ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ 1313 ਨੰਬਰ ਦੀ ਟੈਕਸੀ ਦੇ ਚਾਲਕ ਨੇ 1313 ਪੈਕਜ ਨਾਲ ਸ਼ੁਰੂ ਗੁਰਧਾਮਾਂ ਦੇ ਦਰਸ਼ਨ ਦੀ ਸੇਵਾ
ਮੋਹਾਲੀ 3 ਨਵੰਬਰ, 2019 : ਮੁਹਾਲੀ ਦੇ ਰਹਿਣ ਵਾਲੇ ਗੁਰਭਜਨ ਸਿੰਘ ਨਾਮ ਦੇ ਵਿਅਕਤੀ ਨੇ 1313 ਨੰਬਰ ਵਾਲੀ ਆਪਣੀ ਨਵੀਂ ਇਨੋਵਾ ਕਰਿਸਟਾ 'ਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 1313 ਲਗਜਰੀ ਏ ਸੀ ਟੈਕਸੀ ਸੇਵਾ ਸ਼ੁਰੂ ਕੀਤੀ ਹੈ।
ਇਸ ਵਿਲੱਖਣ ਉਪਰਾਲੇ ਦੀ ਖਾਸੀਅਤ ਇਹ ਹੈ ਕਿ ਇਸ ਸੇਵਾ ਰਾਹੀਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਸਥਿਤ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਇਸ ਸੇਵਾ ਵਾਸਤੇ ਟੈਕਸੀ ਚਾਲਕ ਗੁਰਭਜਨ ਸਿੰਘ ਹਰ ਸਵਾਰੀ ਤੋਂ 1313 ਰੁਪਏ ਪ੍ਰਤੀ ਸਵਾਰੀ ਦੇ ਹਿਸਾਬ ਨਾਲ ਛੇ ਸਵਾਰੀਆਂ ਹੋਣ 'ਤੇ ਸੇਵਾ ਦਿੰਦਾ ਹੈ ਜਾਂ ਸ਼ਰਧਾਲੂ 13 ਰੁਪਏ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਵੀ ਸਫਰ ਕਰ ਸਕਦੇ ਹਨ। ਇਹ ਸੇਵਾ ਉਸ ਵੱਲੋਂ ਸਾਰਾ ਸਾਲ ਚਾਲੂ ਰੱਖੀ ਜਾਵੇਗੀ।
ਗੁਰਭਜਨ ਸਿੰਘ ਦੇ ਧਰਮ ਪਤਨੀ ਮਨਿੰਦਰਪਾਲ ਕੌਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਜਿਵੇਂ 13-13 ਨਾਲ ਰਾਸ਼ਨ ਤੋਲਿਆ, ਅਸੀਂ ਗੁਰੂ ਸਾਹਿਬ ਨੂੰ ਸਮਰਪਿਤ ਇਹ ਸੇਵਾ 550 ਸਾਲਾ ਪ੍ਰਕਾਸ਼ ਪੁਰਬ 'ਤੇ ਸ਼ੁਰੂ ਕੀਤੀ ਹੈ। ਉਹਨਾਂ ਦੱਸਿਆ ਕਿ ਇਸਦਾ ਵਿਚਾਰ ਉਹਨਾਂ ਦੇ ਪਤੀ ਦੇ ਮਨ ਵਿਚ ਆਇਆ ਸੀ ਤੇ ਸਾਰੇ ਪਰਿਵਾਰ ਨੇ ਇਸਦੀ ਹਮਾਇਤ ਕੀਤੀ। ਵੱਡੀ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਵਾਤਾਵਰਣ ਸੰਭਾਲ ਦੇ ਦਿੱਤੇ ਸੱਦੇ 'ਤੇ ਚਲਦਿਆਂ ਟੈਕਸੀ ਚਾਲਕ ਵੱਲੋਂ ਹਰ ਸਵਾਰੀ ਨੂੰ ਇਕ ਰੁੱਖ ਵੀ ਭੇਂਟ ਕੀਤਾ ਜਾਵੇਗਾ।
ਟੂਰ ਦੇ ਪੈਕੇਜ ਮੁਤਾਬਕ ਇਹ ਸਫਰ ਚੰਡੀਗੜ• ਤੋਂ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਜਾਂ ਫਿਰ ਚੰਡੀਗੜ• ਤੋਂ ਡੇਰਾ ਬਾਬਾ ਨਾਨਕ ਸਥਿਤ ਕਰਤਾਰਪੁਰ ਲਾਂਘੇ ਤੱਕ ਸਫਰ ਕੀਤਾ ਜਾ ਸਕਦਾ ਹੈ। ਦੋਵੇਂ ਪੈਕੇਜਾਂ ਵਿਚ ਵਾਪਸੀ ਉਸੇ ਦਿਨ ਦੀ ਰੱਖੀ ਗਈ ਹੈ।