ਚੰਡੀਗੜ੍ਹ, 6 ਨਵੰਬਰ 2019 - ਪਾਕਿਸਤਾਨ ਵੱਲੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ 550 ਵੇਂ ਜਨਮ ਦਿਹਾੜੇ ਨੂੰ ਮੁੱਖ ਰਖਦਿਆਂ ਇਕ ਵਿਸ਼ੇਸ਼ ਵੀਡਿਉ ਗਾਣਾ ਰਿਲੀਜ਼ ਕੀਤਾ ਗਿਆ ਸੀ ਜਿਸਦੇ ਰਿਲੀਜ਼ ਹੋਣ ਮਗਰੋਂ ਉਸ ਵਿੱਚ ਆਈਆਂ 3 ਖਾਲਿਸਤਾਨੀਆਂ ਦੀਆਂ ਤਸਵੀਰਾਂ ਤੋਂ ਬਾਅਦ ਵਿਵਾਦ ਛਿੜ ਗਿਆ। ਇਸ ਵਿਵਾਦ ਤੋਂ ਬਾਅਦ ਪਾਕਿਸਤਾਨ ਵੱਲੋਂ ਇੱਕ ਵੀਡਿਉ ਹੋਰ ਜਾਰੀ ਕੀਤੀ ਗਈ ਹੈ ਜਿਸ ਵਿਚੋਂ 3 ਖਾਲਿਸਤਾਨੀਆਂ ਦੀਆਂ ਤਸਵੀਰਾਂ ਨੂੰ ਹਟਾ ਦਿੱਤਾ ਗਿਆ ਹੈ।
ਇੰਡੀਆ ਟੂਡੇ ਦੀ ਖ਼ਬਰ ਮੁਤਾਬਕ ਪਾਕਿਸਤਾਨ ਨੇ ਟਵਿੱਟਰ 'ਤੇ ਵੀਡੀਓ ਦੇ ਵੱਖਰੇ ਵਰਜ਼ਨ ਜਾਰੀ ਕੀਤੇ ਹਨ। ਟਵਿੱਟਰ ਉੱਤੇ ਪਾਕਿਸਤਾਨ ਸਰਕਾਰ ਨੇ ਵੀਡੀਓ ਦੇ ਆਖਰੀ ਕੁਝ ਸਕਿੰਟਾਂ ਨੂੰ ਹਟਾ ਦਿੱਤਾ ਹੈ ਜਿਸ ਭਾਗ ਵਿਚ ਖਾਲਿਸਤਾਨੀਆਂ ਦੇ ਪੋਸਟਰ ਵਿਖਾਏ ਗਏ ਸਨ।
ਇਸ ਵੀਡੀਓ ਵਿਚ ਜਰਨੈਲ ਸਿੰਘ ਭਿੰਡਰਾਂਵਾਲੇ, ਅਮਰੀਕ ਸਿੰਘ ਖਾਲਸਾ ਅਤੇ ਮੇਜਰ ਜਨਰਲ (ਬਰਖਾਸਤ) ਸ਼ਬੇਗ ਸਿੰਘ ਦੇ ਪੋਸਟਰ ਵਿਖਾਏ ਗਏ ਹਨ। ਪੂਰੀ ਵੀਡੀਓ ਪਾਕਿਸਤਾਨ ਸਰਕਾਰ ਦੇ ਫੇਸਬੁੱਕ ਅਕਾਉਂਟ 'ਤੇ ਦੇਖੀ ਜਾ ਸਕਦੀ ਹੈ।