ਲੋਕੇਸ਼ ਰਿਸ਼ੀ
ਗੁਰਦਾਸਪੁਰ 23 ਮਾਰਚ 2020- ਪੂਰੇ ਸੂਬੇ ਵਾਂਗ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪੰਜਾਬ ਲਾਕ ਡਾਊਨ ਨੂੰ ਪੂਰਨ ਤੌਰ ਤੇ ਲਾਗੂ ਕਰਨ ਸਬੰਧੀ ਲੋੜੀਂਦੇ ਉਪਰਾਲੇ ਅਮਲ ਵਿੱਚ ਲਿਆਂਦੇ ਜਾ ਰਹੇ ਹਨ। ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਆਪਣਾ ਫ਼ਰਜ਼ ਨਿਭਾ ਰਿਹਾ ਹੈ ਅਤੇ ਆਮ ਲੋਕ ਵੀ ਆਪਣੇ ਘਰਾਂ ਅੰਦਰ ਰਹਿ ਕੇ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਪਰ ਕੁਝ ਢੀਠ ਲੋਕ ਅਜਿਹੇ ਵੀ ਹਨ ਜੋ ਬਿਨਾ ਜ਼ਰੂਰਤ ਘਰੋਂ ਨਿਕਲ ਕੇ ਸੜਕਾਂ ਤੇ ਘੁੰਮ ਰਹੇ ਹਨ ਅਤੇ ਆਪਣੇ ਨਾਲ ਨਾਲ ਬਾਕੀ ਲੋਕਾਂ ਨੂੰ ਵੀ ਇਨਫੈਕਸ਼ਨ ਸਬੰਧੀ ਖ਼ਤਰੇ ਵਿੱਚ ਪਾ ਰਹੇ ਹਨ। ਉਥੇ ਦੂਜੇ ਪਾਸੇ ਪੁਲਿਸ ਵੀ ਅਜਿਹੇ ਲੋਕਾਂ ਨਾਲ ਸਖਤ ਨਾਲ ਪੇਸ਼ ਆ ਰਹੀ ਹੈ।
ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿਖੇ ਉਸ ਵੇਲੇ ਵੇਖਣ ਨੂੰ ਮਿਲਿਆ। ਜਦੋਂ ਸੋਮਵਾਰ ਸਵੇਰੇ ਕਰੀਬ 9 ਵਜੇ ਸਥਾਨਕ ਪਹਾੜੀ ਗੇਟ ਇਲਾਕੇ ਵਿਖੇ ਕੁੱਝ ਗੈਰ ਜ਼ਰੂਰੀ ਸਮਾਨ ਵਾਲੇ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹ ਕੇ ਬੈਠ ਗਏ। ਇੰਨਾ ਹੀ ਨਹੀਂ ਇਹਨਾਂ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਵਿਖੇ ਬਿਨਾ ਕੰਮ ਤੋਂ ਭੀੜ ਇਕੱਠੀ ਕੀਤੀ ਗਈ ਸੀ।
ਉੱਥੇ ਦੂਜੇ ਪਾਸੇ ਜਦੋਂ ਪੂਰੇ ਮਾਮਲੇ ਦੀ ਜਾਣਕਾਰੀ ਡੀ.ਐੱਸ.ਪੀ ਸਿਟੀ ਗੁਰਦੀਪ ਸਿੰਘ ਨੂੰ ਮਿਲੀ। ਤਾਂ ਉਹ ਪੁਲਿਸ ਪਾਰਟੀ ਸਮੇਤ ਪਹਾੜੀ ਗੇਟ ਵਿਖੇ ਪਹੁੰਚੇ ਅਤੇ ਉਨ੍ਹਾਂ ਦੁਕਾਨਦਾਰਾਂ ਨੂੰ ਦੁਕਾਨਾਂ ਤੇ ਭੀੜ ਇਕੱਠੀ ਨਾ ਕਰਨ ਅਤੇ ਗੈਰ ਜ਼ਰੂਰੀ ਸਮਾਨ ਵਾਲੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ। ਪਰ ਇਸ ਸਬ ਦੇ ਬਾਵਜੂਦ ਵੀ ਜਦੋਂ ਉਨ੍ਹਾਂ ਦੁਕਾਨਦਾਰਾਂ ਨੇ ਢੀਠ ਪੁਣਾ ਵਿਖਾਉਂਦਿਆਂ ਪੁਲਿਸ ਦੀਆਂ ਹਿਦਾਇਤਾਂ ਨੂੰ ਟਿੱਚ ਜਾਣਿਆ। ਤਾਂ ਡੀ.ਐੱਸ.ਪੀ ਨੇ ਸਖ਼ਤੀ ਵਰਤਦਿਆਂ ਨਾ ਸਿਰਫ਼਼ ਭੀੜ ਨੂੰ ਖਰੀਆਂ ਖਰੀਆਂ ਸੁਣਾਈਆਂ। ਬਲ ਕੀ ਗੈਰ ਜ਼ਰੂਰੀ ਸਮਾਨ ਵਾਲੀਆਂ ਸਾਰੀਆਂ ਦੁਕਾਨਾਂ ਨੂੰ ਮੌਕੇ ਤੇ ਬੰਦ ਕਰਵਾਇਆ। ਹਾਲਾਂ ਕਿ ਬਾਦ ਵਿੱਚ ਉਨ੍ਹਾਂ ਦੁਕਾਨਦਾਰਾਂ ਨੇ ਵੀ ਪੁਲਿਸ ਦੀ ਗੱਲ ਮੰਨਦਿਆਂ ਆਪਣੀਆਂ ਦੁਕਾਨਾਂ ਬੰਦ ਕਰਨ ਵਿੱਚ ਹੀ ਭਲਾਈ ਸਮਝੀ।
ਉਕਤ ਪੂਰੇ ਮਾਮਲੇ ਸਬੰਧੀ ਜਦੋਂ ਡੀ.ਐੱਸ.ਪੀ ਸਿਟੀ ਗੁਰਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮਾਮਲੇ ਦੀ ਤਸਦੀਕ ਕਰਦਿਆਂ ਕਿਹਾ। ਕਿ ਕੋਰੋਨਾ ਖ਼ਤਰੇ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪੰਜਾਬ ਲਾਕ ਡਾਊਨ ਨੂੰ ਪੂਰੀ ਤਰਾਂ ਨਾਲ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਇਹ ਸਾਰੀਆਂ ਕੋਸ਼ਿਸ਼ਾਂ ਉਦੋਂ ਤੱਕ ਸਫਲ ਨਹੀਂ ਹੋ ਸਕਦੀਆਂ ਜਦੋਂ ਤੱਕ ਆਮ ਜਨਤਾ ਮੌਜੂਦਾ ਸਮੇਂ 'ਚ ਚੱਲ ਰਹੇ ਖ਼ਤਰੇ ਨੂੰ ਸੰਜੀਦਗੀ ਨਾਲ ਨਹੀਂ ਵਿਚਾਰਦੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਕ ਡਾਊਨ ਸਬੰਧੀ ਜਾਰੀ ਕੀਤੀਆਂ ਗਈਆਂ ਹਿਦਾਇਤਾਂ ਮੁਤਾਬਿਕ ਸਿਰਫ ਸਬਜ਼ੀ, ਦੁੱਧ, ਕਿਰਿਆਨਾ ਅਤੇ ਦਵਾਈਆਂ ਵਾਲੀਆਂ ਦੁਕਾਨਾਂ ਹੀ ਖੋਲੀਆਂ ਜਾ ਸਕਦੀਆਂ ਹਨ ਅਤੇ ਇਹਨਾਂ ਦੁਕਾਨਾਂ ਨੂੰ ਖੋਲ੍ਹਣ ਵਾਲੇ ਲੋਕ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਣ। ਕਿ ਉਨ੍ਹਾਂ ਦੀ ਦੁਕਾਨ ਵਿਖੇ ਭੀੜ ਇਕੱਠੀ ਨਾ ਹੋਵੇ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੈਰ ਜ਼ਰੂਰੀ ਕੰਮਾਂ ਲਈ ਘਰੋਂ ਬਾਹਰ ਨਾ ਨਿਕਲਣ। ਤਾਂ ਜੋ ਸਰਕਾਰ, ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਆਪਣੇ ਆਪ ਨੂੰ ਖ਼ਤਰੇ ਵਿੱਚ ਪਾ ਕੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਸਫਲ ਬਣਾਇਆ ਜਾ ਸਕੇ।