- ਚੋਣਾਂ ਅਮਨ-ਅਮਾਨ ਨਾਲ ਕਰਾਉਣ ਲਈ 2000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ
ਹੁਸ਼ਿਆਰਪੁਰ, 11 ਫਰਵਰੀ : ਮਿਊਂਸਪਲ ਚੋਣਾਂ ਦੇ ਮੱਦੇਨਜ਼ਰ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਜ਼ਿਲ੍ਹਾ ਪੁਲਿਸ ਵਲੋਂ ਸਥਾਨਕ ਮਾਹਿਲਪੁਰ ਅੱਡਾ ਤੋਂ ਫਲੈਗ ਮਾਰਚ ਕੱਢਿਆ ਗਿਆ ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਗਿਆ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ 14 ਫਰਵਰੀ ਨੂੰ ਹੋਣ ਜਾ ਰਹੀਆਂ ਮਿਊਂਸਪਲ ਚੋਣਾਂ ਸਬੰਧੀ ਕੀਤੇ ਗਏ ਪੁਲਿਸ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 2000 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚ 4 ਐਸ.ਪੀਜ਼, 14 ਡੀ.ਐਸ.ਪੀਜ਼, 15 ਐਸ.ਐਚ.ਓਜ਼ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ ਅਤੇ ਭੈੜੇ ਅਨਸਰਾਂ ਨਾਲ ਕੋਈ ਢਿੱਲਮਠ ਨਹੀਂ ਵਰਤੀ ਜਾਵੇਗੀ ਤਾਂ ਜੋ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚਾੜਿਆ ਜਾ ਸਕੇ।
ਫਲੈਗ ਮਾਰਚ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ ’ਤੇ ਵੋਟਾਂ ਨੂੰ ਲੈ ਕੇ ਜ਼ਿਲ੍ਹੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਪੈਟਰੋÇਲੰਗ ਟੀਮਾਂ ਵਲੋਂ ਦਿਨ-ਰਾਤ ਪੈਟਰੋÇਲੰਗ ਜਾਰੀ ਹੈ। ਭੈੜੇ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਕਿਸੇ ਵੀ ਘਟਨਾ ਦਾ ਸਾਹਮਣਾ ਕਰਨ ਨੂੰ ਤਿਆਰ ਹੈ ਅਤੇ ਜ਼ਿਲ੍ਹੇ ਵਿੱਚ ਮਾਹੌਲ ਨੂੰ ਪੂਰੀ ਤਰ੍ਹਾਂ ਸ਼ਾਂਤਮਈ ਰੱਖਦਿਆਂ ਵੋਟਾਂ ਪੁਆਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਸੇ ਵੀ ਘਟਨਾ ਲਈ ਜਿੰਮੇਵਾਰ ਭੈੜੇ ਅਨਸਰਾਂ ਨੂੰ ਪੂਰੀ ਸਖਤੀ ਨਾਲ ਨਜਿਠਿਆ ਜਾਵੇਗਾ।
ਮਾਹਿਲਪੁਰ ਅੱਡਾ ਤੋਂ ਸ਼ੁਰੂ ਹੋ ਕੇ ਫਲੈਗ ਮਾਰਚ ਘੰਟਾ ਘਰ ਚੌਕ, ਕਮਾਲਪੁਰ ਚੌਕ, ਬੱਸ ਸਟੈਂਡ, ਪ੍ਰਭਾਤ ਚੌਕ, ਸਰਕਾਰੀ ਕਾਲਜ ਚੌਕ, ਸੈਸ਼ਨ ਚੌਕ ਵਿਖੇ ਗਿਆ। ਇਸੇ ਦੌਰਾਨ ਬੱਸ ਸਟੈਂਡ ਵਿਖੇ ਸ਼ੱਕੀ ਵਿਅਕਤੀਆਂ ਬਾਰੇ ਚੈਕਿੰਗ ਵੀ ਕੀਤੀ ਗਈ।
ਫਲੈਗ ਮਾਰਚ ਵਿੱਚ ਡੀ.ਐਸ.ਪੀ. ਜਗਦੀਸ਼ ਰਾਜ ਅੱਤਰੀ, ਡੀੇ.ਐਸ.ਪੀ. ਮਾਧਵੀ ਸ਼ਰਮਾ, ਡੀ.ਐਸ.ਪੀ. ਅਮਰਨਾਥ, ਡੀ.ਐਸ.ਪੀ. ਜਸਪ੍ਰੀਤ ਸਿੰਘ, ਡੀ.ਐਸ.ਪੀ. ਗੋਪਾਲ ਸਿੰਘ, ਇੰਸਪੈਕਟਰ ਬਲਵਿੰਦਰ ਸਿੰਘ, ਇੰਸਪੈਕਟਰ ਤਲਵਿੰਦਰ ਸਿੰਘ, ਇੰਸਪੈਕਟਰ ਕਰਨੈਲ ਸਿੰਘ, ਇੰਸਪੈਕਟਰ ਨਰਿੰਦਰ ਸਿੰਘ ਅਤੇ ਇੰਸਪੈਕਟਰ ਪਰਮਜੀਤ ਸਿੰਘ ਆਦਿ ਸ਼ਾਮਲ ਸਨ।