ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 29 ਅਕਤੂਬਰ 2019 : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਸ਼ਤਾਬਦੀ ਸਮਾਗਮ ਸਭ ਨੂੰ ਇਕੱਠੇ ਹੋ ਕੇ ਮਨਾਉਣੇ ਚਾਹੀਦੇ ਹਨ ਤੇ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਜੋ ਵੀ ਆਦੇਸ਼ ਜਾਰੀ ਹੋਇਆ ਹੈ ਸਭ ਨੂੰ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਆਪਣੀ ਧਰਮ ਪਤਨੀ ਤੇ ਕੇਂਦਰੀ ਰਾਜ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸਨ। ਦਰਸ਼ਨ ਕਰਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ ਅੱਜ ਤੱਕ ਜੋ ਵੀ ਪੰਥਕ ਧਾਰਮਿਕ ਸਮਾਗਮ ਹੋਇਆ ਹੈ, ਉਸ ਦੇ ਪ੍ਰਬੰਧ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁ: ਪ੍ਰ: ਕਮੇਟੀ ਵਲੋਂ ਹੀ ਕੀਤੇ ਜਾਂਦੇ ਰਹੇ ਹਨ। ਪਾਕਿ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵਸੂਲ ਕੀਤੀ ਜਾਣ ਵਾਲੀ 20 ਡਾਲਰ ਸੇਵਾ ਫੀਸ ਬਾਰੇ ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿਵੇਂ ਪੰਜਾਬ ਸਰਕਾਰ ਵਲੋਂ 100 -200 ਕਰੋੜ ਦੇ ਕਰੀਬ ਵਿਸ਼ੇਸ਼ ਬਜਟ ਨਾਲ ਮੁਫ਼ਤ ਤੀਰਥ ਯਾਤਰਾ ਸ਼ੁਰੂ ਕੀਤੀ ਸੀ, ਉਸੇ ਤਰ•ਾਂ ਮੌਜੂਦਾ ਪੰਜਾਬ ਸਰਕਾਰ ਨੂੰ ਵੀ ਗੁ: ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਦੀ ਪਾਕਿ ਵਲੋਂ ਨਿਰਧਾਰਤ ਕੀਤੀ ਗਈ 20 ਡਾਲਰ ਦੀ ਫੀਸ ਅਦਾ ਕਰਨੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਪਾਕਿਸਤਾਨ ਸਰਕਾਰ ਵਲੋਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਸਥਾਪਨਾ ਇਕ ਸ਼ਲਾਘਾਯੋਗ ਕਾਰਜ ਹੈ। ਸਰਨਾ ਭਰਾਵਾਂ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਤੱਕ ਸਜਾਏ ਜਾ ਰਹੇ ਨਗਰ ਕੀਰਤਨ 'ਚ ਸ਼ਮੂਲੀਅਤ ਕਰਨ ਸਬੰਧੀ ਪੁੱਛੇ ਗਏ ਸੁਆਲ ਦੇ ਗੋਲਮੋਲ ਜਵਾਬ 'ਚ ਉਨ•ਾਂ ਕਿਹਾ ਕਿ ਉਨ•ਾਂ ਨੂੰ ਇਸ ਨਗਰ ਕੀਰਤਨ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ। ਇਸ ਮੌਕੇ ਉਨ•ਾਂ ਨਾਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ, ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਅਤੇ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਵੀ ਹਾਜ਼ਰ ਸਨ।