- ਬਸਪਾ ਦੀ ਪੁਨਰ ਸੁਰਜੀਤੀ ਕਾਂਗਰਸ ਲਈ ਖਤਰਾ
ਚੰਡੀਗੜ੍ਹ, 17 ਫਰਵਰੀ 2021 - ਨਗਰ ਕੌਂਸਲ ਦੀਆਂ ਚੋਣਾਂ ਵਿੱਚ ਬਸਪਾ ਨੇ 100 ਦੇ ਲਗਭਗ ਉਮੀਦਵਾਰ ਚੋਣ ਨਿਸ਼ਾਨ ਹਾਥੀ ਤੇ ਅਤੇ ਇੰਨੇ ਹੀ ਅਜ਼ਾਦ ਸਮਰਥਕ ਖੜ੍ਹੇ ਕੀਤੇ ਸਨ। ਬਸਪਾ ਦੇ ਲਗਭਗ 25 ਦੇ ਕਰੀਬ ਉਮੀਦਵਾਰ ਜਿੱਤਣ ਦੀਆ ਖ਼ਬਰਾਂ ਨੇ ਬਸਪਾ ਸਮਰਥਕਾਂ ਵਿਚ ਜੋਸ਼ ਦੀ ਨਵੀਂ ਲਹਿਰ ਖੜ੍ਹੀ ਕੀਤੀ ਹੈ। ਬਸਪਾ ਦੀ ਪੁਨਰ ਸੁਰਜੀਤੀ ਕਾਂਗਰਸ ਲਈ ਵੱਡਾ ਰਾਜਨੀਤਿਕ ਖਤਰਾ ਬਣ ਗਈ ਹੈ।
ਇਹਨਾ ਚੋਣਾਂ ਵਿੱਚ ਬਸਪਾ ਦੇ ਨਵਾਂਸ਼ਹਿਰ ਤੋਂ ਇਕ, ਰਾਹੋਂ ਤੋਂ ਦੋ, ਫਿਲੌਰ ਤੋਂ ਇਕ, ਨਕੋਦਰ ਤੋਂ ਦੋ, ਨੂਰਮਹਿਤ ਤੋਂ ਤਿੰਨ, ਅਲਾਵਲਪੁਰ ਤੋਂ ਪੰਜ, ਆਦਮਪੁਰ ਤੋਂ ਇਕ, ਗੜ੍ਹਸ਼ੰਕਰ ਤੋਂ ਇਕ, ਸ਼ਾਮਚੁਰਾਸੀ ਤੋਂ ਇਕ, ਖਮਾਣੋਂ ਤੋਂ ਇਕ, ਸਾਮਾਣਾ ਤੋਂ ਇਕ, ਭਾਈਰੂਪਾ ਤੋਂ ਇਕ, ਤਪਾ ਮੰਡੀ ਤੋਂ ਇਕ, ਬੋਹਾ ਤੋ ਇਕ ਆਦਿ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਦਰਜ ਕਰਾ ਚੁੱਕੇ ਹਨ। ਬਸਪਾ ਦਾ ਹਰ ਕੋਸਿਲ ਵਿਚ ਖਾਤਾ ਖੁੱਲਣਾ ਇਕ ਨਵੇਂ ਉੱਭਰ ਦੀ ਨਿਸ਼ਾਨੀ ਬਣਕੇ ਉੱਭਰ ਰਿਹਾ ਹੈ। ਉਲੇਖਯੋਗ ਹੈ ਕਿ ਬਸਪਾ ਨੇ ਕਦੀ ਵੀ ਕੌਂਸਿਲ ਚੋਣਾਂ ਆਪਣੇ ਚੋਣ ਨਿਸ਼ਾਨ ਤੇ ਨਹੀਂ ਲੜੀਆਂ।
ਬਸਪਾ ਦਾ ਇਹ ਕਾਮਯਾਬ ਤਜੁਰਬਾ ਬਸਪਾ ਵਰਕਰਾਂ ਲਈ ਰਾਜਨੀਤਿਕ ਸੰਜੀਵਨੀ ਹੈ। ਬਸਪਾ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਵੋਟਰਾਂ ਵੱਲੋਂ ਦਿੱਤੇ ਸਮਰਥਨ ਲਈ ਧੰਨਵਾਦ ਕੀਤਾ ਹੈ ਅਤੇ ਬਸਪਾ ਵਰਕਰਾਂ ਨੂੰ 2022 ਲਈ ਕਮਰਕੱਸਾ ਕਰਨ ਲਈ ਅਪੀਲ ਕੀਤੀ ਹੈ। ਸ ਗੜ੍ਹੀ ਨੇ ਕਿਹਾ ਹੈ ਕਿ ਭਵਿੱਖ ਦੀ ਰਾਜਨੀਤਕ ਪੜਚੋਲ ਲਈ ਸੂਬਾ ਪੱਧਰੀ ਮੀਟਿੰਗ 22 ਫਰਵਰੀ ਨੂੰ ਸੂਬਾ ਦਫਤਰ ਜਲੰਧਰ ਵਿਖੇ ਬੁਲਾ ਲਈ ਹੈ।