ਸੁਲਤਾਨਪੁਰ ਲੋਧੀ, 06 ਨਵੰਬਰ 2019 - 550 ਸਾਲ ਸ਼ਤਾਬਧੀ ਸਮਾਰੋਹਾਂ ਵਿੱਚ ਦੁਨੀਆਂ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਪੰਜਾਬ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ 108 ਵਾਲੀਆਂ ਅੰਬੂਲੈਂਸਾਂ ਹਰ ਐਮਰਜੈਂਸੀ ਲਈ ਤਾਇਨਾਤ ਕੀਤੀਆਂ ਗਈਆਂ ਹਨ। ਇਹ ਵਿਚਾਰ ਅਮਰਦੀਪ ਸਿੰਘ ਚੀਮਾ ਚੇਅਰਮੈਨ ਪੰਜਾਬ ਹੈਲਥ ਕਾਰਪੋਰੇਸ਼ਨ ਨੇ 108 ਐਮਰਜੰਸੀ ਰਿਸਪੌਂਸ ਸਰਵਿਸਜ਼ ਐਮਬੂਲੈਂਸ ਦੇ ਰਿਵਿਊ ਕਰਨ ਉਪਰੰਤ ਪ੍ਰਗਟਾਏ।
ਸਰਦਾਰ ਚੀਮਾ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ 28 ਐਮਰਜੈਂਸੀ ਅੰਬੂਲੈਂਸਾਂ ਤਾਇਨਾਤ ਹਨ ਅਤੇ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਉਪਲੱਬਧ ਹਨ। ਇਸੇ ਤਰ੍ਹਾਂ ਹੀ ਡੇਰਾ ਬਾਬਾ ਨਾਨਕ ਸੈਕਟਰ ਵਿੱਚ 24 ਹੰਗਾਮੀ ਅੰਬੂਲੈਂਸਾਂ ਤੋਂ ਇਲਾਵਾ ਇੱਕ ਅਡਵਾਂਸ ਲਾਈਫ ਸਪੋਰਟ ਸਿਸਟਮ ਐਮਬੂਲੈਂਸ ਉਪਲੱਬਧ ਕੀਤੀ ਜਾ ਰਹੀ ਹੈ। ਸਰਦਾਰ ਚੀਮਾ ਨੇ ਦੱਸਿਆ ਕਿ 24 ਘੰਟੇ ਹਰ ਐਮਬੂਲੈਂਸ ਵਿੱਚ ਪਾਇਲਟ ਅਤੇ ਐਮਰਜੈਂਸੀ ਐਮਬੂਲੈਂਸ ਮੈਨੇਜਰ ਤਾਇਨਾਤ ਹਨ ਜੋ ਕਿ ਆਪਣੀ ਸ਼ਿਫਟ ਵਾਰ ਡਿਊਟੀ ਕਰ ਰਹੇ ਹਨ।
ਅੱਜ ਐਮਰਜੰਸੀ ਸਰਵਿਸਜ਼ ਦੇ ਨੋਡਲ ਅਫਸਰ ਰਾਜੇਸ਼ ਸਿੰਘ ਭਾਟੀਆ ਦੀ ਅਗਵਾਈ ਵਿੱਚ ਟੀਮ 108 ਨੂੰ ਨਿਰਦੇਸ਼ ਦਿੰਦਿਆਂ ਸਰਦਾਰ ਚੀਮਾ ਨੇ ਦੱਸਿਆ ਕੇ ਡਿਊਟੀ ਤੋਂ ਇਲਾਵਾ ਸ਼ਰਧਾ ਭਾਵਨਾ ਦਾ ਪੂਰਾ ਖ਼ਿਆਲ ਰੱਖਣ ਅਤੇ ਕੁੱਲ ਦੁਨੀਆਂ ਦੇ ਲੋਕ ਇਸ ਪਵਿੱਤਰ ਦਿਹਾੜੇ ਮੌਕੇ ਇੱਥੇ ਨਤਮਸਤਕ ਹੋਣ ਆ ਰਹੇ ਹਨ। ਉਹ ਹਰ ਸਰਕਾਰੀ ਸੰਸਥਾ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਬੜੀ ਗੌਰ ਅਤੇ ਪਾਰਖੂ ਨਜ਼ਰ ਨਾਲ ਦੇਖ ਰਹੇ ਹਨ ਅਤੇ ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਕਿਸੇ ਵੀ ਤਰ੍ਹਾਂ ਦੀ ਜਾਣੇ ਜਾ ਅਣਜਾਣੇ ਵਿੱਚ ਲਾਪਰਵਾਹੀ ਦਾ ਕੋਈ ਮੌਕਾ ਨਾ ਦਿੱਤਾ ਜਾਵੇ।