... ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ : ਕੈਪਟਨ ਅਮਰਿੰਦਰ ਸਿੰਘ ਚਲਾ ਰਹੇ ਨੇ ਪੰਜਾਬ 'ਚ ਜੰਗਲ ਰਾਜ
... ਚੋਣਾਂ 'ਚ ਹਿੰਸਾ ਦੇ ਡਰ ਨੂੰ ਲੈ ਕੇ ਰਾਜ ਚੋਣ ਕਮਿਸ਼ਨ ਕੋਲ ਕਈ ਵਾਰ ਮੁੱਦਿਆ ਚੁੱਕਿਆ ਪ੍ਰੰਤੂ ਉਨ੍ਹਾਂ ਕੋਈ ਕਾਰਵਾਈ ਨਾ ਕੀਤੀ : ਹਰਪਾਲ ਸਿੰਘ ਚੀਮਾ
... ਰਾਜ ਚੋਣ ਕਮਿਸ਼ਨਰ ਕੈਪਟਨ ਅਮਰਿੰਦਰ ਸਿਘ ਦੇ ਕਹਿਣ ਮੁਤਾਬਕ ਕੰਮ ਕਰ ਰਿਹਾ
... ਸਾਡੀ ਸਰਕਾਰ ਆਉਣ ਉੱਤੇ ਗੁੰਡਿਆਂ ਨੂੰ ਸਖਤ ਸਜ਼ਾਵਾਂ ਦੇਵਾਂਗੇ : ਹਰਪਾਲ ਸਿੰਘ ਚੀਮਾ
ਚੰਡੀਗੜ੍ਹ/ਮੋਗਾ, 11 ਫਰਵਰੀ 2021 - ਆਮ ਆਦਮੀ ਪਾਰਟੀ ਨੇ ਬੀਤੇ ਦਿਨੀਂ ਮੋਗਾ ਵਿੱਚ ਚੋਣਾਂ ਨੂੰ ਲੈ ਕੇ ਵਾਪਰੀ ਹਿੰਸਾ ਉੱਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾ ਦੀ ਕੋਈ ਚੀਜ ਨਹੀਂ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਜੰਗਲ ਰਾਜ ਚੱਲ ਰਿਹਾ ਹੈ।
ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਪਟਨ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਵਿੱਚ ਫੇਲ੍ਹ ਹੋਏ ਹਨ ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਕਈ ਵਾਰ ਕਹਿ ਚੁੱਕੀ ਹੈ ਕਿ ਪੰਜਾਬ ਵਿਚ ਚੋਣਾਂ ਲੁੱਟਣ ਦੇ ਲਈ ਕਾਂਗਰਸ ਪਾਰਟੀ ਆਪਣੇ ਗੁੰਡਿਆਂ ਦੇ ਰਾਹੀਂ ਹਿੰਸਾ ਕਰਵਾ ਸਕਦੀ ਹੈ। ਬੀਤੇ ਦਿਨੀਂ ਮੋਗਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਚੋਣ ਪ੍ਰਚਾਰ ਕਰਦਿਆਂ ਨੂੰ ਰੋਕਦੇ ਹੋਏ ਕਾਂਗਰਸੀ ਗੁੰਡਿਆਂ ਨੇ ਦੋ ਵਿਅਕਤੀਆਂ ਉਤੇ ਗੱਡੀ ਚੜਾਕੇ ਕਤਲ ਕਰ ਦੇਣਾ ਬਹੁਤ ਹੀ ਦੁਖਦਾਇਕ ਹੈ। ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਗੁੰਡਿਆਂ ਨੂੰ ਨੱਥ ਪਾਉਣ ਦੀ ਬਜਾਏ, ਆਪਣੇ ਸ਼ਾਹੀ ਫਾਰਮ ਹਾਊਸ ਵਿੱਚ ਸੁੱਤੇ ਹੋਏ ਹਨ।
ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ। ਇਸ ਤੋਂ ਪਹਿਲਾਂ ਜੀਰਾ ਵਿੱਚ 'ਆਪ' ਦੇ ਉਮੀਦਵਾਰ ਨੂੰ ਡਰਾਇਆ ਅਤੇ ਧਮਕਾਇਆ ਗਿਆ। ਉਸ ਨੂੰ ਨਾਮਜ਼ਦਗੀ ਪੱਤਰ ਭਰਨ ਤੋਂ ਰੋਕਣ ਲਈ ਦਬਾਅ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿੱਚ ਕਾਂਗਰਸੀ ਗੁੰਡੇ ਨਾਮਜ਼ਦਗੀ ਪੱਤਰ ਭਰਨ ਗਏ ਉਮੀਦਵਾਰ ਦੇ ਹੱਥ ਵਿੱਚੋਂ ਕਾਗਜ਼ ਖੋਹ ਕੇ ਭਜ ਗਏ। ਜਗਰਾਉਂ ਅਤੇ ਸੁਨਾਮ ਵਿੱਚ ਉਮੀਦਵਾਰ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਧਮਕਾਇਆ ਗਿਆ ਅਤੇ ਜਲਾਲਾਬਾਦ ਵਿੱਚ ਕਾਂਗਰਸੀ ਗੁੰਡਿਆਂ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਉਮੀਦਵਾਰ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ।
ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਕਾਂਗਰਸੀ ਗੁੰਡਿਆਂ ਵੱਲੋਂ ਕੀਤੀ ਜਾ ਰਹੀ ਹਿੰਸਾ ਦੇ ਮੁੱਦੇ ਨੂੰ ਵਾਰ ਵਾਰ ਚੁੱਕਦੀ ਆ ਰਹੀ ਹੈ, ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਵੀ ਨਾ ਤਾਂ ਸੁਣਾਈ ਦੇ ਰਿਹਾ ਹੈ ਅਤੇ ਨਾ ਹੀ ਦਿਖਾਈ ਦੇ ਰਿਹਾ ਹੈ। ਪੰਜਾਬ ਵਿੱਚ ਕਾਂਗਰਸੀਆਂ ਵੱਲੋਂ ਜੋ ਚੋਣਾਂ ਲੁੱਟਣ ਲਈ ਗੁੰਡਾਗਰਦੀ ਕੀਤੀ ਜਾ ਰਹੀ ਹੈ, ਉਹ ਹੁਣ ਹੱਦਾ ਪਾਰ ਕਰ ਚੁੱਕੀ ਹੈ ਕਿ ਚੋਣ ਪ੍ਰਚਾਰ ਕਰਨ ਤੋਂ ਰੋਕਣ ਲਈ ਕਤਲ ਕੀਤਾ ਜਾ ਰਿਹਾ ਹੈ।
ਹੈਰਾਨੀ ਦੀ ਗੱਲ ਹੈ ਕਿ ਕੈਪਟਨ ਗੁੰਡਿਆਂ ਵਿਰੁਧ ਕਾਰਵਾਈ ਕਰਨ ਦੇ ਬਜਾਏ ਉਨ੍ਹਾਂ ਨੂੰ ਹਿੰਸਕ ਹਰਕਤਾਂ ਕਰਨ ਦੀ ਸੇਧ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਅਸਫਲ ਰਹਿਣ ਉੱਤੇ ਕੈਪਟਨ ਅਮਰਿੰਦਰ ਸਿੰਘ ਤੁਰੰਤ ਅਸਤੀਫਾ ਦੇਣ। ਉਨ੍ਹਾਂ ਕਿਹਾ ਕਿ ਅਸੀਂ ਰਾਜ ਚੋਣ ਕਮਿਸ਼ਨਰ ਕੋਲ ਵੀ ਕਈ ਵਾਰ ਇਹ ਧਿਆਨ ਵਿੱਚ ਲਿਆ ਚੁੱਕੇ ਹਾਂ, ਪ੍ਰੰਤੂ ਉਨ੍ਹਾਂ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੈਪਟਨ ਸਰਕਾਰ ਦੇ ਹੁਕਮਾਂ ਉੱਤੇ ਕੰਮ ਕਰ ਰਹੇ ਹੋਣ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉੱਤੇ ਸੂਬੇ ਦੀ ਸ਼ਾਂਤੀ ਭੰਗ ਕਰਨ ਵਾਲਿਆ ਨੱਥ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਜਿਹੀ ਗੁੰਡਾਗਰਦੀ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਸੂਬੇ ਵਿੱਚ ਲੋਕਤੰਤਰ ਪ੍ਰਕਿਰਿਆ ਅਤੇ ਸ਼ਾਂਤੀ ਵਿਵਸਥਾ ਨੂੰ ਬਹਾਲ ਕਰਨ ਲਈ ਹਰ ਕਦਮ ਚੁੱਕਿਆ ਜਾਵੇਗਾ।