼ਨ ਕਰਾਵਾ : ਡਾ.ਓਬਰਾਏ
ਪਟਿਆਲਾ, 14 ਨਵੰਬਰ 2019 - ਮਨੁੱਖਤਾ ਦੇ ਸਰਬ-ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚੋਂ ਉਜਾਗਰ ਹੁੰਦੀ ਸੱਚੀ-ਸੁੱਚੀ ਕਿਰਤ ਕਰਨ,ਵੰਡ ਛਕਣ ਤੇ ’ਸਰਬੱਤ ਦੇ ਭਲੇ’ ਦੀ ਭਾਵਨਾ ਤੇ ਪਹਿਰਾ ਦੇਣ ਵਾਲੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਮਿਸਾਲੀ ਪਹਿਲਕਦਮੀ ਕਰਦਿਆਂ ਗੁਰੂ ਸਾਹਿਬ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਪੜਾਵਾਂ ਤਹਿਤ 550-550 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖ਼ਰਚ 'ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਦੀਦਾਰ ਕਰਵਾਏ ਜਾਣਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ: ਐੱਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਵਿਸ਼ੇਸ਼ ਸੱਦੇ 'ਤੇ ਉਹ ਖ਼ੁਦ ਪਹਿਲੇ ਜਥੇ ਨਾਲ ਸ੍ਰੀ ਕਰਤਾਰਪੁਰ ਦੇ ਦਰਸ਼ਨ ਕਰਕੇ ਆਉਣ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤੇ ਚੱਲ ਰਹੇ ਸੇਵਾ ਕਾਰਜਾਂ ਨੂੰ ਵੇਖਣ ਦੌਰਾਨ ਜਦ ਉਨ੍ਹਾਂ ਦਾ ਕਈ ਵਾਰ ਉੱਥੇ ਜਾਣ ਦਾ ਸਬੱਬ ਬਣਿਆ ਤਾਂ ਉਨ੍ਹਾਂ ਵੇਖਿਆ ਕਿ ਇਹ ਲਾਂਘਾ ਖੁੱਲਣ ਕਾਰਨ ਬਾਬੇ ਨਾਨਕ ਦੇ ਦਰ ਦੇ ਦਰਸ਼ਨ ਕਰਨ ਲਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਮਨਾਂ ਅੰਦਰ ਭਾਰੀ ਚਾਅ ਤੇ ਉਤਸ਼ਾਹ ਹੈ ਪਰ ਹੋ ਸਕਦਾ ਹੈ ਕਿ ਇਸ ਯਾਤਰਾ ਦੌਰਾਨ ਆਉਣ ਵਾਲਾ ਖ਼ਰਚ ਹਰੇਕ ਸ਼ਰਧਾਲੂ ਦੀ ਜੇਬ ਨਾ ਚੁੱਕ ਸਕੇ। ਉਨ੍ਹਾਂ ਕਿਹਾ ਕਿ ਮੇਰੀ ਇੱਛਾ ਹੈ ਕਿ ਵੱਧ ਤੋਂ ਵੱਧ ਬਾਬੇ ਨਾਨਕ ਦੇ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਸਕਣ। ਜਿਸ ਕਰਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਫ਼ੈਸਲਾ ਅਨੁਸਾਰ ਪਹਿਲੇ ਪੜਾਅ ਤਹਿਤ 1 ਦਸੰਬਰ 2019 ਤੋਂ ਲੈ ਕੇ 31ਮਈ 2020 ਤੱਕ 550 ਜਦ ਕਿ ਦੂਜੇ ਪੜਾਅ 'ਚ 1 ਜੂਨ ਤੋਂ ਲੈ ਕੇ 30 ਨਵੰਬਰ ਤੱਕ ਵੀ 550 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖ਼ਰਚੇ 'ਤੇ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਰਾਹੀਂ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਮਹੀਨੇ ਦੇ ਦੂਜੇ ਤੇ ਚੌਥੇ ਹਫ਼ਤੇ ਨਿਰਧਾਰਿਤ ਕੀਤੇ ਜਾਣ ਵਾਲੇ ਦਿਨ 50-50 ਸ਼ਰਧਾਲੂ ਜਥੇ ਦੇ ਰੂਪ ਵਿੱਚ ਦਰਸ਼ਨ ਕਰਨ ਲਈ ਸ੍ਰੀ ਕਰਤਾਰਪੁਰ ਸਾਹਿਬ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਟਰੱਸਟ ਵੱਲੋਂ ਇੱਕ ਵਿਸ਼ੇਸ਼ ਫਾਰਮ ਤਿਆਰ ਕੀਤਾ ਗਿਆ ਹੈ ਜੋ ਟਰੱਸਟ ਦੇ ਸਾਰੇ ਜ਼ਿਲ੍ਹਾ ਦਫ਼ਤਰਾਂ 'ਚ ਉਪਲਬਧ ਹੋਵੇਗਾ। ਇਸ ਫਾਰਮ 'ਚ ਬਕਾਇਦਾ ਯਾਤਰਾ ਕਰਨ ਵਾਲੇ ਦੀ ਲੋੜੀਂਦੀ ਸਮੁੱਚੀ ਜਾਣਕਾਰੀ ਦਰਜ ਕੀਤੀ ਜਾਵੇਗੀ ਅਤੇ ਇਸ ਸਮੁੱਚੇ ਕਾਰਜ ਨੂੰ ਸੁਖਾਲਾ ਬਣਾਉਣ ਲਈ ਟਰੱਸਟ ਵੱਲੋਂ ਜਿੱਥੇ ਆਪਣੇ ਵਲੰਟੀਅਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਉੱਥੇ ਹੀ ਸਬੰਧਿਤ ਸ਼ਰਧਾਲੂ ਕੋਲੋਂ ਕੇਵਲ ਜ਼ਰੂਰੀ ਲੋੜੀਂਦੇ ਦਸਤਾਵੇਜ਼ ਹੀ ਲਏ ਜਾਣਗੇ ਤਾਂ ਜੋ ਟਰੱਸਟ ਦੀ ਇਸ ਸੇਵਾ ਦਾ ਲਾਭ ਲੈਣ ਵਾਲੇ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ।
ਟਰੱਸਟ ਰਾਹੀਂ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਨੂੰ ਆਪਣੇ ਬੈਂਕ ਖਾਤੇ ਦੀ ਤਾਜ਼ਾ ਸਟੇਟਮੈਂਟ ਤੋਂ ਇਲਾਵਾ ਆਪਣੀ ਆਮਦਨ ਦਾ ਸਵੈ-ਤਸਦੀਕ ਸਰਟੀਫਿਕੇਟ ਵੀ ਦੇਣਾ ਪਵੇਗਾ ਤਾਂ ਜੋ ਕੇਵਲ ਆਪਣੇ ਖ਼ਰਚੇ 'ਤੇ ਦਰਸ਼ਨ ਕਰਨ ਨਾ ਜਾ ਸਕਣ ਵਾਲੇ ਲੋੜਵੰਦ ਸ਼ਰਧਾਲੂ ਹੀ ਇਸ ਸੇਵਾ ਦਾ ਲਾਭ ਲੈ ਸਕਣ।ਡਾ. ਓਬਰਾਏ ਅਨੁਸਾਰ ਚੁਣੇ ਗਏ ਸ਼ਰਧਾਲੂ ਦਾ ਟਰੱਸਟ ਵੱਲੋਂ ਹੀ ਆਨਲਾਈਨ ਅਪਲਾਈ ਕੀਤਾ ਜਾਵੇਗਾ ਅਤੇ ਜਦ ਸਰਕਾਰ ਵੱਲੋਂ ਮਨਜ਼ੂਰੀ ਮਿਲ ਜਾਵੇਗੀ ਤਾਂ ਫਿਰ ਉਸ ਸ਼ਰਧਾਲੂ ਦਾ ਸਾਰਾ ਖ਼ਰਚ ਟਰੱਸਟ ਅਦਾ ਕਰੇਗੀ। ਉਨ੍ਹਾਂ ਦੱਸਿਆ ਕਿ ਜੋ ਸ਼ਰਧਾਲੂ ਆਪਣੇ ਘਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਲਾਂਘੇ ਤੱਕ ਦਾ ਕਿਰਾਇਆ ਵੀ ਆਪਣੇ ਕੋਲੋਂ ਨਹੀਂ ਖ਼ਰਚ ਸਕੇਗਾ ਉਸ ਦਾ ਇਸ ਖ਼ਰਚ ਸਮੇਤ ਸਮੁੱਚਾ ਖ਼ਰਚ ਹੀ ਟਰੱਸਟ ਵੱਲੋਂ ਕੀਤਾ ਜਾਵੇਗਾ ਜਦ ਕਿ ਪਾਕਿਸਤਾਨ ਜਾਣ ਵਾਲੇ ਹਰ ਜਥੇ ਨਾਲ ਉਨ੍ਹਾਂ ਦੀ ਸਹੂਲਤ ਲਈ ਟਰੱਸਟ ਦੇ ਦੋ ਸੇਵਾਦਾਰ ਵੀ ਨਾਲ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਟਰੱਸਟ ਦੀ ਇਸ ਸੇਵਾ ਦਾ ਲਾਭ ਲੈਣ ਦੇ ਚਾਹਵਾਨ ਸ਼ਰਧਾਲੂ ਟਰੱਸਟ ਦੇ ਜਲੰਧਰ ਵਿਚਲੇ ਦਫ਼ਤਰ ਦੇ ਹੈਲਪ ਲਾਈਨ ਨੰਬਰ 01815096900 ਤੇ ਸਵੇਰੇ 9 ਤੋਂ ਸ਼ਾਮ 5.30 ਵਜੇ ਤੱਕ ਸੰਪਰਕ ਕਰ ਸਕਦੇ ਹਨ।
ਡਾ.ਓਬਰਾਏ