- ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਚਾਰ ਗੋਸ਼ਟੀ ਤੇ ਸਜਾਈ ਨਾਨਕ ਉਤਸਵ ਕਾਵਿ ਮਹਿਫ਼ਲ
ਚੰਡੀਗੜ੍ਹ, 10 ਨਵੰਬਰ 2019 - ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਵਿਚਾਰ ਗੋਸ਼ਟੀ ਕਰਵਾਈ ਗਈ ਅਤੇ ਨਾਨਕ ਉਸਤਵ ਤ੍ਰੈਭਾਸ਼ੀ ਕਾਵਿ ਮਹਿਫ਼ਲ ਵੀ ਸਜਾਈ ਗਈ।
'ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਦੇਣ' ਵਿਸ਼ੇਸ਼ 'ਤੇ ਕਰਵਾਈ ਗਈ ਇਸ ਵਿਸ਼ੇਸ਼ ਵਿਚਾਰ ਗੋਸ਼ਟੀ ਵਿਚ ਮੁੱਖ ਬੁਲਾਰੇ ਵਜੋਂ ਤਕਰੀਰ ਕਰਨ ਪਹੁੰਚੇ ਰਾਮਗੜ੍ਹੀਆ ਕਾਲਜ ਫਗਵਾੜਾ ਦੇ ਪ੍ਰੋਫੈਸਰ ਤੇ ਉੱਘੇ ਖੋਜ ਵਿਗਿਆਨੀ ਪ੍ਰੋ. ਅਵਤਾਰ ਸਿੰਘ ਹੁਰਾਂ ਨੇ ਆਖਿਆ ਕਿ ਗਿਆਨ ਵੰਡਣਾ ਹੀ ਨਾਨਕ ਹੋਣਾ ਨਹੀਂ ਹੁੰਦਾ, ਗਿਆਨ ਹਾਸਲ ਕਰਨਾ ਵੀ ਨਾਨਕ ਹੋਣਾ ਹੁੰਦਾ ਹੈ। ਬਾਬਾ ਨਾਨਕ ਕਿਸੇ ਇਕ ਧਰਮ, ਜਾਤ, ਫਿਰਕੇ, ਸੂਬੇ, ਦੇਸ਼ ਦੇ ਨਹੀਂ ਸਨ ਉਹ ਤਾਂ ਸਰਬੱਤ ਦੇ ਹਨ। ਪ੍ਰੋ. ਅਵਤਾਰ ਸਿੰਘ ਨੇ ਆਖਿਆ ਕਿ ਬਾਬੇ ਨਾਨਕ ਦਾ ਧਰਮ ਵਿਸ਼ਵ ਵਿਆਪੀ ਹੈ। ਅਸੀਂ ਬਾਬੇ ਨਾਨਕ ਦੀ 'ਦੇਣ' ਦੀ ਚਰਚਾ ਤਾਂ ਕਰਦੇ ਹਾਂ ਪਰ ਬਾਬੇ ਨਾਨਕ ਦੀ ਸਾਦਗੀ ਤੇ ਤਿਆਗ ਦੇ ਪਿੱਛੇ ਕਿੰਨੀਆਂ ਮੁਸ਼ਕਿਲਾਂ ਤੇ ਤਕਲੀਫਾਂ ਹੋਣਗੀਆਂ ਉਸ ਨੂੰ ਅਣਗੌਲਿਆ ਕਰ ਜਾਂਦੇ ਹਾਂ। ਪ੍ਰੋ. ਅਵਤਾਰ ਸਿੰਘ ਹੁਰਾਂ ਨੇ ਭਾਸ਼ਾ ਦੇ ਹਵਾਲੇ ਨਾਲ ਗੱਲ ਕਰਦਿਆਂ ਆਖਿਆ ਕਿ ਜਿੱਥੇ ਮਾਂ ਬੋਲੀ ਪੰਜਾਬੀ ਨੂੰ ਗੁਰਮੁਖੀ ਲਿੱਪੀ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੋਰ ਉਚਾ ਤੇ ਸੁੱਚਾ ਕੀਤਾ, ਉਥੇ ਹੀ ਉਹ ਹਿੰਦੀ, ਸੰਸਕ੍ਰਿਤ, ਅਰਬੀ, ਫਾਰਸੀ ਤੇ ਹੋਰ ਭਾਸ਼ਾਵਾਂ ਦੇ ਵੀ ਗਿਆਤਾ ਸਨ। ਬਾਬੇ ਨਾਨਕ ਦੀ ਬਾਣੀ ਅਤੇ ਗੋਸ਼ਟੀਆਂ ਨੂੰ ਆਪਣੇ ਸ਼ਬਦਾਂ 'ਚ ਸਮੇਟਦਿਆਂ ਪ੍ਰੋ. ਅਵਤਾਰ ਸਿੰਘ ਨੇ ਆਖਿਆ ਕਿ ਸਾਡਾ ਸਭ ਦਾ ਧਰਮ, ਇਸ ਹਿੰਦੋਸਤਾਨ ਦਾ ਅਸਲ ਧਰਮ 'ਧਿਆਨ' ਹੋਣਾ ਚਾਹੀਦਾ ਹੈ। ਪਰ ਅਸੀਂ ਅਸਲ ਧਿਆਨ ਤੋਂ ਦੂਰ ਹੋ ਗਏ ਹਾਂ, ਅਸੀਂ ਤਾਂ ਆਪਣੀਆਂ ਲੋੜਾਂ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਹੀ ਧਿਆਨ 'ਚ ਰੱਖਦੇ ਹਾਂ। ਜਦੋਂਕਿ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦਾ ਸੰਕਲਪ ਸਾਨੂੰ ਸਰਬੱਤ ਦੇ ਭਲੇ ਦਾ ਸੁਨੇਹਾ ਦਿੰਦਾ ਹੈ ਤੇ 'ਨਾਨਕ ਨਾਮ' ਹੀ ਆਪਣੇ ਆਪ ਵਿਚ ਸੰਪੂਰਨ ਫਲਸਫਾ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਲੇਖਕ ਸਭਾ ਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਕਰਵਾਈ ਗਈ ਇਸ ਵਿਸ਼ੇਸ਼ ਵਿਚਾਰ ਗੋਸ਼ਟੀ ਵਿਚ ਜਿੱਥੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਡਾ. ਪਤੰਗ ਹੁਰਾਂ ਨੇ ਕੀਤਾ ਉਥੇ ਹੀ ਉਨ੍ਹਾਂ ਸਮਾਗਮ ਦੇ ਮੁੱਖ ਬੁਲਾਰੇ ਪ੍ਰੋ. ਅਵਤਾਰ ਸਿੰਘ ਹੁਰਾਂ ਨਾਲ ਸਭ ਦੀ ਸਾਂਝ ਵੀ ਪੁਆਈ ਤੇ ਪ੍ਰਧਾਨਗੀ ਮੰਡਲ ਵੱਲੋਂ ਪ੍ਰੋ. ਅਵਤਾਰ ਸਿੰਘ ਹੁਰਾਂ ਦਾ ਫੁੱਲਾਂ ਨਾਲ ਸਵਾਗਤ ਵੀ ਕੀਤਾ ਗਿਆ।
ਸਮੁੱਚੇ ਵਿਚਾਰ ਗੋਸ਼ਟੀ ਸਮਾਗਮ ਦੀ ਸ਼ੁਰੂਆਤ ਭਾਈ ਗੁਰਦਾਸ ਜੀ ਵਾਰ ਗਾ ਕੇ ਡਾ. ਸੁਰਜੀਤ ਸਿੰਘ ਹੁਰਾਂ ਨੇ ਕੀਤੀ। ਇਸ ਦੌਰਾਨ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਵੱਡੀ ਗਿਣਤੀ 'ਚ ਮੌਜੂਦ ਸਾਹਿਤਕ ਹਸਤੀਆਂ, ਲੇਖਕਾਂ, ਕਵੀਆਂ ਤੇ ਨਿਰੋਲ ਸਰੋਤਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਬਾਬੇ ਨਾਨਕ ਦੇ ਅਨਮੋਲ ਖਜ਼ਾਨੇ ਵਿਚੋਂ ਕੁਝ ਅਨਮੋਲ ਹੀਰੇ ਪ੍ਰੋ. ਅਵਤਾਰ ਸਿੰਘ ਨੇ ਅੱਜ ਸਾਡੀ ਝੋਲੀ ਪਾ ਕੇ ਸਾਡਾ ਜੀਵਨ ਸਫ਼ਲਾ ਬਣਾਇਆ ਹੈ।
ਇਸ ਉਪਰੰਤ ਤ੍ਰੈਭਾਸ਼ੀ ਨਾਨਕ ਉਸਤਵ ਕਾਵਿ ਮਹਿਫ਼ਲ ਦੀ ਪ੍ਰਧਾਨਗੀ ਜੇ. ਐਸ. ਖੁਸ਼ਦਿਲ, ਪ੍ਰੇਮ ਵਿੱਜ, ਮਲਕੀਅਤ ਬਸਰਾ ਤੇ ਸੁਰਿੰਦਰ ਗਿੱਲ ਹੁਰਾਂ ਨੇ ਕੀਤੀ। ਇਸ ਪੰਜਾਬੀ, ਹਿੰਦੀ ਤੇ ਉਰਦੂ ਨਾਨਕ ਉਤਸਵ ਕਾਵਿ ਮਹਿਫ਼ਲ ਵਿਚ ਰਜਿੰਦਰ ਕੌਰ, ਮਨਜੀਤ ਕੌਰ ਮੋਹਾਲੀ, ਪ੍ਰਗਿੱਆ ਸ਼ਾਰਦਾ,ਜੇ. ਐਸ. ਖੁਸ਼ਦਿਲ, ਗੁਰਦੀਪ ਗੁੱਲ, ਕਾਨਾ ਸਿੰਘ, ਮੁਸੱਬਿਰ ਫਿਰੋਜ਼ਪੁਰੀ, ਬਾਬੂ ਰਾਮ ਦੀਵਾਨਾ, ਸੁਖਵਿੰਦਰ ਸਿੱਧੂ, ਵਿਮਲਾ ਗੁਗਲਾਨੀ, ਪਾਲ ਅਜਨਬੀ, ਬਲਕਾਰ ਸਿੱਧੂ, ਬਾਲ ਕ੍ਰਿਸ਼ਨ ਗੁਪਤਾ, ਮਨਮੋਹਨ ਸਿੰਘ ਕਲਸੀ, ਤੇਜਾ ਸਿੰਘ ਥੂਹਾ, ਹਰਮਿੰਦਰ ਕਾਲੜਾ, ਸੇਵੀ ਰਾਇਤ, ਪ੍ਰੇਮ ਵਿੱਜ, ਮਨਜੀਤ ਕੌਰ ਮੀਤ,ਡਾ.ਅਵਤਾਰ ਸਿੰਘ ਪਤੰਗ, ਧਿਆਨ ਸਿੰਘ ਕਾਹਲੋਂ, ਮਲਕੀਅਤ ਬਸਰਾ, ਸੰਗੀਤਾ ਸ਼ਰਮਾ, ਅਮਰਜੀਤ ਕੌਰ ਹਿਰਦੇ, ਜਗਦੀਪ ਕੌਰ ਨੂਰਾਨੀ, ਲਾਭ ਸਿੰਘ ਲਹਿਲੀ, ਸ਼ਬਦੀਸ਼, ਕਸ਼ਮੀਰ ਕੌਰ ਸੰਧੂ, ਰਜਿੰਦਰ ਰੇਣੂ, ਦਰਸ਼ਨ ਤ੍ਰਿਊਣਾ, ਸਿਮਰਜੀਤ ਕੌਰ ਗਰੇਵਾਲ, ਡਾ. ਮਨਜੀਤ ਸਿੰਘ ਬੱਲ, ਸੁਰਿੰਦਰ ਗਿੱਲ ਆਦਿ ਨੇ ਆਪੋ ਆਪਣੀਆਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਸੁਨੇਹਿਆਂ ਤੇ ਸੋਚ ਨੂੰ ਪ੍ਰਣਾਈਆਂ ਹੋਈਆਂ ਨਜ਼ਮਾਂ, ਗ਼ਜ਼ਲਾਂ, ਗੀਤਾਂ ਤੇ ਕਵਿਤਾਵਾਂ ਨਾਲ ਮਹਿਫ਼ਲ ਨੂੰ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਜੋਗਿੰਦਰ ਸਿੰਘ ਜੱਗਾ, ਪ੍ਰੋ. ਹਰਪਾਲ ਸਿੰਘ, ਸੁਰਿੰਦਰ ਕੁਮਾਰ, ਦਿਲਦਾਰ ਸਿੰਘ, ਜਸਪਾਲ ਸਿੰਘ, ਸੁਰਜੀਤ ਸਿੰਘ, ਹਰਸਿਮਰਤ ਪਾਲ, ਨਰੇਸ਼ ਕੁਮਾਰ, ਮੋਹਨ ਸਿੰਘ ਪ੍ਰੀਤ, ਰਵੀਤੇਜ ਸਿੰਘ ਬਰਾੜ, ਡਾ. ਪਰਮਜੀਤ ਕੌਰ ਪਾਸੀ, ਡਾ. ਸੁਨੀਤਾ, ਪੰਮੀ ਸਿੱਧੂ ਆਦਿ ਵੀ ਮੌਜੂਦ ਸਨ। ਇਸ ਸਮੁੱਚੀ ਵਿਚਾਰ ਗੋਸ਼ਟੀ ਅਤੇ ਨਾਨਕ ਕਾਵਿ ਉਤਸਵ ਨੂੰ ਕਾਵਿਕ ਅੰਦਾਜ਼ ਵਿਚ ਹੀ ਲੇਖਕ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਵੱਲੋਂ ਬਾਖੂਬੀ ਚਲਾਇਆ ਗਿਆ।